ਲੇਹ 12 ਨਵੰਬਰ ,ਬੋਲੇ ਪੰਜਾਬ ਬਿਊਰੋ;
ਲੱਦਾਖ ਪ੍ਰਸ਼ਾਸਨ ਨੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ‘ਤੇ ਪਾਬੰਦੀਆਂ ਲਗਾਉਂਦਿਆਂ ਉਨ੍ਹਾਂ ਨੂੰ 60 ਦਿਨਾਂ ਤੱਕ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਹੋਣ, ਕੋਈ ਅਣਅਧਿਕਾਰਤ ਰੈਲੀ, ਜਲੂਸ ਜਾਂ ਜਨਤਕ ਇਕੱਠ ਆਯੋਜਿਤ ਕਰਨ ਜਾਂ ਉਸ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਹੈ।
ਜ਼ਿਲ੍ਹਾ ਮੈਜਿਸਟ੍ਰੇਟ, ਲੇਹ ਦੇ ਦਫ਼ਤਰ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਐੱਸ ਐੱਸ ਪੀ, ਲੇਹ ਨੇ ਉਨ੍ਹਾਂ ਦੀਆਂ “ਪਿਛਲੀਆਂ ਗਤੀਵਿਧੀਆਂ ਅਤੇ ਆਮ ਲੋਕਾਂ ਨੂੰ ਲਾਮਬੰਦ ਕਰਨ ਤੇ ਭੜਕਾਉਣ ਦੀਆਂ ਕਥਿਤ ਕੋਸ਼ਿਸ਼ਾਂ” ਦੇ ਆਧਾਰ ‘ਤੇ ਇਹ ਪਾਬੰਦੀਆਂ ਲਾਉਣ ਦੀ ਮੰਗ ਕੀਤੀ ਸੀ। ਹੁਕਮਾਂ ਵਿੱਚ ਖ਼ਦਸ਼ਾ ਜਤਾਇਆ ਗਿਆ ਹੈ ਕਿ ਉਨ੍ਹਾਂ ਦੇ ਭਵਿੱਖ ਦੇ ਪ੍ਰੋਗਰਾਮ, ਪ੍ਰਦਰਸ਼ਨ, ਭੁੱਖ ਹੜਤਾਲਾਂ ਅਤੇ ਜਨਤਕ ਇਕੱਠ ਲੇਹ ਜ਼ਿਲ੍ਹੇ ਦੀ ਸ਼ਾਂਤੀ ਨੂੰ ਮੁੜ ਭੰਗ ਕਰ ਸਕਦੇ ਹਨ।ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (KDA) ਦੇ ਸਹਿ-ਚੇਅਰਮੈਨ ਸੱਜਾਦ ਕਾਰਗਿਲੀ ਨੇ ਆਪਣੇ ਐਕਸ (X) ਖਾਤੇ ‘ਤੇ ਇਸ ਹੁਕਮ ਦੀ ਕਾਪੀ ਸਾਂਝੀ ਕਰਦਿਆਂ ਲਿਖਿਆ, “ਲੱਦਾਖ ਵਿੱਚ ਲੋਕਤੰਤਰ ਦੀ ਸਥਿਤੀ।”11 ਨਵੰਬਰ ਦੇ ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਜੇਕਰ ਅਜਿਹੀਆਂ ਗਤੀਵਿਧੀਆਂ ਨੂੰ ਨਾ ਰੋਕਿਆ ਗਿਆ, ਤਾਂ ਇਸ ਨਾਲ ਮਿਉਂਸਪਲ ਕਮੇਟੀ, ਪੰਚਾਇਤਾਂ ਤੇ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (LAHDC), ਲੇਹ ਦੀਆਂ ਚੱਲ ਰਹੀਆਂ ਚੋਣ ਪ੍ਰਕਿਰਿਆਵਾਂ ‘ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਅਮਨ-ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ। ਹੁਕਮਾਂ ਅਨੁਸਾਰ, ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਰਾਜ ਚੋਣ ਕਮਿਸ਼ਨ ਅਤੇ ਲੱਦਾਖ ਦੇ ਮੁੱਖ ਚੋਣ ਅਧਿਕਾਰੀ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਵਿੱਚ ਪਹਿਲਾਂ ਹੀ ਆਦਰਸ਼ ਚੋਣ ਜ਼ਾਬਤਾ (Model Code of Conduct) ਲਾਗੂ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਰਾਤ ਨੂੰ ਲੱਦਾਖ ਪੁਲੀਸ ਨੇ “ਅਹਿਤਿਆਤੀ” ਕਾਰਵਾਈ ਕਰਦਿਆਂ ਸੋਨਮ ਵਾਂਗਚੁਕ ਨੂੰ ਲੇਹ ਦੇ ਐਨਡੀਐਸ ਮੈਮੋਰੀਅਲ ਪਾਰਕ ਵਿਖੇ ਧਰਨੇ ਵਾਲੀ ਥਾਂ ਤੋਂ ਹਟਾ ਦਿੱਤਾ ਸੀ। ਏਪੈਕਸ ਬਾਡੀ ਨੇ ਵੀਰਵਾਰ ਨੂੰ ਆਪਣਾ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ, ਵਾਂਗਚੁਕ ਅਤੇ ਹੋਰ ਖੇਤਰੀ ਆਗੂਆਂ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਨ ‘ਤੇ ਵਿਆਪਕ ਵਿਰੋਧ ਦੇ ਬਾਵਜੂਦ ਲੱਦਾਖ ਆਟੋਨੋਮਸ ਹਿੱਲ ਡਿਵੈਲਪਮੈਂਟ ਕੌਂਸਲ (LAHDC) ਦੀਆਂ ਚੋਣਾਂ ਕਰਵਾਉਣ ਲਈ “ਰਾਕੇਟ ਦੀ ਰਫ਼ਤਾਰ” ਨਾਲ ਕੰਮ ਕਰਨ ਦਾ ਦੋਸ਼ ਲਾਇਆ ਸੀ।












