ਮੁਬਾਰਿਕਪੁਰ ’ਚ ਦਰਜਨਾਂ ਵਰਕਰਾਂ ਨੇ ‘ਆਪ’ ਛੱਡ ਕੇ ਅਕਾਲੀ ਦਲ ਦਾ ਫੜ੍ਹਿਆ ਪੱਲਾ
ਡੇਰਾਬੱਸੀ 16 ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸੂਬਾ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਸਰਕਾਰ ਲਗਾਤਾਰ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਐਨ.ਕੇ. ਸ਼ਰਮਾ ਨੇੜਲੇ ਕਸਬੇ ਮੁਬਾਰਿਕਪੁਰ ਵਿੱਚ ਆਮ ਆਦਮੀ ਪਾਰਟੀ ਛੱਡ ਕੇ ਆਏ ਪੰਚਾਇਤ ਮੈਂਬਰ ਜਸਵਿੰਦਰ ਕਾਲਾ ਅਤੇ ਉਨ੍ਹਾਂ ਦੇ ਸਾਥੀਆਂ ਦਾ ਅਕਾਲੀ ਦਲ ਵਿੱਚ ਸਵਾਗਤ ਕਰਨ ਤੋਂ ਬਾਅਦ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਜਸਵਿੰਦਰ ਕਾਲਾ ਨੂੰ ਅਕਾਲੀ ਦਲ ਹਲਕਾ ਡੇਰਾਬੱਸੀ ਦਾ ਉਪ ਪ੍ਰਧਾਨ ਅਤੇ ਕੇਸਰ ਸਿੰਘ ਨੂੰ ਯੂਥ ਅਕਾਲੀ ਦਲ ਡੇਰਾਬੱਸੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਪ੍ਰੋਗਰਾਮ ਦੌਰਾਨ ਮੰਗਲ ਸਿੰਘ, ਬਿੰਦਰ ਸਿੰਘ, ਸੋਹਣ ਸਿੰਘ, ਪਲਵਿੰਦਰ ਸਿੰਘ, ਸੂਰਜ ਸਿੰਘ, ਹੈਪੀ ਸਿੰਘ, ਮੇਹਰ ਸਿੰਘ, ਸਰਲੋਚਨ ਸਿੰਘ ਨੇ ਆਮ ਆਦਮੀ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਸਾਬਕਾ ਵਿਧਾਇਕ ਐਨ.ਕੇ. ਸ਼ਰਮਾ ਨੇ ਸਾਰੇ ਵਰਕਰਾਂ ਦਾ ਸਿਰੋਪਾ ਦੇ ਕੇ ਪਾਰਟੀ ਵਿੱਚ ਸਵਾਗਤ ਕੀਤਾ। ਸ਼ਰਮਾ ਨੇ ਪੰਜਾਬ ਸਰਕਾਰ ਤੋਂ ਵਿੱਤੀ ਮਾਮਲਿਆਂ ‘ਤੇ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਅੱਜ ਡੀ.ਏ. ਦੇਣ ਦੇ ਨਾਮ ‘ਤੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਸਰਕਾਰ ਕਰਜ ‘ਤੇ ਵਿਆਜ ਦੇਣ ਲਈ ਆਏ ਦਿਨ ਹੋਰ ਕਰਜ ਲੈ ਰਹੀ ਹੈ। ਚੋਣਾਂ ਤੋਂ ਪਹਿਲਾਂ, ਪੰਜਾਬ ਸਰਕਾਰ ਨੂੰ ਵਿੱਤੀ ਮਾਮਲਿਆਂ ‘ਤੇ ਵ੍ਹਾਈਟ ਪੇਪਰ ਜਾਰੀ ਕਰਕੇ ਦੱਸਣਾ ਚਾਹੀਦਾ ਹੈ ਕਿ 2022 ਤੋਂ ਹੁਣ ਤੱਕ ਕਿੰਨਾ ਕਰਜ ਲਿਆ ਗਿਆ ਹੈ ਅਤੇ ਕਿੰਨਾ ਕਰਜ ਵਾਪਸ ਕੀਤਾ ਗਿਆ ਹੈ।












