ਜ਼ੀਰਕਪੁਰ 19 ਨਵੰਬਰ , ਬੋਲੇ ਪੰਜਾਬ ਬਿਊਰੋ;
ਕੇਂਦਰ ਦੀ ਮੋਦੀ ਸਰਕਾਰ ਵੱਲੋਂ 29 ਲੇਬਰ ਕਾਨੂੰਨਾਂ ਨੂੰ ਤੋੜ ਕੇ ਬਣਾਏ ਗਏ ਚਾਰ ਮਜ਼ਦੂਰ ਵਿਰੋਧੀ ਲੇਬਰ ਕੋਡਜ਼ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਇਨ੍ਹਾਂ ਨੂੰ ਲਾਗੂ ਕਰਨ ਲਈ ਬਣਾਏ ਗਏ ਰੂਲਜ਼ ਦੇ ਵਿਰੋਧ ਵਿੱਚ ਅੱਜ ਪੰਜਾਬ ਏਟਕ (AITUC) ਦੇ ਸੱਦੇ ‘ਤੇ ਨਗਰ ਕੌਂਸਲ ਜ਼ੀਰਕਪੁਰ ਦੇ ਦਫ਼ਤਰ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਰੋਸ ਮੁਜ਼ਾਹਰੇ ਦੀ ਅਗਵਾਈ ਪੰਜਾਬ ਏਟਕ ਦੇ ਵਰਕਿੰਗ ਕਮੇਟੀ ਮੈਂਬਰ ਪ੍ਰਦੀਪ ਸੂਦ ਅਤੇ ਜ਼ੀਰਕਪੁਰ ਦੇ ਪ੍ਰਧਾਨ ਰਵਿੰਦਰਪਾਲ ਸਿੰਘ ਦਫ਼ਤਰੀ ਨੇ ਕੀਤੀ, ਜਦਕਿ ਪੰਜਾਬ ਏਟਕ ਦੇ ਸੂਬਾ ਸਕੱਤਰ ਵਿਨੋਦ ਚੁੱਘ ਇਸ ਪ੍ਰਦਰਸ਼ਨ ਵਿੱਚ ਉਚੇਚੇ ਤੌਰ ‘ਤੇ ਸ਼ਾਮਲ ਹੋਏ।
ਮੁਜ਼ਾਹਰਾਕਾਰੀਆਂ ਨੂੰ ਸੰਬੋਧਨ ਕਰਦਿਆਂ ਪ੍ਰਦੀਪ ਸੂਦ ਅਤੇ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਮਜ਼ਦੂਰ ਵਿਰੋਧੀ ਲੇਬਰ ਕੋਡਜ਼ ਅਤੇ ਇਨ੍ਹਾਂ ਸਬੰਧੀ ਰੂਲਜ਼ ਲਾਗੂ ਕਰਨ ਦੇ ਮਾਮਲੇ ਵਿੱਚ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਫ਼ਰਕ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੱਡੇ ਸਨਅਤਕਾਰਾਂ ਦੀ ਕਠਪੁਤਲੀ ਬਣ ਕੇ ਮਜ਼ਦੂਰਾਂ ਦੇ ਹੱਕ ਖੋਹ ਰਹੀ ਹੈ ਅਤੇ ਉਨ੍ਹਾਂ ਦੀ ਆਰਥਿਕ ਲੁੱਟ ਕਰਨ ਦੀ ਖੁੱਲ੍ਹੀ ਛੁੱਟੀ ਦੇ ਰਹੀ ਹੈ।
ਇਸ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਏਟਕ ਦੇ ਸੂਬਾ ਸਕੱਤਰ ਵਿਨੋਦ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਲਾਜ਼ਮਾਂ ਅਤੇ ਮਜ਼ਦੂਰਾਂ ਪ੍ਰਤੀ ਦੁਸ਼ਮਣਾਂ ਵਾਲਾ ਰਵੱਈਆ ਅਪਣਾ ਰਹੀ ਹੈ। ਹੁਣ ਲੇਬਰ ਕੋਡ ਲਾਗੂ ਕਰਨ ਦੇ ਰਾਹ ਦੀਆਂ ਰੁਕਾਵਟਾਂ ਦੂਰ ਕਰਦਿਆਂ ਨਵੇਂ ਰੂਲ ਬਣਾ ਕੇ ਸਰਕਾਰ ਨੇ ਮਿਹਨਤਕਸ਼ ਵਰਗ ਨਾਲ ਇੱਕ ਹੋਰ ਵੱਡਾ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਲੇਬਰ ਕਾਨੂੰਨਾਂ ਤੋਂ ਮੁਕਤੀ ਚਾਹੁੰਦੇ ਸਨ ਅਤੇ ਮਾਨ ਸਰਕਾਰ ਨੇ ਉਨ੍ਹਾਂ ਦੇ ਸਾਹਮਣੇ ਨਤਮਸਤਕ ਹੋ ਕੇ ਆਪਣੀ ਡਿਊਟੀ ਨਿਭਾਈ ਹੈ। ਚੁੱਘ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੌਰਾਨ ਸੂਬੇ ਦੇ ਮੁਲਾਜ਼ਮ ਅਤੇ ਮਜ਼ਦੂਰ ਇਸ ਸਰਕਾਰ ਖ਼ਿਲਾਫ਼ ਭੁਗਤ ਕੇ ਇਸ ਧੱਕੇਸ਼ਾਹੀ ਦਾ ਪੂਰਾ ਹਿਸਾਬ-ਕਿਤਾਬ ਚੁਕਤਾ ਕਰਨਗੇ।
ਇਸ ਮੌਕੇ ਨਗਰ ਪੰਚਾਇਤ ਵਰਕਰ ਯੂਨੀਅਨ (ਏਟਕ) ਲਾਲੜੂ ਦੇ ਪ੍ਰਧਾਨ ਰਾਜੇਸ਼ ਕੁਮਾਰ, ਜਨਰਲ ਸਕੱਤਰ ਗੁਰਦੀਪ ਸਿੰਘ ਸਮੇਤ
ਸੂਰਜ ਕੁਮਾਰ ਸੈਕਟਰੀ
ਅਨਿਲ ਕੁਮਾਰ ਉਪਧਾਨ
ਪ੍ਰਦੀਪ ਦੀਪੂ ਉਪ ਪ੍ਰਧਾਨ
ਸੰਤਰੇਸ਼ ਕੁਮਾਰ ਉਪ ਪ੍ਰਧਾਨ ਸੁਰੇਸ਼ ਕੁਮਾਰ ਪ੍ਰੋਪਾਗੰਡਾ ਸੈਕਟਰੀ
ਰਕੇਸ਼ ਕੁਮਾਰ ਉੱਪ ਪ੍ਰਧਾਨ
ਰਵੀ ਸੂਦ ਕੈਸੀਅਰ
ਅਮਿਤ ਕੁਮਾਰ ਪ੍ਰੈਸ ਸੈਕਟਰੀ ਅਤੇ ਹੋਰ ਕਈ ਆਗੂਆਂ ਨੇ ਵੀ ਸੰਬੋਧਨ ਕੀਤਾ।












