ਤੇਰੀਆਂ ਉਡੀਕਾਂ ਮਾਰਾਂ, ਕੰਧਾਂ ਉੱਤੇ ਲੀਕਾਂ!

ਸਾਹਿਤ ਪੰਜਾਬ

ਤੇਰੀਆਂ ਉਡੀਕਾਂ ਮਾਰਾਂ, ਕੰਧਾਂ ਉੱਤੇ ਲੀਕਾਂ!

ਭਲੇ ਵੇਲਿਆਂ ਵਿੱਚ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗਾਇਆ ਗੀਤ ਸੀ—“ਅੱਧੀ ਰਾਤੋਂ ਰਾਤ ਲੰਘ ਗਈ…”। ਪਰ ਅੱਜ ਇਹ ਬੋਲ ਪੰਜਾਬ ਦੀ ਸਿਆਸਤ ਵਿੱਚ ਕੁਝ ਹੋਰ ਹੀ ਮਾਅਨੇ ਲੈ ਰਹੇ ਹਨ। ਗੀਤ ਦੀ ਰਾਤ ਲੰਘਦੀ ਸੀ, ਇੱਥੇ ਸਿਆਸੀ ਰਾਤ ਲੰਘਣ ਦਾ ਨਾਂ ਨਹੀਂ ਲੈਂਦੀ। ਉਡੀਕਾਂ ਲੰਮੀਆਂ ਹਨ, ਕੰਧਾਂ ਉੱਤੇ ਲੀਕਾਂ ਪੈ ਰਹੀਆਂ ਹਨ ਤੇ ਸਿਆਸੀ ਵਾਅਦਿਆਂ ਦੀ ਘੜੀ ਸ਼ਾਇਦ ਕਿਸੇ ਹੋਰ ਸਮੇਂ ’ਤੇ ਚੱਲ ਰਹੀ ਹੈ।
ਕਹਾਣੀ ਕਾਨੂੰਨੀ ਨੋਟਿਸ ਤੋਂ ਸ਼ੁਰੂ ਹੋਈ। ਚਰਚਾ ਸੀ ਕਿ ਮੁੱਖ ਮੰਤਰੀ ਦੀ ਪਤਨੀ ਵੱਲੋਂ ਨੋਟਿਸ ਭੇਜਿਆ ਜਾਣਾ ਸੀ। ਪਰ ਸਿਆਸੀ ਕਹਾਣੀ ਨੇ ਅਜਿਹਾ ਮੋੜ ਲਿਆ ਕਿ ਜਿਸ ਨੂੰ ਨੋਟਿਸ ਦੀ ਉਡੀਕ ਸੀ, ਉਸ ਦੀ ਥਾਂ ਮੀਡੀਆ ਨੂੰ ਹੀ ਨੋਟਿਸ ਮਿਲ ਗਿਆ!
ਹੁਣ ਸਵਾਲ ਇਹ ਨਹੀਂ ਕਿ ਨੋਟਿਸ ਕਿਸ ਨੂੰ ਜਾਣਾ ਸੀ। ਸਵਾਲ ਇਹ ਹੈ ਕਿ ਨੋਟਿਸ ਦੀ ਗੱਡੀ ਕਿਹੜੇ ਸਟੇਸ਼ਨ ਉੱਤੇ ਜਾ ਕੇ ਰੁਕ ਗਈ? ਕਿਹੜੇ ਮੋੜ ’ਤੇ ਰਾਹ ਬਦਲਿਆ ਤੇ ਕਿਹੜੀ ਕੁੰਡੀ ਨੇ ਸਿਆਸੀ ਦਰਵਾਜ਼ਾ ਬੰਦ ਕਰ ਦਿੱਤਾ? ਸਿਆਸਤ ਵਿੱਚ ਤੀਰ ਚਲਾਉਣਾ ਸੌਖਾ ਹੈ, ਪਰ ਤੀਰ ਨੂੰ ਨਿਸ਼ਾਨੇ ਉੱਤੇ ਰੋਕ ਕੇ ਰੱਖਣਾ ਔਖਾ। ਕਈ ਵਾਰ ਤੀਰ ਕਮਾਨ ਵਿੱਚੋਂ ਨਿਕਲਦਾ ਕਿਸੇ ਹੋਰ ਵੱਲ ਹੈ ਤੇ ਵਾਪਸ ਆ ਕੇ ਆਪਣੇ ਹੀ ਪੈਰ ਵਿੱਚ ਚੁੱਭ ਜਾਂਦਾ ਹੈ। ਸਿਆਸੀ ਬਿਆਨਬਾਜ਼ੀ ਵਿੱਚ ਸ਼ਬਦਾਂ ਦੇ ਘੋੜੇ ਭਾਵੇਂ ਤੇਜ਼ ਦੌੜਦੇ ਹੋਣ, ਪਰ ਕਾਨੂੰਨ ਦੀ ਦੌੜ ਦਸਤਾਵੇਜ਼ਾਂ ਤੇ ਸਬੂਤਾਂ ਨਾਲ ਹੁੰਦੀ ਹੈ।
ਇਸੇ ਲਈ ਕਾਨੂੰਨ ਨੂੰ ਸਿਆਸੀ ਦਬਾਅ ਦਾ ਹਥਿਆਰ ਬਣਾਉਣ ਤੋਂ ਪਹਿਲਾਂ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਅਦਾਲਤ ਦੇ ਦਰਵਾਜ਼ੇ ਉੱਤੇ ਨਾਅਰੇ ਨਹੀਂ, ਦਸਤਾਵੇਜ਼ ਬੋਲਦੇ ਹਨ; ਦਾਅਵੇ ਨਹੀਂ, ਸਬੂਤ ਬੋਲਦੇ ਹਨ। ਉਧਰ ਜਿਨ੍ਹਾਂ ਨੂੰ ਨੋਟਿਸ ਦੀ ਉਡੀਕ ਦੱਸੀ ਜਾ ਰਹੀ ਸੀ, ਉਹ ਸ਼ਾਇਦ ਕੰਧਾਂ ਉੱਤੇ ਲੀਕਾਂ ਮਾਰਦੇ ਹੋਏ ਪੁੱਛ ਰਹੇ ਹੋਣ ਤੇ ਮੁਹੰਮਦ ਸਦੀਕ ਦਾ ਗੀਤ ਗੂੰਜਦਾ ਹੈ।
“ਕੀਤੇ ਕੌਲ ਕਰਾਰ ਕਾਹਤੋਂ ਭੁੱਲ ਗਈ ਨੀ ਜਿੰਦ ਆਸ਼ਕਾਂ ਦੀ ਤੱਕੜੀ ਚ ਤੁਲ ਗਈ ਨੀਂ!”
ਕੌਲ ਤੇ ਕਰਾਰ ਕਿੱਥੇ ਗਏ? ਨੋਟਿਸ ਕਿੱਥੇ ਗਿਆ? ਤੇ ਤੱਕੜੀ ਵਿੱਚ ਤੁਲ ਕੌਣ ਰਿਹਾ?
ਇਧਰ ਅਮਰਜੋਤ ਦੇ ਗੀਤ ਦਾ ਬੋਲ ਯਾਦ ਆਉਂਦਾ ਹੈ।
“ਜੇਠਾ ਵੇ ਮੁਆਫ਼ ਕਰੀਂ, ਭੁੱਲ ਗਈ ਮੈਂ ਘੁੰਡ ਕੱਢਣਾ…”
ਜਦੋਂ ਕੋਈ ਕਿਸੇ ਦੀ ਚੁੱਕ ਵਿੱਚ ਆ ਕੇ ਕਦਮ ਚੁੱਕਦਾ ਹੈ ਤਾਂ ਪੰਜਾਬੀ ਲੋਕ-ਸਿਆਣਪ ਵੀ ਆਪਣਾ ਫੈਸਲਾ ਸੁਣਾ ਦਿੰਦੀ ਹੈ ਕਿ “ਚੁੱਕੀ ਹੋਈ ਲੰਬੜਾਂ ਦੀ ਥਾਣੇਦਾਰ ਬਰਾਬਰ ਬੋਲੇ।” ਹੁਣ ਹਾਲ ਇਹ ਹੈ ਕਿ ਜਿਨ੍ਹਾਂ ਨੇ ਬੋਲਣਾ ਸੀ, ਉਹ ਚੁੱਪ ਹਨ; ਜਿਨ੍ਹਾਂ ਨੇ ਕਾਰਵਾਈ ਕਰਨੀ ਸੀ, ਉਹ ਉਡੀਕ ਵਿੱਚ ਹਨ ਅਤੇ ਜਿਨ੍ਹਾਂ ਦੇ ਹੱਥਾਂ ਵਿੱਚ ਕਾਨੂੰਨ ਦੀ ਤੱਕੜੀ ਹੋਣੀ ਚਾਹੀਦੀ ਹੈ, ਉਹ ਵੀ ਆਪਣਾ ਵਜ਼ਨ ਤੋਲ ਰਹੇ ਹਨ। ਅਮਰ ਸਿੰਘ ਚਮਕੀਲੇ ਦੇ ਬੋਲ ਯਾਦ ਆਉਂਦੇ ਹਨ।
“ਚੱਕ ਲੋ ਡਰਾਈਵਰੋ…”
ਤੇ ਅਮਰਜੋਤ ਪੁਕਾਰਦੀ ਜਾਪਦੀ ਹੈ!
“ਭੱਜ ਜਾ ਵੇ ਮਿੱਤਰਾ…”
ਉਧਰ ਦੀਦਾਰ ਸੰਧੂ ਵੀ ਸਿਆਸੀ ਦ੍ਰਿਸ਼ ਤੋਂ ਬਾਹਰ ਨਹੀਂ ਰਹਿੰਦਾ, ਉਹ ਕਹਿੰਦਾ ਹੈ;
“ਖੱਟੀ ਖੱਟ ਗਏ ਮੁਰੱਬਿਆਂ ਵਾਲੇ,
ਨੀ ਅਸੀਂ ਰਹਿ ਗਏ ਭਾਅ ਪੁੱਛਦੇ।”
ਸਿਆਸਤ ਦੇ ਵੱਡੇ ਖਿਡਾਰੀ ਆਪਣੀਆਂ ਖੱਟੀਆਂ ਖੱਟ ਰਹੇ ਹਨ, ਲੋਕ ਅਜੇ ਵੀ ਆਪਣੇ ਹਿੱਸੇ ਦਾ ਭਾਅ ਪੁੱਛ ਰਹੇ ਹਨ। ਹਾਲਾਤ ਅਜਿਹੇ ਹਨ ਕਿ ਅਮਰਜੋਤ ਵਾਲੀ “ਟਰੱਕਾਂ ਦੇ ਵਿੱਚ ਫੀਅਟ” ਵੀ ਯਾਦ ਆ ਜਾਂਦੀ ਹੈ।ਵੱਡੀਆਂ ਸਿਆਸੀ ਗੱਡੀਆਂ ਦੇ ਵਿਚਕਾਰ ਛੋਟੇ-ਛੋਟੇ ਫੈਸਲੇ ਕਿਤੇ ਅੜ ਨਾ ਜਾਣ! ਕਿਤੇ ਵੱਡੀਆਂ ਗੱਡੀਆਂ ਦੀ ਚਮਕ ਵਿੱਚ ਲੋਕਾਂ ਦੇ ਮਸਲੇ ਹੀ ਨਾ ਗੁੰਮ ਹੋ ਜਾਣ। ਹੁਣ ਅਸਲ ਪੰਗਾ ਇੱਥੇ ਹੈ। ਇੱਕ ਪਾਸੇ ਸਰਕਾਰ ਆਖਦੀ ਹੈ ਕਿ ਡੀਏ ਦੀ ਕਿਸ਼ਤ ਜਲਦੀ ਜਾਰੀ ਕਰ ਦਿੱਤੀ ਜਾਵੇਗੀ। ਦੂਜੇ ਪਾਸੇ ਸਰਕਾਰੀ ਖ਼ਰਚੇ, ਕਰਜ਼ੇ ਅਤੇ ਆਮਦਨ ਦੇ ਸਵਾਲ ਸਰਕਾਰ ਦਾ ਪਿੱਛਾ ਨਹੀਂ ਛੱਡ ਰਹੇ। ਕਰਜ਼ੇ ਦਾ ਬੋਝ ਸਿਰ ਉੱਤੇ ਹੈ, ਮੁਲਾਜ਼ਮਾਂ ਦੀਆਂ ਮੰਗਾਂ ਸਾਹਮਣੇ ਹਨ, ਕਿਸਾਨ ਸੜਕ ਉੱਤੇ ਆਉਣ ਦੀ ਤਿਆਰੀ ਵਿੱਚ ਹਨ ਅਤੇ ਸਰਕਾਰ ਵਿੱਤੀ ਤੰਗੀ ਵਿੱਚ ਨਵੇਂ ਰਾਹ ਲੱਭ ਰਹੀ ਹੈ। ਸਰਕਾਰ ਦੇ ਇੱਕ ਪਾਸੇ ਵਾਅਦਿਆਂ ਦੀ ਪੰਡ ਹੈ, ਦੂਜੇ ਪਾਸੇ ਮੰਗਾਂ ਦੀ ਲੰਮੀ ਕਤਾਰ। ਵਿਚਕਾਰ ਖੜ੍ਹੀ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਪਹਿਲਾਂ ਕਿਸ ਦੀ ਸੁਣੇ ਤੇ ਕਿਸ ਨੂੰ ਹੋਰ ਉਡੀਕ ਕਰਵਾਏ। ਇਧਰ ਕੁੰਡੀਆਂ ਦੇ ਸਿੰਙ ਫਸ ਗਏ, ਉਧਰ ਸਰਕਾਰ ਦੀ ਨੀਂਦ ਖੁੱਲ੍ਹਣ ਦਾ ਨਾਂ ਨਹੀਂ ਲੈਂਦੀ। ਹੁਣ ਸਵਾਲ ਨੋਟਿਸ ਦਾ ਨਹੀਂ ਰਹਿ ਗਿਆ।ਸਵਾਲ ਇਹ ਹੈ ਕਿ ਪੰਜਾਬ ਦੀ ਸਰਕਾਰ ਲੋਕਾਂ ਦੇ ਸਵਾਲਾਂ ਦਾ ਨੋਟਿਸ ਕਦੋਂ ਲਵੇਗੀ? ਮੁਲਾਜ਼ਮ ਡੀਏ ਦੀ ਉਡੀਕ ਵਿੱਚ ਸੰਘਰਸ਼ ਵਿੱਢਣ ਲਈ ਮਜਬੂਰ ਹਨ! ਕਿਸਾਨ ਆਪਣੇ ਹੱਕਾਂ ਦੀ ਉਡੀਕ ਵਿੱਚ ਹਨ। ਜਨਤਾ ਵਾਅਦਿਆਂ ਦੇ ਨਤੀਜਿਆਂ ਦੀ ਉਡੀਕ ਵਿੱਚ ਬੈਠੀ ਹੈ। ਤੇ ਸਿਆਸਤਦਾਨ,ਅਗਲੇ ਬਿਆਨ ਦੀ ਉਡੀਕ ਵਿੱਚ! ਲੋਕ ਚੰਗੇ ਦਿਨਾਂ ਦੀ ਉਮੀਦ ਵਿੱਚ ਬੈਠੇ ਉਡੀਕ ਰਹੇ ਹਨ।ਕੰਧਾਂ ਉੱਤੇ ਲੀਕਾਂ ਪੈਂਦੀਆਂ ਰਹਿਣ, ਉਡੀਕਾਂ ਲੰਮੀਆਂ ਹੁੰਦੀਆਂ ਰਹਿਣ ਪਰ ਲੋਕਾਂ ਦੇ ਸਬਰ ਦੀ ਵੀ ਇੱਕ ਹੱਦ ਹੁੰਦੀ ਹੈ। ਹੁਣ ਕਿਹੜੀ ਕੁੰਡੀ ਪਹਿਲਾਂ ਖੁੱਲ੍ਹੇਗੀ, ਕਿਹੜਾ ਸਿੰਙ ਪਹਿਲਾਂ ਟੁੱਟੇਗਾ, ਕਿਹੜਾ ਵਾਅਦਾ ਪਹਿਲਾਂ ਯਾਦ ਆਵੇਗਾ? ਇਹ ਤਾਂ ਦੁਨੀਆਂ ਦਾ ਸੱਚਾ ਪਾਤਸ਼ਾਹ ਵਾਹਿਗੁਰੂ ਹੀ ਜਾਣੇ! ਪਰ ਇਸ ਸਮੇਂ ਪੰਜਾਬ ਸਰਕਾਰ ਦੀ ਦੰਦਾਂ ਹੇਠ ਜੀਭ ਆਈ ਹੋਈ ਹੈ। ਬੋਲਣਾ ਵੀ ਔਖਾ, ਚੁੱਪ ਰਹਿਣਾ ਵੀ ਔਖਾ। ਹਰ ਪਾਸੇ ਸਵਾਲ ਹਨ, ਹਰ ਸਵਾਲ ਪਿੱਛੇ ਉਡੀਕ ਹੈ ਤੇ ਹਰ ਉਡੀਕ ਪਿੱਛੇ ਲੋਕਾਂ ਦਾ ਉਹ ਸਬਰ ਹੈ, ਜਿਸ ਨੂੰ ਸਰਕਾਰ ਸ਼ਾਇਦ ਅਜੇ ਵੀ ਬੇਅੰਤ ਸਮਝ ਰਹੀ ਹੈ। ਉਡੀਕਾਂ ਦੀਆਂ ਕੰਧਾਂ ਉੱਚੀਆਂ ਹੋ ਸਕਦੀਆਂ ਹਨ, ਪਰ ਲੋਕਾਂ ਦੇ ਸਵਾਲ ਕੰਧਾਂ ਟੱਪਣਾ ਜਾਣਦੇ ਹਨ!
++++
ਬੁੱਧ ਸਿੰਘ ਨੀਲੋਂ
9464370823

Latest News

Latest News