ਸਾਰੇ ਧਰਮਾਂ ਦੇ ਲੋਕਾਂ ਨੇ ਮਿਲਜੁਲ ਕੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਭਾਈਚਾਰੇ ਅਤੇ ਏਕਤਾ ਦੀ ਪੇਸ਼ ਕੀਤੀ ਮਿਸਾਲ : ਪਰਮਜੀਤ ਸਿੰਘ ਪੰਮਾ
ਨਵੀਂ ਦਿੱਲੀ 24 ਨਵੰਬਰ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):
ਸਦਰ ਬਾਜ਼ਾਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਦਰ ਬਾਜ਼ਾਰ ਬਾਰੀ ਮਾਰਕੀਟ ਟਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਦੀ ਅਗਵਾਈ ਹੇਠ ਕੁਤਬ ਰੋਡ ਵਿਖੇ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਦੌਰਾਨ ਸਮੂਹ ਵਿਸ਼ਵ ਵਿੱਚ ਸ਼ਾਂਤੀ, ਮਨੁੱਖਤਾ ਦੀ ਭਲਾਈ ਅਤੇ ਆਪਸੀ ਭਾਈਚਾਰਾ ਕਾਇਮ ਰਹਿਣ ਲਈ ਵਿਸ਼ੇਸ਼ ਅਰਦਾਸ ਕੀਤੀ ਗਈ। ਇਸ ਮੌਕੇ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਅੱਜ ਦੁਨੀਆ ਜੰਗਾਂ, ਨਫ਼ਰਤ, ਆਰਥਿਕ ਸੰਕਟ ਅਤੇ ਸਮਾਜਿਕ ਵੰਡ ਦਾ ਸਾਹਮਣਾ ਕਰ ਰਹੀ ਹੈ। ਅਜਿਹੇ ਸਮੇਂ ਗੁਰੂ ਸਾਹਿਬ ਦਾ ਸਰਬਸਾਂਝੀਵਾਲਤਾ, ਬਰਾਬਰਤਾ ਅਤੇ ਸੇਵਾ ਦਾ ਸੰਦੇਸ਼ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ। ਜੇਕਰ ਮਨੁੱਖਤਾ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੇ ਸਿਧਾਂਤ ਨੂੰ ਅਪਣਾ ਲਵੇ ਤਾਂ ਸਮਾਜ ਵਿੱਚੋਂ ਨਫ਼ਰਤ ਅਤੇ ਭੇਦਭਾਵ ਖ਼ਤਮ ਕਰਕੇ ਪਿਆਰ ਤੇ ਸਾਂਝ ਦੀ ਭਾਵਨਾ ਪੈਦਾ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਅਰਦਾਸ ਹੈ ਕਿ ਦੁਨੀਆ ਵਿੱਚ ਜੰਗਾਂ ਖ਼ਤਮ ਹੋਣ, ਸਾਰੇ ਧਰਮਾਂ ਦੇ ਲੋਕ ਇੱਕ-ਦੂਜੇ ਦਾ ਸਤਿਕਾਰ ਕਰਨ ਅਤੇ ਕੋਈ ਵੀ ਵਿਅਕਤੀ ਭੁੱਖਾ ਨਾ ਸੌਵੇ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਿਸੇ ਇੱਕ ਧਰਮ ਜਾਂ ਵਰਗ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਹੈ। ਸਮਾਗਮ ਵਿੱਚ ਦਿੱਲੀ ਵਪਾਰ ਮਹਾਸੰਘ ਦੇ ਪ੍ਰਧਾਨ ਦੇਵਰਾਜ ਬਬੇਜਾ, ਫੈਡਰੇਸ਼ਨ ਆਫ ਸਦਰ ਬਾਜ਼ਾਰ ਟਰੇਡ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਯਾਦਵ, ਕਾਰਜਕਾਰੀ ਪ੍ਰਧਾਨ ਚੌਧਰੀ ਯੁਗਿੰਦਰ ਸਿੰਘ, ਜਨਰਲ ਸਕੱਤਰ ਰਜਿੰਦਰ ਸ਼ਰਮਾ, ਵਪਾਰੀ ਆਗੂ ਨਰਿੰਦਰ ਗੁਪਤਾ, ਡਾ. ਚੰਦਰ ਪ੍ਰਕਾਸ਼ ਧਵਨ, ਵੀਰਿੰਦਰ ਆਰੀਆ, ਕੁਲਦੀਪ ਸਿੰਘ, ਦੀਪਕ ਨਿੰਭਲ, ਸ਼ੇਖਰ ਕਟਾਰੀਆ ਅਤੇ ਅਭੈ ਸਬਰਵਾਲ ਸਮੇਤ ਹੋਰ ਪਤਵੰਤੇ ਮੌਜੂਦ ਸਨ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਲੰਗਰ ਛਕਿਆ। ਖ਼ਾਸ ਗੱਲ ਇਹ ਰਹੀ ਕਿ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਮਿਲਜੁਲ ਕੇ ਗੁਰਪੁਰਬ ਮਨਾਇਆ ਅਤੇ ਆਪਸੀ ਏਕਤਾ, ਸਦਭਾਵਨਾ ਤੇ ਭਾਈਚਾਰੇ ਦਾ ਸੁਨੇਹਾ ਦਿੱਤਾ।












