ਸੁਪਰਵਾਈਜ਼ਰਾਂ ਦੀ ਭਰਤੀ ਇੱਕ ਹਫ਼ਤੇ ਵਿੱਚ ਕਰਨ ਦਾ ਮੰਤਰੀ ਨੇ ਦਿੱਤਾ ਭਰੋਸਾ, ਮੁੱਖ ਮੰਤਰੀ ਨਾਲ ਵੀ ਕਰਵਾਈ ਜਾਵੇਗੀ ਮੀਟਿੰਗ: ਹਰਗੋਬਿੰਦ ਕੌਰ
ਚੰਡੀਗੜ੍ਹ, 25 ਨਵੰਬਰ,ਬੋਲੇ ਪੰਜਾਬ ਬਿਉਰੋ:
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਇੱਕ ਵਫ਼ਦ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕਰਨ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਸਪਲਾਈ ਕੀਤੇ ਜਾ ਰਹੇ ਘਟੀਆ ਕੁਆਲਟੀ ਦੇ ਰਾਸ਼ਨ ਦੀ ਸਪਲਾਈ ਬੰਦ ਕਰਨ ਦੇ ਮੁੱਦੇ ਮੁੱਖ ਤੌਰ ’ਤੇ ਉਠਾਏ ਗਏ।
ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਪਿਛਲੇ ਲਗਭਗ ਦਸ ਸਾਲਾਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਬਿਠਾਏ ਜਾ ਰਹੇ ਤਿੰਨ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਵਾਪਸ ਆਂਗਣਵਾੜੀ ਕੇਂਦਰਾਂ ਵਿੱਚ ਭੇਜਿਆ ਜਾਵੇ ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ।
ਜਥੇਬੰਦੀ ਨੇ ਇਹ ਵੀ ਮੰਗ ਕੀਤੀ ਕਿ ਪਿਛਲੇ ਲਗਭਗ ਦਸ ਸਾਲਾਂ ਤੋਂ ਐਨਜੀਓਜ਼ ਨੂੰ ਦਿੱਤੇ ਗਏ ਬਲਾਕਾਂ ਸਬੰਧੀ ਜਾਰੀ ਨੋਟੀਫਿਕੇਸ਼ਨ ਤੁਰੰਤ ਲਾਗੂ ਕੀਤਾ ਜਾਵੇ। ਆਂਗਣਵਾੜੀ ਹੈਲਪਰਾਂ ਤੋਂ ਵਰਕਰ ਬਣਨ ਲਈ ਪਲੱਸ ਟੂ ਦੀ ਰੱਖੀ ਗਈ ਯੋਗਤਾ ਦੀ ਸ਼ਰਤ ਹਟਾਈ ਜਾਵੇ ਅਤੇ ਜਦੋਂ ਤੱਕ ਮੈਟ੍ਰਿਕ ਪਾਸ ਹੈਲਪਰਾਂ ਵਿਭਾਗ ਵਿੱਚ ਕੰਮ ਕਰ ਰਹੀਆਂ ਹਨ, ਉਨ੍ਹਾਂ ਨੂੰ ਮੈਟ੍ਰਿਕ ਯੋਗਤਾ ਦੇ ਆਧਾਰ ’ਤੇ ਤਰੱਕੀ ਦਿੱਤੀ ਜਾਵੇ। ਹਰਗੋਬਿੰਦ ਕੌਰ ਨੇ ਸਵਾਲ ਕੀਤਾ ਕਿ ਜੇਕਰ ਮੈਟ੍ਰਿਕ ਪਾਸ ਵਰਕਰ ਸੁਪਰਵਾਈਜ਼ਰ ਬਣ ਸਕਦੀ ਹੈ ਤਾਂ ਮੈਟ੍ਰਿਕ ਪਾਸ ਹੈਲਪਰ ਵਰਕਰ ਕਿਉਂ ਨਹੀਂ ਬਣ ਸਕਦੀ?
ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਵਿੱਚੋਂ ਸੁਪਰਵਾਈਜ਼ਰਾਂ ਦੀ ਖਾਲੀ ਪਈਆਂ ਅਸਾਮੀਆਂ ਦੀ ਭਰਤੀ ਤੁਰੰਤ ਕਰਨ ਅਤੇ ਐਕਸ-ਗ੍ਰੇਸ਼ੀਆ ਗ੍ਰਾਂਟ ਵਰਕਰ ਲਈ ਤਿੰਨ ਲੱਖ ਰੁਪਏ ਅਤੇ ਹੈਲਪਰ ਲਈ ਦੋ ਲੱਖ ਰੁਪਏ ਕਰਨ ਦੀ ਮੰਗ ਵੀ ਰੱਖੀ ਗਈ।
ਮੀਟਿੰਗ ਦੌਰਾਨ ਮਾਣ ਭੱਤੇ ਦੇ ਮੁੱਦੇ ’ਤੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰਕਾਰ ਮਾਣ ਭੱਤਾ ਦੁੱਗਣਾ ਤਾਂ ਨਹੀਂ ਕਰ ਰਹੀ, ਪਰ ਪਿਛਲੀ ਸਰਕਾਰ ਵੱਲੋਂ ਦਿੱਤੇ ਗਏ 500 ਰੁਪਏ ਦੇ ਇੰਕਰੀਮੈਂਟ ਨੂੰ ਵਧਾ ਕੇ 1000 ਰੁਪਏ ਕੀਤਾ ਜਾਵੇਗਾ। ਇਸ ’ਤੇ ਹਰਗੋਬਿੰਦ ਕੌਰ ਨੇ ਸਪੱਸ਼ਟ ਕਿਹਾ ਕਿ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਇਹ ਇੰਕਰੀਮੈਂਟ ਤਾਂ ਪਹਿਲਾਂ ਹੀ ਪਿਛਲੀ ਸਰਕਾਰ ਵੱਲੋਂ ਦਿੱਤਾ ਗਿਆ ਸੀ। ਹੁਣ ਇਸ ਨੂੰ 500 ਰੁਪਏ ਹੋਰ ਵਧਾਉਣ ਨਾਲ ਮੌਜੂਦਾ ਸਰਕਾਰ ਦਾ ਕੋਈ ਵਿਸ਼ੇਸ਼ ਯੋਗਦਾਨ ਨਹੀਂ ਹੋਵੇਗਾ। ਸਰਕਾਰ ਆਪਣੇ ਵੱਲੋਂ ਵੀ ਮਾਣ ਭੱਤੇ ਵਿੱਚ ਵਾਧਾ ਕਰੇ ਅਤੇ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਮਾਣ ਭੱਤਾ ਦੁੱਗਣਾ ਕਰਨ ਦਾ ਵਾਅਦਾ ਪੂਰਾ ਕਰੇ।
ਸੁਪਰਵਾਈਜ਼ਰਾਂ ਦੀ ਭਰਤੀ ਸਬੰਧੀ ਮੰਤਰੀ ਨੇ ਭਰੋਸਾ ਦਿੱਤਾ ਕਿ ਇਹ ਭਰਤੀ ਇੱਕ ਹਫ਼ਤੇ ਦੇ ਅੰਦਰ-ਅੰਦਰ ਕਰ ਦਿੱਤੀ ਜਾਵੇਗੀ। ਐਨਜੀਓ ਬਲਾਕਾਂ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਸਬੰਧੀ ਗੱਲਬਾਤ ਚੱਲ ਰਹੀ ਹੋਣ ਬਾਰੇ ਦੱਸਿਆ ਗਿਆ। ਆਂਗਣਵਾੜੀ ਕੇਂਦਰਾਂ ਵਿੱਚ ਆ ਰਹੇ ਘਟੀਆ ਰਾਸ਼ਨ ਦੇ ਮੁੱਦੇ ’ਤੇ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਰਾਸ਼ਨ ਦੀ ਗੁਣਵੱਤਾ ਦੀ ਜਾਂਚ ਕੀਤੀ ਜਾ ਰਹੀ ਹੈ।
ਮੰਤਰੀ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਜਥੇਬੰਦੀ ਦੀ ਮੀਟਿੰਗ ਕਰਵਾਈ ਜਾਵੇਗੀ ਤਾਂ ਜੋ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਵਾਧੇ ਦੇ ਮਸਲੇ ਦਾ ਹੱਲ ਕੱਢਿਆ ਜਾ ਸਕੇ।
ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਬੱਚਿਆਂ ਅਤੇ ਔਰਤਾਂ ਦੀ ਸੇਵਾ ਕਰ ਰਹੀਆਂ ਹਨ। ਸਰਕਾਰ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਪਾਉਂਦਿਆਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਚਾਹੀਦਾ ਹੈ।
ਇਸ ਮੀਟਿੰਗ ਵਿੱਚ ਵਿਭਾਗ ਵੱਲੋਂ ਡਾ. ਸ਼ੈਨਾ ਅਗਰਵਾਲ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਪੁੱਲਰ ਅਤੇ ਡਿਪਟੀ ਡਾਇਰੈਕਟਰ ਸੁਮਨਦੀਪ ਕੌਰ ਤੇ ਕਲਵਿੰਦਰ ਸਿੰਘ ਹਾਜ਼ਰ ਸਨ।
ਜਥੇਬੰਦੀ ਦੇ ਵਫ਼ਦ ਵਿੱਚ ਜਨਰਲ ਸਕੱਤਰ ਗੁਰਮੀਤ ਕੌਰ, ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ, ਜਨਰਲ ਸਕੱਤਰ ਸਤਵੰਤ ਕੌਰ ਅਤੇ ਜ਼ਿਲ੍ਹਾ ਪ੍ਰਧਾਨ ਮੁਹਾਲੀ ਮਨਜੀਤ ਕੌਰ ਸ਼ਾਮਲ ਸਨ।












