ਲੋਨ ਦਿਵਾਉਣ ਦੇ ਨਾਂ ‘ਤੇ ਕਰੋੜਾਂ ਰੁਪਏ ਠੱਗਣ ਦੇ ਦੋਸ਼
ਚੰਡੀਗੜ੍ਹ, 26 ਨਵੰਬਰ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਦੇਖਣ ‘ਚ ਇਹ ਆਇਆ ਹੈ ਕਿ ਕੁਝ ਲੋਕ ਬੈਂਕ ‘ਚ ਜਾਅਲੀ ਕਾਗਜ਼ ਜਮ੍ਹਾਂ ਕਰਵਾ ਕੇ ਲੋਨ ਲੈ ਕੇ ਬੈਂਕਾਂ ਨੂੰ ਲੱਖਾਂ-ਕਰੋੜਾਂ ਦਾ ਚੂਨਾ ਲਗਾਉਂਦੇ ਹਨ ਪਰ ਹੁਣ ਉਲਟਾ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਚਾਰਟਰਡ ਅਕਾਊਂਟੈਂਟ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੱਖਾਂ-ਲੱਖਾਂ ਦਾ ਲੋਨ ਕਰਵਾ ਕੇ ਨਾ ਸਿਰਫ਼ ਕਰਜ਼ਦਾਰਾਂ ਨੂੰ ਠੱਗ ਰਿਹਾ ਹੈ, ਸਗੋਂ ਬੈਂਕ ਨੂੰ ਵੀ ਧੋਖਾ ਦੇ ਰਿਹਾ ਹੈ।
ਪੀੜਤਾਂ ਅਨੁਸਾਰ ਅਜਿਹੇ ਹੀ ਕੁਝ ਮਾਮਲਿਆਂ ‘ਚ ਚਾਰਟਰਡ ਅਕਾਊਂਟੈਂਟ ਸੰਦੀਪ ਗਰਗ ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਠੱਗੇ ਜਾ ਚੁੱਕੇ ਕਰੀਬ 1 ਦਰਜਨ ਲੋਕਾਂ ਨੇ ਬੈਂਕ ਦੇ ਉੱਚ ਅਧਿਕਾਰੀਆਂ, ਮਨੁੱਖੀ ਅਧਿਕਾਰ ਕਮਿਸ਼ਨ, ਸੂਬੇ ਦੇ ਮੁੱਖ ਮੰਤਰੀ, ਰਾਜਪਾਲ ਅਤੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਅਪੀਲ ਕਰਕੇ ਇਨਸਾਫ਼ ਦੀ ਮੰਗ ਕੀਤੀ ਹੈ।
ਸੁਮਿਤ ਸ਼ਰਮਾ, ਸੇਜਲ, ਜਯੋਤੀ ਕੁਮਾਰੀ, ਪ੍ਰਭਜੋਤ ਸਿੰਘ, ਨਵਨੀਤ ਕੌਰ, ਭੂਮਿਕਾ, ਵਿਸ਼ਵਾਸ਼ ਅਤੇ ਹੋਰਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੰਡੀਗੜ੍ਹ ਸੈਕਟਰ 46 ਸਥਿਤ ਘਰ ਤੋਂ ਦਫ਼ਤਰ ਚਲਾ ਰਹੇ ਚਾਰਟਰਡ ਅਕਾਊਂਟੈਂਟ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਲੋਨ ਲੈਣ ਦੇ ਚਾਹਵਾਨ ਲੋਕਾਂ ਨੂੰ ਸਾਰੇ ਕਾਗਜ਼ ਆਪਣੇ ਪੱਧਰ ‘ਤੇ ਤਿਆਰ ਕਰਕੇ ਇੰਡਸਟਰੀ ਲੋਨ ਬੈਂਕ ਤੋਂ ਬਿਨਾਂ ਕੋਈ ਫੀਸ ਅਦਾ ਕੀਤੇ ਦਿਵਾਉਣ ਦਾ ਲਾਲਚ ਦਿੰਦਾ ਹੈ। ਉਹ ਇਹ ਲੋਨ ਯੂਨੀਅਨ ਬੈਂਕ ਆਫ਼ ਇੰਡੀਆ ਦੇ ਅਧਿਕਾਰੀਆਂ ਦੀ ਮਦਦ ਨਾਲ ਦਿਵਾਉਂਦਾ ਹੈ।
ਪੀੜਤਾਂ ਨੇ ਦੱਸਿਆ ਕਿ ਚਾਰਟਰਡ ਅਕਾਊਂਟੈਂਟ ਦਾ ਲੋਨ ਦਿਵਾਉਣ ਦਾ ਤਰੀਕਾ ਵੀ ਵੱਖਰਾ ਹੀ ਹੈ, ਉਹ ਖੁਦ ਹੀ ਕਰਜ਼ਦਾਰ ਦੇ ਕਾਗਜ਼ ਤਿਆਰ ਕਰਦਾ ਹੈ, ਜਿਸ ‘ਚ ਜੀ.ਐਸ.ਟੀ. ਨੰਬਰ ਲੈ ਕੇ ਦੇਣਾ, ਇੰਡਸਟਰੀ ਲਗਾਉਣ ਲਈ ਮਸ਼ੀਨਰੀ ਦਾ ਇੰਤਜ਼ਾਮ ਕਰਨਾ ਸ਼ਾਮਲ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਦੌਰਾਨ ਨਾ ਤਾਂ ਕਰਜ਼ਦਾਰ ਤੋਂ ਇੱਕ ਵਾਰ ਵੀ ਬੈਂਕ ਅਧਿਕਾਰੀ ਕੋਈ ਜਾਂਚ-ਪੜਤਾਲ ਕਰਦੇ ਹਨ ਅਤੇ ਨਾ ਹੀ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਕਿ ਇੰਡਸਟਰੀ ਕਿੱਥੇ ਲੱਗ ਰਹੀ ਹੈ। ਇੱਕ ਹੋਰ ਗੱਲ ਦੇਖਣ ਵਾਲੀ ਇਹ ਹੈ ਕਿ ਜਿਸ ਦਾ ਲੋਨ ਹੋ ਰਿਹਾ ਹੈ, ਉਸ ਦਾ ਲੋਨ ਕਰਜ਼ਦਾਰ ਦੀ ਨਜ਼ਦੀਕੀ ਸ਼ਾਖਾ ਤੋਂ ਨਾ ਹੋ ਕੇ 30-35 ਕਿਲੋਮੀਟਰ ਦੂਰ ਦੀ ਸ਼ਾਖਾ ਤੋਂ ਹੁੰਦਾ ਹੈ।
ਪੀੜਤਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਸਭ ਦਾ ਇੰਡਸਟਰੀ ਲਗਾਉਣ ਦਾ 30-30 ਲੱਖ ਤੋਂ ਵੱਧ ਦਾ ਲੋਨ ਪਾਸ ਹੋਇਆ ਹੈ, ਬੈਂਕ ਵੱਲੋਂ ਲੋਨ ਦੀ ਰਕਮ ਮਸ਼ੀਨਰੀ ਉਪਲਬਧ ਕਰਵਾਉਣ ਵਾਲੇ ਵੈਂਡਰ ਨੂੰ ਟ੍ਰਾਂਸਫਰ ਹੁੰਦੀ ਹੈ। ਵੈਂਡਰ ਆਪਣੇ ਜੀ.ਐਸ.ਟੀ. ਦੇ ਪੈਸੇ ਕੱਟ ਕੇ ਬਾਕੀ ਪੈਸੇ ਚਾਰਟਰਡ ਅਕਾਊਂਟੈਂਟ ਨੂੰ ਦੇ ਦਿੰਦਾ ਹੈ। ਜੋ ਮਸ਼ੀਨਰੀ ਵੈਂਡਰ ਵੱਲੋਂ ਦਿੱਤੀ ਜਾਂਦੀ ਹੈ, ਉਹ ਇੱਕ ਹੀ ਮਸ਼ੀਨਰੀ ਵਾਰ-ਵਾਰ ਹਰ ਯੂਨਿਟ ‘ਚ ਪੇਂਟ ਕਰਕੇ ਨਵੀਂ ਦਿਖਾ ਕੇ ਲੋਨ ਪਾਸ ਕਰਵਾਇਆ ਜਾਂਦਾ ਹੈ। ਜਦੋਂ ਬੈਂਕ ਵੱਲੋਂ ਕਰਜ਼ਦਾਰ ਨੂੰ ਕਿਸ਼ਤਾਂ ਦੀ ਰਕਮ ਅਦਾ ਕਰਨ ਲਈ ਕਿਹਾ ਜਾਂਦਾ ਹੈ, ਤਦ ਕਰਜ਼ਦਾਰ ਨੂੰ ਹਕੀਕਤ ‘ਚ ਸਮਝ ਆਉਂਦਾ ਹੈ ਕਿ ਉਨ੍ਹਾਂ ਨੂੰ ਲੱਖਾਂ ਦਾ ਚੂਨਾ ਲਗਾਇਆ ਜਾ ਚੁੱਕਾ ਹੈ।
ਪੀੜਤਾਂ ਅਨੁਸਾਰ ਚਾਰਟਰਡ ਅਕਾਊਂਟੈਂਟ ਅਤੇ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਦੇ ਸ਼ਿਕਾਰ ਲੋਕਾਂ ਨੇ ਬੈਂਕ ਦੇ ਉੱਚ ਅਧਿਕਾਰੀਆਂ ਸਾਹਮਣੇ ਆਪਣਾ ਪੱਖ ਰੱਖ ਕੇ ਇਨਸਾਫ਼ ਦੀ ਗੁਹਾਰ ਲਗਾਈ ਤਾਂ ਉੱਥੋਂ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ, ਸਗੋਂ ਉਲਟਾ ਜਲਦੀ ਤੋਂ ਜਲਦੀ ਕਿਸ਼ਤਾਂ ਅਦਾ ਕਰਨ ਲਈ ਕਿਹਾ ਗਿਆ, ਨਹੀਂ ਤਾਂ ਅਦਾਲਤ ‘ਚ ਘਸੀਟਣ ਦੀ ਧਮਕੀ ਦਿੱਤੀ ਗਈ।
ਪੀੜਤ ਸੁਮਿਤ ਸ਼ਰਮਾ ਨੇ ਇਹ ਵੀ ਦੱਸਿਆ ਕਿ ਜਦੋਂ ਬੈਂਕ ਵੱਲੋਂ ਲੋਨ ਅਪਰੂਵ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਕਲਾਇੰਟ ਆਪਣਾ ਲੋਨ ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਬੈਂਕਾਂ ਨੂੰ ਅਦਾ ਵੀ ਕਰ ਰਿਹਾ ਹੈ। ਜਦੋਂ ਉਹ ਅਦਾ ਨਹੀਂ ਕਰ ਪਾਉਂਦਾ ਅਤੇ ਚਾਰਟਰਡ ਅਕਾਊਂਟੈਂਟ ਤੋਂ ਉਹ ਆਪਣੇ ਲੋਨ ਦਾ ਹਿਸਾਬ ਮੰਗਦਾ ਹੈ, ਤਾਂ ਉਸ ਦੇ ਨਾਹ ਕਰਨ ‘ਤੇ ਕਲਾਇੰਟ ਫਿਰ ਸੰਦੀਪ ਗਰਗ ‘ਤੇ ਕਾਰਵਾਈ ਕਰਨ ਲਈ ਕਹਿੰਦੇ ਹਨ।
ਪੀੜਤ ਕਰਜ਼ਦਾਰਾਂ ਨੇ ਲੋਨ ‘ਚ ਦਿੱਤੀ ਗਈ ਮਸ਼ੀਨਰੀ ਦੀ ਸਹੀ ਕੀਮਤ ਬਾਰੇ ਵਿਭਾਗ ਵੱਲੋਂ ਜਾਂਚ ਦੀ ਮੰਗ ਕੀਤੀ ਹੈ । ਜੀ.ਐਸ.ਟੀ. ਵਿਭਾਗ ਨੂੰ ਵੀ ਅਪੀਲ ਕੀਤੀ ਕਿ ਚਾਰਟਰਡ ਅਕਾਊਂਟੈਂਟ ਅਤੇ ਮਸ਼ੀਨ ਦੇ ਵੈਂਡਰ ਦਾ ਜੀ.ਐਸ.ਟੀ. ਰੱਦ ਕੀਤਾ ਜਾਵੇ। ਆਉਣ ਵਾਲੇ ਸਮੇਂ ‘ਚ ਕਿਸੇ ਚਾਰਟਰਡ ਅਕਾਊਂਟੈਂਟ ਦੀ ਵਜ੍ਹਾ ਨਾਲ ਕਿਸੇ ਗਰੀਬ ਨੂੰ ਨਾ ਲੁੱਟਿਆ ਜਾਵੇ, ਇਸ ਲਈ ਦੋਸ਼ੀ ਚਾਰਟਰਡ ਅਕਾਊਂਟੈਂਟ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ ਅਤੇ ਚਾਰਟਰਡ ਅਕਾਊਂਟੈਂਟ ਸੰਦੀਪ ਗਰਗ ਅਤੇ ਮਸ਼ੀਨ ਵੈਂਡਰ ਦੀ 2 ਸਾਲ ਦੀ ਕਾਲ ਹਿਸਟਰੀ ਮੰਗਵਾਈ ਜਾਵੇ ਅਤੇ ਉਨ੍ਹਾਂ ਦੇ ਬੈਂਕ ਦੀ ਟ੍ਰਾਂਜੈਕਸ਼ਨ ਮੰਗਵਾਈ ਜਾਵੇ ਤਾਂ ਜੋ ਉਸ ਸਟੇਟਮੈਂਟ ਤੋਂ ਇਹ ਪਤਾ ਲੱਗੇ ਕਿ ਬੈਂਕ ਤੋਂ ਰਿਲੀਜ਼ ਹੋਇਆ ਪੈਸਾ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਹੈ।
ਉਨ੍ਹਾਂ ਆਈ.ਸੀ.ਏ.ਆਈ. ਤੋਂ ਚਾਰਟਰਡ ਅਕਾਊਂਟੈਂਟ ਦੀ ਮੈਂਬਰਸ਼ਿਪ (ਨੰਬਰ 523163) ਵੀ ਖਤਮ ਕੀਤੇ ਜਾਣ ਦੀ ਮੰਗ ਕੀਤੀ ਹੈ।
ਪੀੜਤਾਂ ਨੇ ਇਸ ਤੋਂ ਆਹਤ ਹੋ ਕੇ ਮਨੁੱਖੀ ਅਧਿਕਾਰ ਕਮਿਸ਼ਨ, ਸੂਬੇ ਦੇ ਮੁੱਖ ਮੰਤਰੀ, ਰਾਜਪਾਲ ਅਤੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਸ ਮਾਮਲੇ ‘ਚ ਦਖਲ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ












