ਡੀਬੀਯੂ ਅਮੈਰੀਕਾਜ਼ ਵੱਲੋਂ ਕੌਮਾਂਤਰੀ ਕਾਨਫਰੰਸ: ਸਿਹਤ ਸੇਵਾਵਾਂ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਵੇਗੀ ਏ ਆਈ

ਪੰਜਾਬ

ਮੰਡੀ ਗੋਬਿੰਦਗੜ੍ਹ, 28 ਨਵੰਬਰ ,ਬੋਲੇ ਪੰਜਾਬ ਬਿਊਰੋ:

ਦੇਸ਼ ਭਗਤ ਯੂਨੀਵਰਸਿਟੀ ਅਮੈਰੀਕਾਜ਼ ਵੱਲੋਂ “ਸਿਹਤ ਸੇਵਾਵਾਂ ਵਿੱਚ ਬਣਾਉਟੀ ਬੁੱਧੀ (ਏ ਆਈ): ਚਿਕਿਤਸਾ ਦੇ ਭਵਿੱਖ ਵਿੱਚ ਤਬਦੀਲੀ” ਵਿਸ਼ੇ ’ਤੇ ਇੱਕ ਕੌਮਾਂਤਰੀ ਕਾਨਫਰੰਸ ਕਰਵਾਈ ਗਈ। ਇਸ ਕਾਨਫਰੰਸ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਉੱਘੇ ਵਿਦਵਾਨਾਂ, ਸਿਹਤ ਮਾਹਿਰਾਂ, ਉਦਯੋਗ ਜਗਤ ਦੇ ਪ੍ਰਤੀਨਿਧੀਆਂ ਅਤੇ ਪਤਵੰਤੇ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇਨਕਲਾਬੀ ਤਬਦੀਲੀ ਲਿਆਉਣ ਲਈ ਬਣਾਉਟੀ ਬੁੱਧੀ ਦੀ ਵਧ ਰਹੀ ਭੂਮਿਕਾ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਸ ਕਾਨਫਰੰਸ ਨੇ ਗਿਆਨ ਦੇ ਆਦਾਨ-ਪ੍ਰਦਾਨ, ਮਾਹਿਰਾਂ ਵਿਚਕਾਰ ਵਿਚਾਰ-ਚਰਚਾ ਅਤੇ ਉੱਭਰ ਰਹੀਆਂ ਡਾਕਟਰੀ ਤਕਨੀਕਾਂ, ਬਣਾਉਟੀ ਬੁੱਧੀ ਆਧਾਰਿਤ ਸਿਹਤ ਸੇਵਾਵਾਂ, ਡਾਕਟਰੀ ਖੋਜ ਅਤੇ ਭਵਿੱਖ ਦੀਆਂ ਆਧੁਨਿਕ, ਸੁਖਾਲੀਆਂ ਅਤੇ ਮਰੀਜ਼-ਕੇਂਦਰਿਤ ਸਿਹਤ ਸੇਵਾਵਾਂ ਬਾਰੇ ਨਵੇਂ ਵਿਚਾਰ ਸਾਂਝੇ ਕਰਨ ਲਈ ਇੱਕ ਕੌਮਾਂਤਰੀ ਮੰਚ ਪ੍ਰਦਾਨ ਕੀਤਾ।

ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਕਾਨਫਰੰਸ ਦੇ ਵਿਸ਼ੇਸ਼ ਮੁੱਖ ਮਹਿਮਾਨਾਂ ਵਿੱਚ ਸ੍ਰੀ ਬਾਲ ਮੁਕੰਦ ਸ਼ਰਮਾ, ਮੁੱਖ ਸਰਪ੍ਰਸਤ, ਪੀਟੀਪੀਸੀ ਅਤੇ ਪੰਜਾਬ ਖੁਰਾਕ ਕਮਿਸ਼ਨ ਦੇ ਸਾਬਕਾ ਚੇਅਰਮੈਨ; ਸ਼੍ਰੀਮਤੀ ਕੰਚਨ ਸ਼ਰਮਾ, ਚੇਅਰਪਰਸਨ, ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ (ਪੀਟੀਪੀਸੀ); ਅਤੇ ਸ੍ਰੀ ਅਮਨਪ੍ਰੀਤ ਸਿੰਘ ਵਿਰਕ, ਸਹਿ-ਸੰਸਥਾਪਕ, ਆਰਐਚਜੀ, ਅਮਰੀਕਾ ਸ਼ਾਮਲ ਸਨ।

ਕਾਨਫਰੰਸ ਵਿੱਚ ਕਈ ਉੱਘੇ ਕੌਮਾਂਤਰੀ ਬੁਲਾਰਿਆਂ ਨੇ ਆਨਲਾਈਨ ਮਾਧਿਅਮ ਰਾਹੀਂ ਸ਼ਮੂਲੀਅਤ ਕੀਤੀ ਅਤੇ ਆਪਣੇ ਕੀਮਤੀ ਵਿਚਾਰ, ਮਾਹਿਰਾਨਾ ਦ੍ਰਿਸ਼ਟੀਕੋਣ ਅਤੇ ਪੇਸ਼ੇਵਰ ਤਜਰਬੇ ਸਾਂਝੇ ਕੀਤੇ। ਇਨ੍ਹਾਂ ਵਿੱਚ ਡਾ. ਅਨਿਲ ਕੋਰਾਪਤੀ, ਆਂਧਰਾ ਪ੍ਰਦੇਸ਼ ਦੇ ਸਾਬਕਾ ਵਧੀਕ ਡਾਇਰੈਕਟਰ; ਯੂਨਾਈਟਿਡ ਕਿੰਗਡਮ ਤੋਂ ਡਾ. ਨਿਕੋਲਸ ਬੀਕਰੌਫਟ; ਫਿਲੀਪੀਨਜ਼ ਤੋਂ ਡਾ. ਸ਼ਵੇਤਾ ਆਰ. ਖੰਨਾ ਅਤੇ ਡਾ. ਡੌਨ ਜੁਆਨ ਓਲੇਸਕਾ; ਪੰਚਕੂਲਾ, ਭਾਰਤ ਤੋਂ ਡਾ. ਮਨੀਲ ਗਰੋਵਰ; ਦੁਬਈ, ਸੰਯੁਕਤ ਅਰਬ ਅਮੀਰਾਤ ਤੋਂ ਡਾ. ਸੁਮਿਤ ਪੁਰੀ; ਇਜ਼ਰਾਈਲ ਤੋਂ ਸ਼ੇ ਗਾਲ; ਡਾ. ਬਾਰਟੋਸ਼ ਵੋਇਸ਼ਚਿਕ, ਰਿਚਰਡ ਰੇਨੇਹਨ, ਮੁੱਖ ਕਾਰਜਕਾਰੀ ਅਧਿਕਾਰੀ, ਰੇਂਕੋ ਕਾਰਪੋਰੇਸ਼ਨ ਅਤੇ ਡਾ. ਜੋਸਫ ਚਾਲਿਲ ਸ਼ਾਮਲ ਸਨ।

ਹੋਰ ਪ੍ਰਮੁੱਖ ਭਾਗੀਦਾਰਾਂ ਵਿੱਚ ਡਾ. ਰਵੀ ਕਾਰਕਾਰਾ, ਜੇਮਜ਼ ਐੱਚ. ਅਤੇ ਰਾਘਵ ਵੋਹਰਾ ਵੀ ਸ਼ਾਮਲ ਸਨ, ਜਿਨ੍ਹਾਂ ਨੇ ਕੌਮਾਂਤਰੀ ਵਿਚਾਰ-ਵਟਾਂਦਰੇ ਵਿੱਚ ਆਪਣਾ ਯੋਗਦਾਨ ਪਾਇਆ।

ਇਨ੍ਹਾਂ ਉੱਘੇ ਬੁਲਾਰਿਆਂ ਦੀ ਸ਼ਮੂਲੀਅਤ ਨਾਲ ਕਾਨਫਰੰਸ ਵਿੱਚ ਸਾਰਥਕ ਵਿਚਾਰ-ਚਰਚਾ, ਮਾਹਿਰਾਂ ਦੇ ਵਿਚਾਰਾਂ ਅਤੇ ਵੱਖ-ਵੱਖ ਦੇਸ਼ਾਂ ਦਰਮਿਆਨ ਗਿਆਨ ਦੇ ਆਦਾਨ-ਪ੍ਰਦਾਨ ਨੂੰ ਹੋਰ ਮਜ਼ਬੂਤੀ ਮਿਲੀ। ਉਨ੍ਹਾਂ ਦੇ ਵਿਚਾਰਾਂ ਨੇ ਸਿਹਤ ਸੇਵਾਵਾਂ ਵਿੱਚ ਬਣਾਉਟੀ ਬੁੱਧੀ ਦੀ ਸਮਰੱਥਾ ਦਾ ਲਾਭ ਉਠਾਉਣ ਅਤੇ ਵਧੇਰੇ ਪ੍ਰਭਾਵਸ਼ਾਲੀ, ਸੁਖਾਲੀ, ਕਿਫ਼ਾਇਤੀ ਤੇ ਮਰੀਜ਼-ਕੇਂਦਰਿਤ ਸਿਹਤ ਪ੍ਰਣਾਲੀ ਸਿਰਜਣ ਲਈ ਕੌਮਾਂਤਰੀ ਸਹਿਯੋਗ, ਤਕਨੀਕੀ ਨਵੀਨਤਾ ਅਤੇ ਵੱਖ-ਵੱਖ ਵਿਸ਼ਿਆਂ ਦੇ ਸਾਂਝੇ ਖੋਜ ਕਾਰਜਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।

ਕਾਨਫਰੰਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਅਕਾਦਮਿਕ ਵਿਭਾਗਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਵਿਚਾਰ-ਵਟਾਂਦਰੇ ਦੌਰਾਨ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਕਿ ਬਣਾਉਟੀ ਬੁੱਧੀ ਕਿਸ ਤਰ੍ਹਾਂ ਬਿਮਾਰੀਆਂ ਦੀ ਸਹੀ ਪਛਾਣ ਕਰਨ, ਡਾਕਟਰੀ ਫ਼ੈਸਲੇ ਲੈਣ ਵਿੱਚ ਸਹਾਇਤਾ ਕਰਨ, ਮਰੀਜ਼ਾਂ ਦੀ ਦੇਖਭਾਲ ਵਿੱਚ ਸੁਧਾਰ ਲਿਆਉਣ, ਸਿਹਤ ਸੇਵਾਵਾਂ ਦੇ ਪ੍ਰਬੰਧ ਨੂੰ ਸੁਚਾਰੂ ਬਣਾਉਣ ਅਤੇ ਡਾਕਟਰੀ ਖੋਜ ਦੇ ਨਵੇਂ ਰਾਹ ਖੋਲ੍ਹਣ ਵਿੱਚ ਸਹਾਇਕ ਹੋ ਸਕਦੀ ਹੈ।

ਬੁਲਾਰਿਆਂ ਨੇ ਵਧੇਰੇ ਪ੍ਰਭਾਵਸ਼ਾਲੀ ਅਤੇ ਸਮਾਵੇਸ਼ੀ ਸਿਹਤ ਪ੍ਰਣਾਲੀ ਦੀ ਸਿਰਜਣਾ ਲਈ ਤਕਨੀਕੀ ਤਰੱਕੀ ਨੂੰ ਮਨੁੱਖੀ ਮੁਹਾਰਤ, ਨੈਤਿਕ ਡਾਕਟਰੀ ਅਮਲਾਂ ਅਤੇ ਮਰੀਜ਼ਾਂ ਪ੍ਰਤੀ ਹਮਦਰਦੀ ਤੇ ਸੰਵੇਦਨਸ਼ੀਲਤਾ ਭਰੀ ਦੇਖਭਾਲ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ।

ਕਾਨਫਰੰਸ ਦੀ ਸਮਾਪਤੀ ਇਸ ਨਵੇਂ ਸੰਕਲਪ ਨਾਲ ਹੋਈ ਕਿ ਬਣਾਉਟੀ ਬੁੱਧੀ ਨੂੰ ਚਿਕਿਤਸਾ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੇ ਇੱਕ ਸ਼ਕਤੀਸ਼ਾਲੀ ਸਾਧਨ ਵਜੋਂ ਅਪਣਾਇਆ ਜਾਵੇ, ਜਿੱਥੇ ਬਿਹਤਰ ਸਿਹਤ ਨਤੀਜਿਆਂ ਲਈ ਆਧੁਨਿਕ ਤਕਨੀਕ ਅਤੇ ਮਨੁੱਖੀ ਮੁਹਾਰਤ ਮਿਲ ਕੇ ਕੰਮ ਕਰਨ।

Latest News

Latest News