ਥਾਲਿ ਵਿੱਚ ਤਿੰਨ ਵਸਤੂ ਪਈਓ — ਸਤੁ, ਸੰਤੋਖੁ, ਵੀਚਾਰੋ!
ਗੁਰੂ ਨਾਨਕ ਸਾਹਿਬ ਦੀ ਬਾਣੀ ਮਨੁੱਖ ਨੂੰ ਥਾਲੀ ਦਾ ਸੁਆਦ ਨਹੀਂ, ਜੀਵਨ ਦਾ ਸਲੀਕਾ ਸਿਖਾਉਂਦੀ ਹੈ। ਪਰ ਅਸੀਂ ਥਾਲੀਆਂ ਸਜਾਉਂਦੇ-ਸਜਾਉਂਦੇ ਵਿਚਾਰਾਂ ਦੀ ਥਾਲੀ ਹੀ ਖਾਲੀ ਕਰ ਬੈਠੇ ਹਾਂ। ਗੁਰੂ ਨਾਨਕ ਸਾਹਿਬ ਦੀ ਇਹ ਪੰਗਤੀ ਮਨੁੱਖੀ ਜੀਵਨ ਦੇ ਤਿੰਨ ਬੁਨਿਆਦੀ ਗੁਣਾਂ ਵੱਲ ਇਸ਼ਾਰਾ ਕਰਦੀ ਹੈ। ਸਤਿ, ਸੰਤੋਖ ਅਤੇ ਵਿਚਾਰ। ਇਹ ਤਿੰਨੇ ਗੁਣ ਮਨੁੱਖ ਦੀ ਸ਼ਖ਼ਸੀਅਤ, ਸਮਾਜਿਕ ਜੀਵਨ ਅਤੇ ਆਤਮਿਕ ਚੇਤਨਾ ਨੂੰ ਸਹੀ ਦਿਸ਼ਾ ਦੇਣ ਵਾਲੇ ਹਨ।
ਪਰ ਸਵਾਲ ਇਹ ਹੈ ਕਿ ਕੀ ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਉਤਾਰਿਆ ਹੈ ਜਾਂ ਉਸ ਨੂੰ ਸਿਰਫ਼ ਧਾਰਮਿਕ ਸਮਾਗਮਾਂ ਦੀ ਸਜਾਵਟ ਬਣਾ ਕੇ ਰੱਖ ਦਿੱਤਾ ਹੈ?
ਸਤਿ ਹੈ, ਸੱਚ ਬੋਲਣ ਅਤੇ ਸੱਚ ਉੱਤੇ ਪਹਿਰਾ ਦੇਣ ਦੀ ਹਿੰਮਤ।
ਸੱਚ ਸਿਰਫ਼ ਬੋਲਣ ਵਾਲੀ ਚੀਜ਼ ਨਹੀਂ, ਸਗੋਂ ਜੀਵਨ ਵਿੱਚ ਧਾਰਨ ਕਰਨ ਵਾਲਾ ਅਸੂਲ ਹੈ। ਜਿਹੜਾ ਮਨੁੱਖ ਆਪਣੇ ਲਾਭ ਲਈ ਸੱਚ ਬਦਲ ਲੈਂਦਾ ਹੈ, ਉਹ ਸੱਚ ਦਾ ਸੇਵਕ ਨਹੀਂ ਹੋ ਸਕਦਾ। ਅੱਜ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰਾਂ ਵਿੱਚ ਸੱਚ ਦੀ ਗੱਲ ਤਾਂ ਬਹੁਤ ਹੁੰਦੀ ਹੈ, ਪਰ ਸੱਚ ਦੇ ਨਾਲ ਖੜ੍ਹਨ ਵੇਲੇ ਬਹੁਤਿਆਂ ਦੀ ਜ਼ੁਬਾਨ ਨੂੰ ਤਾਲੇ ਲੱਗ ਜਾਂਦੇ ਹਨ।
ਸੱਚ ਬੋਲਣ ਵਾਲੇ ਨੂੰ ਕਈ ਵਾਰ ਵਿਰੋਧੀ, ਬਾਗ਼ੀ ਜਾਂ ਨਾਸਤਿਕ ਤੱਕ ਕਹਿ ਦਿੱਤਾ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਜੇ ਸੱਚ ਬੋਲਣਾ ਹੀ ਔਖਾ ਹੋ ਜਾਵੇ ਤਾਂ ਧਰਮ ਦੀ ਸਿੱਖਿਆ ਦਾ ਸਮਾਜ ਨੂੰ ਕੀ ਲਾਭ?
ਸੰਤੋਖ ਹੈ, ਲਾਲਚ ਦੀ ਹੱਦ ਪਛਾਣਨ ਦਾ ਨਾਂ।
ਸੰਤੋਖ ਦਾ ਅਰਥ ਇਹ ਨਹੀਂ ਕਿ ਮਨੁੱਖ ਮਿਹਨਤ ਕਰਨੀ ਛੱਡ ਦੇਵੇ, ਆਪਣੇ ਹੱਕਾਂ ਲਈ ਆਵਾਜ਼ ਨਾ ਉਠਾਵੇ ਜਾਂ ਅਨਿਆਂ ਸਹਿਣ ਕਰਦਾ ਰਹੇ। ਸੰਤੋਖ ਦਾ ਅਰਥ ਹੈ ਕਿ ਮਨੁੱਖ ਆਪਣੀ ਲੋੜ ਅਤੇ ਲਾਲਚ ਵਿਚਲਾ ਫ਼ਰਕ ਸਮਝੇ।
ਅੱਜ ਮਨੁੱਖ ਕੋਲ ਜਿੰਨਾ ਕੁਝ ਹੈ, ਉਸ ਨਾਲੋਂ ਵੱਧ ਹਾਸਲ ਕਰਨ ਦੀ ਦੌੜ ਹੈ। ਕਿਸੇ ਨੂੰ ਧਨ ਦਾ ਲਾਲਚ ਹੈ, ਕਿਸੇ ਨੂੰ ਅਹੁਦੇ ਦਾ, ਕਿਸੇ ਨੂੰ ਸੱਤਾ ਦਾ ਅਤੇ ਕਿਸੇ ਨੂੰ ਧਾਰਮਿਕ ਪ੍ਰਸਿੱਧੀ ਦਾ। ਸੇਵਾ ਦੇ ਨਾਂ ਉੱਤੇ ਸਨਮਾਨਾਂ ਦੀ ਭੁੱਖ ਹੈ। ਧਰਮ ਦੇ ਨਾਂ ਉੱਤੇ ਸੰਸਥਾਵਾਂ ਉੱਤੇ ਕਬਜ਼ੇ ਦੀ ਇੱਛਾ ਹੈ।
ਜਦੋਂ ਸੰਤੋਖ ਦੀ ਥਾਂ ਲਾਲਚ ਬੈਠ ਜਾਂਦਾ ਹੈ ਤਾਂ ਮਨੁੱਖ ਦੀ ਥਾਲੀ ਭਾਵੇਂ ਭਰ ਜਾਂਦੀ ਹੈ, ਪਰ ਮਨ ਖਾਲੀ ਰਹਿ ਜਾਂਦਾ ਹੈ।
ਵਿਚਾਰ ਹੈ, ਅੰਨ੍ਹੇ ਵਿਸ਼ਵਾਸ ਤੋਂ ਮੁਕਤੀ ਦਾ ਰਾਹ।
ਵਿਚਾਰ ਮਨੁੱਖ ਨੂੰ ਸਵਾਲ ਕਰਨਾ ਸਿਖਾਉਂਦਾ ਹੈ। ਸਹੀ ਅਤੇ ਗ਼ਲਤ ਦੀ ਪਛਾਣ ਕਰਨ ਦੀ ਸਮਰੱਥਾ ਦਿੰਦਾ ਹੈ। ਬਿਨਾਂ ਵਿਚਾਰ ਦੇ ਧਰਮ ਰਸਮ ਬਣ ਜਾਂਦਾ ਹੈ, ਰਾਜਨੀਤੀ ਨਿੱਜੀ ਲਾਭ ਦਾ ਸਾਧਨ ਅਤੇ ਸਮਾਜ ਭੀੜ ਵਿੱਚ ਤਬਦੀਲ ਹੋ ਜਾਂਦਾ ਹੈ।
ਅੱਜ ਸਾਡਾ ਵੱਡਾ ਸੰਕਟ ਇਹ ਹੈ ਕਿ ਅਸੀਂ ਸੁਣਨ ਨੂੰ ਤਿਆਰ ਹਾਂ, ਤੇ ਸੋਚਣਾ ਨਹੀਂ। ਅਸੀਂ ਕਿਸੇ ਦੇ ਕਹੇ ਉੱਤੇ ਵਿਸ਼ਵਾਸ ਤਾਂ ਕਰ ਲੈਂਦੇ ਹਾਂ, ਪਰ ਉਸ ਦੀ ਸੱਚਾਈ ਪਰਖਣ ਦੀ ਕੋਸ਼ਿਸ਼ ਨਹੀਂ ਕਰਦੇ।
ਜਿਹੜੇ ਲੋਕ ਸਵਾਲ ਕਰਦੇ ਹਨ, ਉਨ੍ਹਾਂ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਦੋਂਕਿ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਮਨੁੱਖ ਨੂੰ ਵਿਵੇਕਹੀਣ ਬਣਾਉਣ ਦੀ ਨਹੀਂ, ਸਗੋਂ ਸੋਚਣ-ਸਮਝਣ ਵਾਲਾ ਬਣਾਉਣ ਦੀ ਪ੍ਰੇਰਨਾ ਦਿੰਦੀ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਧਰਮ ਦੀ ਥਾਲੀ ਵਿੱਚ ਭੋਜਨ ਵਧਿਆ, ਵਿਚਾਰ ਕਿੱਥੇ ਗਿਆ?
ਸਾਡੇ ਧਾਰਮਿਕ ਅਸਥਾਨਾਂ ਵਿੱਚ ਲੰਗਰ ਦੀ ਪਰੰਪਰਾ ਮਨੁੱਖੀ ਬਰਾਬਰੀ, ਸਾਂਝ ਅਤੇ ਸੇਵਾ ਦਾ ਮਹੱਤਵਪੂਰਨ ਪ੍ਰਤੀਕ ਹੈ। ਲੰਗਰ ਦੀ ਮਹਾਨਤਾ ਕਿਸੇ ਪਕਵਾਨ ਦੀ ਕਿਸਮ ਜਾਂ ਗਿਣਤੀ ਵਿੱਚ ਨਹੀਂ, ਸਗੋਂ ਇਸ ਗੱਲ ਵਿੱਚ ਹੈ ਕਿ ਉੱਥੇ ਮਨੁੱਖ ਨੂੰ ਜਾਤ, ਧਰਮ, ਅਮੀਰੀ-ਗ਼ਰੀਬੀ ਦੇ ਭੇਦ ਤੋਂ ਉੱਪਰ ਉੱਠ ਕੇ ਇੱਕੋ ਪੰਗਤ ਵਿੱਚ ਬਿਠਾਇਆ ਜਾਂਦਾ ਹੈ।
ਪਰ ਅਸੀਂ ਕਈ ਥਾਵਾਂ ਉੱਤੇ ਇਸ ਸੇਵਾ ਨੂੰ ਦਿਖਾਵੇ ਅਤੇ ਮੁਕਾਬਲੇ ਦਾ ਰੂਪ ਦੇਣ ਲੱਗ ਪਏ ਹਾਂ। ਕਿੰਨੇ ਪਕਵਾਨ ਬਣੇ, ਕਿੰਨੇ ਲੋਕਾਂ ਨੂੰ ਛਕਾਇਆ, ਕਿੰਨਾ ਵੱਡਾ ਸਮਾਗਮ ਹੋਇਆ, ਕਿੰਨੀ ਵੱਡੀ ਸਟੇਜ ਸਜਾਈ ਗਈ ਹੈ। ਇਹ ਗੱਲਾਂ ਚਰਚਾ ਦਾ ਕੇਂਦਰ ਬਣ ਜਾਂਦੀਆਂ ਹਨ।
ਲੰਗਰ ਛਕਾਉਣਾ ਗ਼ਲਤ ਨਹੀਂ, ਪਰ ਲੰਗਰ ਦੀ ਭਾਵਨਾ ਨੂੰ ਭੁੱਲ ਕੇ ਭੋਜਨ ਦੇ ਦਿਖਾਵੇ ਨੂੰ ਧਰਮ ਦੀ ਪ੍ਰਾਪਤੀ ਸਮਝਣਾ ਜ਼ਰੂਰ ਵਿਚਾਰਨਯੋਗ ਹੈ। ਜਿਹੜੇ ਲੋਕ ਦਿਨ-ਰਾਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਅਸੀਂ ਕਈ ਵਾਰ ਵਿਹਲੜ ਕਹਿ ਕੇ ਨੀਵਾਂ ਦਿਖਾਉਂਦੇ ਹਾਂ ਅਤੇ ਦੂਜੇ ਪਾਸੇ ਸੇਵਾ ਦੇ ਨਾਂ ਉੱਤੇ ਦਿਖਾਵੇ ਨੂੰ ਮਹਾਨਤਾ ਦਾ ਦਰਜਾ ਦੇ ਦਿੰਦੇ ਹਾਂ। ਇਹ ਦੋਹਰਾ ਮਾਪਦੰਡ ਕਿਉਂ?
ਇਥੇ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਧਰਮ ਅਤੇ ਸਿਆਸਤ ਦਾ ਰਿਸ਼ਤਾ ਕਿਹੋ ਜਿਹਾ ਹੋਵੇ?
ਅੱਜ ਧਰਮ ਅਤੇ ਸਿਆਸਤ ਦੀਆਂ ਸਟੇਜਾਂ ਉੱਤੇ ਭਾਸ਼ਣਾਂ ਦੀ ਕੋਈ ਘਾਟ ਨਹੀਂ। ਧਾਰਮਿਕ ਆਗੂ ਸਿਆਸੀ ਆਗੂਆਂ ਨਾਲ ਬੈਠੇ ਦਿਖਾਈ ਦਿੰਦੇ ਹਨ ਅਤੇ ਸਿਆਸੀ ਆਗੂ ਧਾਰਮਿਕ ਸਮਾਗਮਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਂਦੇ ਹਨ।
ਪਰ ਸਵਾਲ ਇਹ ਨਹੀਂ ਕਿ ਕੌਣ ਕਿਸ ਸਟੇਜ ਉੱਤੇ ਬੈਠਾ ਹੈ। ਸਵਾਲ ਇਹ ਹੈ ਕਿ ਸੱਚ, ਸੰਤੋਖ ਅਤੇ ਵਿਚਾਰ ਦੀ ਸਿੱਖਿਆ ਸਮਾਜਿਕ ਜੀਵਨ ਵਿੱਚ ਕਿੰਨੀ ਲਾਗੂ ਹੋ ਰਹੀ ਹੈ? ਕੀ ਧਾਰਮਿਕ ਸੰਸਥਾਵਾਂ ਸਿੱਖਿਆ, ਸਿਹਤ, ਰੁਜ਼ਗਾਰ, ਨਸ਼ਿਆਂ, ਗ਼ਰੀਬੀ, ਜਾਤ-ਪਾਤ ਅਤੇ ਸਮਾਜਿਕ ਅਨਿਆਂ ਬਾਰੇ ਗੰਭੀਰ ਵਿਚਾਰ-ਵਟਾਂਦਰਾ ਕਰਦੀਆਂ ਹਨ? ਕੀ ਸਿਆਸੀ ਆਗੂਆਂ ਤੋਂ ਜਵਾਬਦੇਹੀ ਮੰਗੀ ਜਾਂਦੀ ਹੈ? ਕੀ ਧਾਰਮਿਕ ਮੰਚਾਂ ਉੱਤੇ ਸੱਚ ਬੋਲਣ ਦੀ ਆਜ਼ਾਦੀ ਹੈ? ਕੀ ਸੇਵਾ ਕਰਨ ਵਾਲੇ ਮਨੁੱਖ ਦੀ ਕਦਰ ਉਸ ਦੇ ਕੰਮ ਨਾਲ ਹੁੰਦੀ ਹੈ ਜਾਂ ਉਸ ਦੀ ਸਿਆਸੀ ਪਹੁੰਚ ਨਾਲ? ਇਹ ਸਵਾਲ ਕਿਸੇ ਇੱਕ ਸੰਸਥਾ ਜਾਂ ਵਿਅਕਤੀ ਦੇ ਵਿਰੁੱਧ ਨਹੀਂ, ਸਗੋਂ ਸਾਡੇ ਸਮੂਹਿਕ ਸਮਾਜਿਕ ਵਿਵੇਕ ਦੇ ਸਾਹਮਣੇ ਰੱਖੇ ਜਾਣੇ ਚਾਹੀਦੇ ਹਨ।
ਗੁਰੂ ਨਾਨਕ ਦੀ ਸਿੱਖਿਆ ਅਤੇ ਸਾਡਾ ਵਰਤਮਾਨ ਕੀ ਹੈ?
ਗੁਰੂ ਨਾਨਕ ਸਾਹਿਬ ਨੇ ਕਿਰਤ, ਨਾਮ ਅਤੇ ਵੰਡ ਛਕਣ ਦੀ ਜੀਵਨ-ਜਾਚ ਦਿੱਤੀ। ਉਨ੍ਹਾਂ ਦੀ ਵਿਚਾਰਧਾਰਾ ਵਿੱਚ ਮਨੁੱਖੀ ਬਰਾਬਰੀ, ਮਿਹਨਤ ਦੀ ਇੱਜ਼ਤ, ਸੱਚਾਈ ਅਤੇ ਸਮਾਜਿਕ ਜਵਾਬਦੇਹੀ ਦਾ ਡੂੰਘਾ ਸੰਦੇਸ਼ ਹੈ।
ਪਰ ਅਸੀਂ ਕਈ ਵਾਰ ਗੁਰੂ ਸਾਹਿਬ ਦੀ ਤਸਵੀਰ ਤਾਂ ਕੰਧ ਉੱਤੇ ਲਾ ਲੈਂਦੇ ਹਾਂ, ਉਨ੍ਹਾਂ ਦੀ ਵਿਚਾਰਧਾਰਾ ਨੂੰ ਜੀਵਨ ਵਿੱਚ ਥਾਂ ਨਹੀਂ ਦਿੰਦੇ।
ਗੁਰੂ ਨਾਨਕ ਸਾਹਿਬ ਦਾ ਨਾਂ ਲੈਣਾ ਸੌਖਾ ਹੈ, ਉਨ੍ਹਾਂ ਦੇ ਵਿਚਾਰਾਂ ਉੱਤੇ ਪਹਿਰਾ ਦੇਣਾ ਔਖਾ ਹੈ। ਉਨ੍ਹਾਂ ਦੀ ਬਾਣੀ ਪੜ੍ਹਨੀ ਸੌਖੀ ਹੈ, ਉਸ ਅਨੁਸਾਰ ਜੀਵਨ ਬਦਲਣਾ ਔਖਾ ਹੈ।
ਅਸੀਂ ਗੁਰਪੁਰਬਾਂ ਉੱਤੇ ਲੱਖਾਂ ਰੁਪਏ ਖ਼ਰਚ ਕਰ ਸਕਦੇ ਹਾਂ, ਪਰ ਕਿਸੇ ਗ਼ਰੀਬ ਬੱਚੇ ਦੀ ਪੜ੍ਹਾਈ, ਕਿਸੇ ਬਿਮਾਰ ਦੀ ਦਵਾਈ ਜਾਂ ਕਿਸੇ ਬੇਰੁਜ਼ਗਾਰ ਦੇ ਰੁਜ਼ਗਾਰ ਲਈ ਸਾਂਝੀ ਜ਼ਿੰਮੇਵਾਰੀ ਲੈਣ ਵੇਲੇ ਪਿੱਛੇ ਹਟ ਜਾਂਦੇ ਹਾਂ। ਇੱਥੇ ਹੀ ਸਾਡੀ ਸੋਚ ਅਤੇ ਸਾਡੇ ਅਮਲ ਵਿਚਲਾ ਪਾੜਾ ਸਾਹਮਣੇ ਆ ਜਾਂਦਾ ਹੈ।
ਆਖ਼ਰ ਵਿੱਚ ਕੁਝ ਸਵਾਲ!
ਕੀ ਧਰਮ ਸਿਰਫ਼ ਰਸਮਾਂ ਨਿਭਾਉਣ ਦਾ ਨਾਂ ਹੈ? ਕੀ ਸੇਵਾ ਸਿਰਫ਼ ਭੋਜਨ ਛਕਾਉਣ ਤੱਕ ਸੀਮਤ ਹੈ? ਕੀ ਸੰਤੋਖ ਦਾ ਅਰਥ ਸਿਰਫ਼ ਦੂਜਿਆਂ ਨੂੰ ਸਬਰ ਦਾ ਉਪਦੇਸ਼ ਦੇਣਾ ਹੈ? ਕੀ ਸੱਚ ਬੋਲਣ ਦੀ ਜ਼ਿੰਮੇਵਾਰੀ ਸਿਰਫ਼ ਦੂਜਿਆਂ ਦੀ ਹੈ? ਕੀ ਵਿਚਾਰ ਕਰਨ ਦਾ ਹੱਕ ਸਿਰਫ਼ ਧਾਰਮਿਕ ਅਤੇ ਸਿਆਸੀ ਆਗੂਆਂ ਕੋਲ ਹੈ? ਇਸ ਤੋਂ ਪਹਿਲਾਂ ਸਾਨੂੰ ਆਪਣੀ ਥਾਲੀ ਵਿੱਚ ਪਏ ਪਦਾਰਥਾਂ ਦੀ ਗਿਣਤੀ ਕਰਨ ਤੋਂ ਪਹਿਲਾਂ ਆਪਣੇ ਅੰਦਰਲੇ ਸੱਚ, ਸੰਤੋਖ ਅਤੇ ਵਿਚਾਰ ਦੀ ਪੜਤਾਲ ਕਰਨੀ ਪਵੇਗੀ।
ਯਾਦ ਰੱਖਣਾ ਚਾਹੀਦਾ ਹੈ ਕਿ ਭੁੱਖੇ ਨੂੰ ਰੋਟੀ ਦੇਣਾ ਸੇਵਾ ਹੈ, ਪਰ ਭੁੱਖ ਦੇ ਕਾਰਨਾਂ ਨੂੰ ਸਮਝਣਾ ਵੀ ਸਮਾਜਿਕ ਜ਼ਿੰਮੇਵਾਰੀ ਹੈ। ਕਿਸੇ ਨੂੰ ਦਾਨ ਦੇਣਾ ਚੰਗਾ ਹੈ, ਪਰ ਉਸ ਨੂੰ ਆਪਣੇ ਪੈਰਾਂ ਉੱਤੇ ਖੜ੍ਹਾ ਕਰਨ ਦਾ ਰਾਹ ਬਣਾਉਣਾ ਉਸ ਤੋਂ ਵੀ ਵੱਡੀ ਸਮਾਜਿਕ ਸੋਚ ਹੈ।
ਥਾਲੀ ਵਿੱਚ ਪਏ ਪਕਵਾਨ ਮਨੁੱਖ ਦਾ ਪੇਟ ਭਰ ਸਕਦੇ ਹਨ, ਪਰ ਸਤਿ, ਸੰਤੋਖ ਅਤੇ ਵਿਚਾਰ ਹੀ ਮਨੁੱਖ ਦੀ ਜ਼ਿੰਦਗੀ ਨੂੰ ਅਰਥ ਦਿੰਦੇ ਹਨ। ਜਿਸ ਸਮਾਜ ਵਿੱਚ ਭੋਜਨ ਦੀਆਂ ਥਾਲੀਆਂ ਤਾਂ ਭਰੀਆਂ ਹੋਣ, ਪਰ ਵਿਚਾਰਾਂ ਦੀਆਂ ਥਾਲੀਆਂ ਖਾਲੀ ਹੋਣ, ਉਸ ਸਮਾਜ ਨੂੰ ਆਪਣੀ ਤਰੱਕੀ ਦਾ ਮੁੜ ਮੁਲਾਂਕਣ ਕਰਨਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਸਿਰਫ਼ ਗਾਉਣ ਦੀ ਨਹੀਂ, ਜੀਵਨ ਵਿੱਚ ਉਤਾਰਨ ਦੀ ਲੋੜ ਹੈ। ਥਾਲੀ ਬਦਲਣ ਨਾਲ ਸਮਾਜ ਨਹੀਂ ਬਦਲਦਾ, ਸੋਚ ਬਦਲਣ ਨਾਲ ਸਮਾਜ ਬਦਲਦਾ ਹੈ। ਸਾਡਾ ਮਕਸਦ ਕਿਸੇ ਨੂੰ ਨਿੰਦਣਾ ਨਹੀਂ ਹੈ, ਬਲਕਿ ਸੁੱਤੀ ਸੋਚ ਨੂੰ ਜਗਾਉਣ ਲਈ ਸਵਾਲ ਕਰਨਾ ਹੈ! ਕਿਉਂਕਿ ਅਸੀਂ ਲਕੀਰ ਦੇ ਫ਼ਕੀਰ ਬਣ ਗਏ। ਹਨੇਰ ਦੇ ਮਾਰਗ ਦੇ ਅੰਨ੍ਹੇ ਪਾਂਧੀ ਬਣ ਕੇ ਰਹਿ ਗਏ ਹਾਂ।
++++
ਬੁੱਧ ਸਿੰਘ ਨੀਲੋਂ
9464370823












