ਲੁਧਿਆਣਾ 14 ਨਵੰਬਰ ,ਬੋਲੇ ਪੰਜਾਬ ਬਿਊਰੋ;
ਲੁਧਿਆਣਾ ਵਿਖੇ ਪੁਨਰ ਸੁਰਜੀਤ ਅਕਾਲੀ ਦਲ, ਪੰਜਾਬ ਬਚਾਓ ਮੋਰਚਾ, ਸਾਂਝਾ ਪੰਜਾਬ ਮੋਰਚਾ, ਯੂਨਾਇਟਡ ਅਕਾਲੀ ਦਲ, ਪੰਜਾਬ ਸਟੇਟ ਪੈਨਸ਼ਨਰ ਐਸੋਸੀਏਸ਼ਨ, ਸੰਯੁਕਤ ਜਵਾਨ ਮੋਰਚਾ, ਮਨਰੇਗਾ ਫਰੰਟ ਪੰਜਾਬ ਅਤੇ ਸੰਘਰਸ਼ ਸ਼ੀਲ ਕਿਸਾਨ ਜਥੇਬੰਦੀਆਂ ਨੇ ਮਿਲ ਕੇ ” ਸੰਯੁਕਤ ਪੰਜਾਬ ਮੋਰਚਾ ” ਦਾ ਗਠਨ ਕੀਤਾ। ਇਸ ਮੋਰਚੇ ਦੇ ਗਠਨ ਉਪਰੰਤ ਇੱਕ ਤਾਲਮੇਲ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਗੋਬਿੰਦ ਸਿੰਘ ਲੌਂਗੋਵਾਲ, ਗੁਰਦੀਪ ਸਿੰਘ ਬਠਿੰਡਾ, ਗੁਰਿੰਦਰ ਸਿੰਘ ਬਾਜਵਾ, ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਜੁਗਰਾਜ ਸਿੰਘ ਟੱਲੇਵਾਲ, ਸਮਸ਼ੇਰ ਸਿੰਘ ਆਸੀ ਆਦਿ ਮੈਂਬਰ ਲਏ ਗਏ ਅਤੇ 2 ਕਿਸਾਨ ਆਗੂ ਡਾ ਦਰਸ਼ਨ ਪਾਲ ਅਤੇ ਨਿਰਭੈ ਸਿੰਘ ਢੁਡੀਕੇ ਸਪੈਸ਼ਲ ਇਨਵਾਇਟੀ ਵਜੋਂ ਸ਼ਾਮਿਲ ਕੀਤੇ ਗਏ। ਇਸ ਵਿਚ ਸੰਘਰਸ਼ ਸ਼ੀਲ ਕਿਸਾਨ ਜੱਥੇਬੰਦੀਆਂ ਦੇ ਨਾਮ ਨਾਂ ਲਿਖਣ ਦਾ ਕਾਰਨ ਸਮਝ ਨਹੀਂ ਆਇਆ। ਕੀ ਇਸ ਮੋਰਚੇ ਦੇ ਆਗੂ ਇਹਨਾਂ ਕਿਸਾਨ ਜੱਥੇਬੰਦੀਆਂ ਦੇ ਨਾਮ ਦੱਸ ਸਕਦਾ ਹੈ? ਜਾਂ ਇਹ ਸਿਰਫ ਕਿਸਾਨ ਜੱਥੇਬੰਦੀਆਂ ਸ਼ਬਦ ਐਵੇਂ ਖਾਨਾ ਪੂਰਤੀ ਲਈ ਲਿਖਿਆ ਗਿਆ ਹੈ।
ਸਭ ਤੋਂ ਪਹਿਲਾਂ ਇਹਨਾ ਦੇ ਰਾਜਨੀਤਿਕ ਦਾਅਵੇ ਬਾਰੇ ਚਰਚਾ ਕਰਦੇ ਹਾਂ।
- “ਇਹਨਾਂ ਨੇ ਦੱਸਿਆ ਕਿ ਇਸ ਮੋਰਚੇ ਵਿੱਚ ਸੰਘਰਸ਼ ਅਤੇ ਰਾਜਨੀਤੀ ਦਾ ਸੁਮੇਲ ਹੋਵੇਗਾ। ਚੋਣਾਂ ਲੜਨ ਅਤੇ ਚੋਣਾਂ ਨਾ ਲੜਨ ਵਾਲੇ ਪੰਜਾਬ ਦੇ ਮੁੱਦਿਆਂ ਉਤੇ ਇੱਕ ਹੋਕੇ ਚੱਲਣਗੇ ਅਤੇ ਸਾਂਝੀ ਲੜਾਈ ਲੜਨਗੇ”
- ਇਹ ਕਮੇਟੀ 23 ਨਵੰਬਰ ਤੱਕ ਮੋਰਚੇ ਦਾ ਨਿਸ਼ਾਨਾ ਅਤੇ ਮੁੱਦਿਆਂ ਅਧਾਰਿਤ ਏਜੰਡਾ ਤਿਆਰ ਕਰੇਗੀ ਅਤੇ ਉਸਨੂੰ ਪੰਜਾਬ ਦੀਆਂ ਸਾਰੀਆਂ ਕਿਸਾਨ, ਮਜ਼ਦੂਰ, ਮੁਲਾਜ਼ਿਮ ਅਤੇ ਧਾਰਮਿਕ – ਸਮਾਜਿਕ ਜਥੇਬੰਦੀਆਂ ਤਕ ਲੈਕੇ ਜਾਣ ਦਾ ਯਤਨ ਕਰੇਗੀ।
- 23 ਤਰੀਕ ਤੱਕ ਇਸ ਮੋਰਚੇ ਦਾ ਚੋਣਾਂ ਲੜਨ ਦਾ ਮੈਕੇਨਿਯਮ, ਸ਼ਰਤਾਂ ਅਤੇ ਪ੍ਰਕਿਰਿਆ ਬਣਾਉਣ ਦਾ ਯਤਨ ਕੀਤਾ ਜਾਵੇਗਾ।
- ਪੰਜਾਬੀਉ ਇਸ ਮੋਰਚੇ ਦਾ ਅਸਲ ਮੱਕਸਦ ਚੋਣਾਂ ਵਿੱਚ ਪੰਜਾਬ ਅਤੇ ਪੰਜਾਬੀਆਂ ਦੇ ਅਸਲ ਮੁੱਦਿਆਂ ਨੂੰ ਚੋਣਾਂ ਦੇ ਕੇਂਦਰ ਵਿੱਚ ਲਿਆ ਕੇ ” ਲੋਕਾਂ ਦੀ ਪੁੱਗਤ ” ਵਾਲੀ ਲੋਕ ਪੱਖੀ ਰਾਜਨੀਤੀ ਕਰਨਾ ਹੈ।
- ਸਾਡੀ ਸਮੱਸਿਆ ਅਤੇ ਦੁੱਖਾਂ ਦੀ ਜੜ੍ਹ ਹੀ ਅਸਲ ਵਿੱਚ ਸਾਡੀ ਭ੍ਰਿਸ਼ਟ ਰਾਜਨੀਤਕ ਪ੍ਰਣਾਲੀ ਹੈ। ਚੋਣਾਂ ਤੋਂ ਅਗਲੇ ਦਿਨ ਜਿੱਤੀ ਹੋਈ ਪਾਰਟੀ ਸੂਬੇ ਦੀ ਲੁੱਟ ਅਤੇ ਲੋਕਾਂ ਨੂੰ ਕੁੱਟ ਦਾ ਵਰਤਾਰਾ ਸ਼ੁਰੂ ਕਰ ਦਿੰਦੀ ਹੈ।
- ਜੇਕਰ ਪੰਜਾਬ ਦੇ ਸੰਘਰਸ਼ੀ ਆਗੂ ਚਾਹੁੰਦੇ ਹਨ ਕਿ ਇੱਕ ਅਜਿਹਾ ਸਿਸਟਮ ਬਣੇ, ਜਿਸ ਵਿੱਚ ਵਿਧਾਇਕ ਅਤੇ ਮੁੱਖ ਮੰਤਰੀ ਬੰਦੇ ਹੀ ਬਣੇ ਰਹਿਣ ਮੁਸ਼ਟੰਨਡੇ ਨਾ ਬਣਨ ਤਾਂ ਫੇਰ ਲੋਕ ਹੱਕਾਂ ਲਈ ਲੜਨ ਵਾਲੀਆਂ ਧਿਰਾਂ ਨੂੰ ਚੋਣਾਂ ਵਿੱਚ ਨੰਗਾ ਚਿੱਟਾ ਪ੍ਰਵੇਸ਼ ਕਰਕੇ, ਚੋਣਾਂ ਜਿੱਤਣ ਅਤੇ ਸਰਕਾਰ ਬਣਾਉਣ ਵਾਲਿਆਂ ਨੂੰ ਕਾਬੂ ਹੇਠ ਰੱਖਣ ਲਈ ਚੋਣਾਂ ਦਾ ਏਜੰਡਾ ਵੀ ਸੈੱਟ ਕਰਨਾ ਪਵੇਗਾ ਅਤੇ ਹਰ ਹਲਕੇ ਅਤੇ ਸੂਬਾ ਪੱਧਰ ਉਤੇ ਇਸਦੀ ਪਹਿਰੇਦਾਰੀ ਕਰਨ ਦੀ ਵੀ ਲੋੜ ਹੈ ।
- ਦੂਜਾ ਪੰਜਾਬੀਆਂ ਨੇ ਜੇਕਰ ਨੱਸ਼ਾ, ਭ੍ਰਿਸ਼ਟਾਚਾਰ, ਬੇਰੋਜ਼ਗਾਰੀ, ਇਥੋਂ ਹੋ ਰਹੇ ਅਤੇ ਇਥੇ ਆ ਰਹੇ ਪ੍ਰਵਾਸ ਜਾਂ ਬੋਲੀ – ਸੱਭਿਆਚਾਰ – ਪਾਣੀਆਂ ਉਤੇ ਹੋ ਰਹੇ ਹਮਲਿਆਂ ਨੂੰ ਰੋਕਣਾ ਹੈ ਤਾਂ ਸਾਂਝਾ ਮੁਹਾਜ ਉਸਾਰੇ ਬਿਨਾਂ ਕੋਈ ਚਾਰਾ ਨਹੀਂ ਹੈ।
- ਸਾਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਕਮੇਟੀਆਂ ਬਣਾ ਕੇ ਪੰਜਾਬ ਦੀਆਂ ਮੰਗਾਂ ਅਤੇ ਏਜੰਡੇ ਉਤੇ ਪਿੰਡ ਪਿੰਡ ਸਰਕਾਰ ਬਣਾ ਕੇ ਆਪਸ ਵਿੱਚ ਜੁੜਨ ਦੀ ਲੋੜ ਹੈ। ਕਿਉਕਿ ਹੁਣ ਇਹ ਰਾਹ ਆਸਾਨ ਨਹੀਂ,
- ਅੱਜ ਸਾਨੂੰ ਉਹ ਚੋਣ ਪ੍ਰਬੰਧ ਬਣਾਉਣਾ ਪਵੇਗਾ ਜਿੱਥੇ ਸਾਨੂੰ ਤਿਕੋਣੀ ਲੜਾਈ ਲੜਨੀ ਪਵੇਗੀ। ਪਹਿਲੀ ਲੋਕਾਂ ਨੂੰ ਜਗਾਉਣਾ ਅਤੇ ਇਮਾਨਦਾਰ ਤੇ ਸੂਝਵਾਨਾਂ ਨੂੰ ਸਰਗਰਮ ਕਰਕੇ ਚੋਣ ਪਿੜ ਵਿਚ ਉੱਤਾਰਨਾ , ਦੂਜੀ ਲੜਾਈ ਸਾਡੀ ਭ੍ਰਿਸ਼ਟ ਰਾਜਨੀਤਕ ਪ੍ਰਬੰਧ ਨਾਲ ਅਤੇ ਤੀਜੀ ਲੜਾਈ ਸਾਨੂੰ ਪੰਜਾਬ ਦੇ ਹੱਕ ਮਾਰਨ ਵਾਲੇ ਕੇਂਦਰ ਨਾਲ ਲੜਨੀ ਪਵੇਗੀ।
- ਸਾਡੇ ਮਸਲੇ ਉਸ ਦਿਨ ਹੱਲ ਹੋਣੇ ਸ਼ੁਰੂ ਹੋਣਗੇ ਜਿਸ ਦਿਨ ਕੋਈ ਗੁਰਦਵਾਰਾ ਜਾਂ ਮੰਦਿਰ ਬਣਾਉਣ ਵਾਂਗ ਅਸੀਂ ਮਿਲ ਕੇ ਵਿਧਾਨ ਸਭਾ ਦੇ ਮੰਦਿਰ ਦੇ ਸੇਵਾਦਾਰ ਚੁਣਾਂਗੇ।
ਇਹਨਾਂ ਉਪਰਲੇ ਦਸ ਬਿੰਦੂਆਂ ਨੂੰ ਪੜ੍ਹਣ ਤੋਂ ਬਾਅਦ ਇਕ ਗੱਲ ਸਪਸ਼ਟ ਹੋ ਜਾਂਦੀ ਹੈਕਿ ਇਹਨਾਂ ਦੀ ਸਮਝ ਮੁਤਾਬਿਕ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਅਸਲ ਵਿਚ ਭ੍ਰਿਸ਼ਟ ਆਗੂਆਂ ਦੀ ਦੇਣ ਹੈ ਅਤੇ ਇਸ ਦਾ ਹੱਲ ਇਮਾਨਦਾਰ ਆਗੂਆਂ ਦੀ ਚੋਣ ਨਾਲ ਹੋ ਸਕਦਾ ਹੈ। ਵਿਧਾਨ ਸਭਾ ਨੂੰ ਭ੍ਰਿਸ਼ਟ ਆਗੂਆਂ ਨੇ ਪਲੀਤ ਕੀਤਾ ਹੋਇਆ ਹੈ ਅਤੇ ਇਮਾਨਦਾਰ ਵਿੱਕਤੀਆਂ ਨੂੰ ਚੁਣਕੇ ਇਸ ਨੂੰ ਪਵਿਤਰ ਮੰਦਿਰ ਜਾ ਗੁਰੂਦਵਾਰਾ ਬਣਾਇਆ ਜਾ ਸਕਦਾ ਹੈ। ਇਹਨਾਂ ਮੁਤਾਬਿਕ ਚੋਣਾਂ ਨਾਲ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਣਾ ਹੈ। ਸੰਘਰਸ਼ ਦਾ ਪੈਤੜਾ ਵੀ ਵਿਧਾਨ ਸਭਾ ਵਿਚ ਇਮਾਨਦਾਰ ਬੰਦੇ ਭੇਜਣ ਦਾ ਹੀ ਹੈ ਨਾਂਕਿ ਕੋਈ ਮੁੱਦਿਆਂ ਅਧਾਰਿਤ ਸਿਆਸਤ ਬਾਰੇ। ਜਿਸ ਦਾ ਪਹਿਲਾ ਪੜਾਅ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਇਮਾਨਦਾਰ ਲੋਕਾਂ ਨੂੰ ਚੋਣ ਮੈਦਾਨ ਵਿਚ ਉਤਾਰਨਾਂ ਹੈ, ਦੂਜਾ, ਭ੍ਰਿਸ਼ਟ ਰਾਜਨੀਤਿਕ ਪ੍ਰਬੰਧ ਨਾਲ ਲੜਾਈ ਹੈ ਅਤੇ ਤੀਜਾ ਕੇਦਰ ਖਿਲਾਫ ਵੱਧ ਅਧਿਕਾਰਾਂ ਦੀ ਲੜਾਈ ਹੈ। ਇਸ ਸ਼ਮਝ ਨਾਲ ਤਿੰਨੋਂ ਪੈਤੜੇ ਹੀ ਵਿਧਾਨ ਸਭਾ ਦੇ ਗਲਿਆਰੇ ਵਿਚੋਂ ਹੋਕੇ ਗੁਜਰਨ ਦੇ ਹਨ। ਇਸ ਵਿਚ ਡਾ. ਦਰਸ਼ਨਪਾਲ ਜੋਕਿ ਭਾਰਤ ਪੱਧਰ ਦੇ ਕਿਸਾਨ ਆਗੂ ਹਨ। ਇਹਨਾਂ ਨੇ ਕਦੇ ਸਿੱਧਾ ਚੋਣਾਂ ਵਿਚ ਭਾਗ ਨਹੀਂ ਲਿਆ। ਪਰ ਇਹ ਚਰਚਾ ਹਮੇਸ਼ਾ ਕੀਤੀ ਹੈ ਕਿ ਚੋਣਾਂ ਨੂੰ ਇਨਕਲਾਬ ਲਈ ਕਿਵੇਂ ਵਰਤਿਆ ਜਾਵੇ। ਇਕ ਸਮੇਂ ਤੱਕ ਇਹ ਇਕ ਮਾਓਵਾਦੀ ਕਿਸਾਨ ਆਗੂ ਵਜੋਂ ਜਾਣੇ ਜਾਂਦੇ ਸੀ। 2020 ਕਿਸਾਨ ਮੋਰਚੇ ਤੋਂ ਬਾਅਦ ਮਾਓਵਾਦੀ ਪਾਰਟੀ ਨੇ ਦਰਸ਼ਨ ਪਾਲ ਅਤੇ ਬੱਚਾ ਉਰਫ ਬਲਰਾਜ ਇਹਨਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਸੀ। ਹੁਣ ਇਹਨਾਂ ਦਾ ਚੋਣਾਂ ਲੜਣ ਪਿਛੇ ਮਨੋਰਥ ਕੀ ਹੈ ਉਹ ਉਪਰਲੇ 10 ਬਿੰਦੂ ਬੋਲ ਰਹੇ ਹਨ। ਇਸ ਤੋਂ ਇਲਾਵਾ ਚੋਣਾਂ ਨਾ ਲ਼ੜਨ ਵਾਲਾ ਕਿਹੜਾ ਗਰੁੱਪ ਜਾ ਵਿਅਕਤੀ ਇਹਨਾਂ ਵਿਚ ਸ਼ਾਮਿਲ ਹੈ ਕਿਤੇ ਨਹੀਂ ਦਿਸਦਾ। ਬੱਚਾ ਉਰਫ ਬਲਰਾਜ ਇਹ ਮੰਨਦਾ ਹੈਕਿ ਪਾਰਟੀ ਖੁੱਲੀ ਹੋਣੀ ਚਾਹੀਦੀ ਹੈ, ਉਸ ਨੂੰ ਚੋਣਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ। ਇਸ ਕਿਸਮ ਦੀ ਸਮਝ ਨੂੰ ਮੁੱਖ ਰੱਖ ਕੇ ਬਲਰਾਜ ਨੇ ਪੰਜਾਬ, ਹਰਿਆਣਾ, ਯੂਪੀ ਅਤੇ ਦਿੱਲੀ ਦੇ ਕਈ ਆਗੂਆਂ ਨਾਲ ਮਿਲਕੇ ਕਈ ਮੀਟਿੰਗਾ ਕੀਤੀਆਂ ਸਨ। ਇਕ ਸਮਾਨਅੰਤਰ ਫਰੰਟ ਬਣਾਅਕੇ ਮਾਓਵਾਦੀ ਪਾਰਟੀ ਦੇ ਪੈਰਲਰ ਪਾਰਟੀ ਬਨਾਉਣ ਦੀ ਅਗਵਾਈ ਕੀਤੀ ਸੀ। ਇਹਨਾਂ ਗਤੀਵਿਧੀਆਂ ਕਰਕੇ ਦਰਸ਼ਨ ਪਾਲ ਅਤੇ ਬਲਰਾਜ ਵਰਗਿਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ।ਇੱਕ ਗੱਲ ਸਪੱਸ਼ਟ ਕਰਨੀ ਜਰੂਰੀ ਹੈ ਕਿ ਨਿਰਭੈ ਸਿੰਘ ਢੁੱਡੀਕੇ ਹੋਰਾਂ ਦੇ ਇਸ ਬਾਰੇ ਦਿੱਤੇ ਬਿਆ ਨੂੰ ਕਿਰਤੀ ਕਿਸਾਨ ਯੂਨੀਅਨ ਨੇ ਉਹਨਾਂ ਦਾ ਨਿੱਜੀ ਬਿਆਨ ਦੱਸਿਆ ਹੈ ਅਤੇ ਇਸ ਨਾਲ ਸਬੰਧਤ ਪਾਰਟੀ ਸੀ.ਪੀ.ਆਈ (ਐਮ.ਐਲ.ਨਿਊ ਡੈਮੋਕ੍ਰੇਸੀ) ਨੇ ਵੀ ਆਪਣਾ ਸਪੰਸ਼ਟੀਕਰਨ ਦੇਕੇ ਇਸ ਕਿਸਮ ਦੇ ਮੋਰਚੇ ਦਾ ਹਿੱਸਾ ਹੋਣ ਤੋਂ ਮਨਾ ਕੀਤਾ ਹੈ ਅਤੇ ਇਸ ਮੋਰਚੇ ਨੂੰ ਬੀ.ਜੇ.ਪੀ ਦੀ ਸਾਜਿਸ਼ ਕਰਾਰ ਦਿੱਤਾ ਹੈ।
ਜਿਥੋਂ ਤੱਕ ਪੁਨਰ ਸੁਰਜੀਤ ਅਕਾਲੀ ਦਲ ਦਾ ਸਵਾਲ ਹੈ ਕਿ ਉਹ ਕਿਸ ਨਾਲ ਹੈ ਇਸ ਪ੍ਰਧਾਨ ਹਰਪ੍ਰੀਤ ਸਿੰਘ ਹੋਰਾਂ ਦੀ ਹਾਲ ਹੀ ਵਿਚ ਦਿੱਤੀ ਸਪੀਚ ਚੋਂ ਸਪੱਸ਼ਟ ਹੋ ਜਾਂਦਾ ਹੈ। ਉਹਨਾਂ ਨੇ ਚੰਦੂਮਾਜਰਾ ਅਤੇ ਬੀਬੀ ਜਗੀਰ ਕੌਰ ਦੀ ਅਕਾਲੀ ਦਲ ਬਾਦਲ ਵਿਚ ਵਾਪਸੀ ਉੱਤੇ ਬੋਲਦੇ ਹੋਏ ਕਿਹਾ ਕਿ ਜੇਕਰ ਬੀ.ਜੇ.ਪੀ ਅਕਾਲੀ ਦਲ ਬਾਦਲ ਨਾਲ ਗਠਜੋੜ ਕਰੇਗੀ ਤਾਂ ਅਸੀ ਸਮਝਾਗੇ ਕਿ ਬੀਜੇਪੀ ਵਿਚ ਸਿੱਖ ਹਤਾਇਸ਼ੀ ਤੱਤ ਨਹੀਂ ਹੈ, ਜੇਕਰ ਕੋਈ ਸਿਖ ਹਤੈਸ਼ੀ ਤੱਤ ਬਰਕਰਾਰ ਹੈ ਤਾਂ ਬੀਜੇਪੀ ਨੂੰ ਅਕਾਲੀ ਦਲ ਨਾਲ ਸਮਝੋਤਾ ਨਹੀਂ ਕਰਨਾ ਚਾਹੀਦਾ। ਜੇਕਰ ਇਸ ਤਰਾ ਹੋਇਆ ਤਾਂ ਅਸੀਂ ਨੰਗਾ ਚਿੱਟਾ ਵਿਰੋਧ ਕਰਾਗੇ। ਇਹ ਬੀਜੇਪੀ ਨੂੰ ਇਕ ਧਮਕੀ ਸੀ ਕਿ ਲਾਰਾ ਤਾਂ ਸਾਨੂੰ ਲਾਇਆ ਹੋਇਆ ਸੀ ਕਿ ਅਕਾਲੀ ਦਲ ਬਾਦਲ ਨੂੰ ਖਤਮ ਕਰਨ ਵਿਚ ਤੁਂਸੀ ਪੁਨਰ ਸੁਰਜੀਤ ਦੀ ਮਦਦ ਕਰਕੇ ਸਾਨੂੰ ਸਥਾਪਤ ਕਰੋਗੇ ਪਰ ਜੇ ਤੁੰਸੀ ਦੁਬਾਰਾ ਬਾਦਲ ਦਲ ਨੂੰ ਚੋਣ ਗੱਠ ਜੋੜ ਲਈ ਚੁਣਿਆ ਤਾਂ ਅਸੀਂ ਤੁਹਾਡੇ ਵਿਰੋਧ ਵਿਚ ਹੋ ਜਾਵਾਂ ਗੇ। ਅਸਲ ਵਿਚ ਬੀਜੇਪੀ ਦਾ ਤਿਆਰ ਕੀਤਾ ਇਹ ਬੰਬ ਚੱਲਿਆ ਨਹੀਂ ਸਗੋਂ ਬੀਬੀ ਜਗੀਰ ਕੌਰ ਦੇ ਕਹਿਣ ਵਾਂਗ ਸਾਡਾ ਮਿਸ਼ਨ ਬੁਰੀ ਤਰ੍ਹਾ ਫੇਲ ਹੋਇਆ ਹੈ। ਇਸ ਲ਼ਈ ਬੀਜੇਪੀ ਨੇ ਦੁਬਾਰਾ ਬਾਦਲਾਂ ਦਾ ਹੱਥ ਫੜਨ ਲਈ ਤਿਆਰੀ ਕਰ ਲਈ ਹੈ। ਗਿਆਨੀ ਜੀ ਦਾ ਹਾਲ ਵੀ ਦਰਸ਼ਨਪਾਲ ਵਰਗਾ ਹੀ ਹੈ। ਕੀ ਨਾ ਰਹੇ ਘਰ ਦੇ ਨਾ ਘਾਟ ਦੇ।
ਦਰਸ਼ਨਪਾਲ ਵੀ ਕਮਿਊਨਿਸਟ ਪਾਰਟੀ ਨਾਲ ਗ਼ਦਾਰੀ ਕਰਕੇ ਬੀਜੇਪੀ ਦੇ ਯਾਰਾਂ ਨਾਲ ਜਾ ਮਿਲੇ ਹਨ। ਦਿੱਲੀ ਮੋਰਚੇ ਤੋਂ ਜਿੱਤ ਦਾ ਐਲਾਨ ਕਰਕੇ ਆਈਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਇਸ ਕਿਸਮ ਨਾਲ ਡਰੀਆਂ ਸਹਿਮੀਆਂ ਹੋਈਆਂ ਹਨ ਜਿਵੇਂ ਈ.ਡੀ ਨੇ ਇਹਨਾ ਨੂੰ ਫਾਈਲਾਂ ਖੋਲਣ ਦੀ ਧਮਕੀ ਦੇ ਰੱਖੀ ਹੋਵੇ। ਇਸ ਤੋਂ ਅੱਗੇ ਜਾਕੇ ਇਹਨਾਂ ਦਾ ਸੰਯੁਕਤ ਕਿਸਾਨ ਮੋਰਚਾ ਤਾਂ ਭਗਵੰਤ ਮਾਨ ਨੂੰ ਲੋਟ ਨਹੀਂ ਕਰ ਸਕਿਆ। ਇਹ ਪਿੱਛਲੇ ਪੰਜ ਸਾਲ ਵਿਚ ਇਕ ਵੀ ਪੱਕਾ ਮੋਰਚਾ ਪੰਜਾਬ ਸਰਕਾਰ ਖਿਲਾਫ ਨਹੀਂ ਕਰ ਸਕੇ। ਗੱਲ ਇਹ ਹੈਕਿ ਕਿਸਾਨ ਮੋਰਚਾ ਅਤੇ ਜੱਥੇਬੰਦੀਆਂ ਕੋਲ ਕੋਈ ਵੀ ਰਾਜਨੀਤਿਕ ਇਨਕਲਾਬੀ ਪ੍ਰੋਗਰਾਮ ਨਹੀਂ ਹੈ। ਇਸ ਕਰਕੇ ਪੰਜਾਬ ਦੀ ਰਾਜਨੀਤਿਕ ਵਿਚ ਇਕ ਖਲਾਅ ਪੈਦਾ ਹੋ ਗਿਆ ਹੈ। ਜੇਕਰ ਇਸ ਨੂੰ ਇਨਕਲਾਬੀ ਨਹੀਂ ਭਰਨ ਗੇ ਤਾਂ ਮੌਕਾਪ੍ਰਸਤ ਲੋਕਾ ਲਈ ਤਾਂ ਖੁੱਲਾ ਰਾਹ ਪਿਆ ਹੈ। ਇਸ ਕਰਕੇ ਦਰਸ਼ਨ ਪਾਲ ਹੋਰਾਂ ਤਾਂ ਆਪਣਾ ਰਾਜਨੀਤਿਕ ਪ੍ਰੋਗਰਾਮ ਤਾਂ ਦੇ ਦਿੱਤਾ ਹੈ।
ਪਹਿਲਾਂ ਰਾਜੇਵਾਲ ਸਾਹਿਬ ਤਾਂ ਪਿਛਲੀਆਂ ਚੋਣਾਂ ਵਿਚ ਹੀ ਪਰਸਾਦ ਲੈ ਚੁੱਕੇ ਹਨ। ਹੁਣ ਕੁੱਝ ਹੋਰ ਕਿਸਾਨ ਆਗੂਆਂ ਨੂੰ ਚੋਣਾਂ ਲੜਾਉਣ ਦਾ ਜੁਗਾੜ ਇਸ ਮੋਰਚੇ ਰਾਹੀਂ ਬਣਾਇਆ ਗਿਆ ਹੈ। ਸੀ.ਪੀ.ਆਈ (ਐਮ.ਐਲ.ਨਿਊ ਡੈਮੋਕ੍ਰੇਸੀ) ਨੇ ਠੀਕ ਚਿੰਨਤ ਕੀਤਾ ਹੈਕਿ ਇਹ ਮੋਰਚਾ ਬੇਸ਼ੱਕ ਬੀਜੇਪੀ ਨੇ ਨਾ ਵੀ ਬਣਾਇਆ ਹੋਵੇ ਪਰ ਇਸ ਦਾ ਮਨੋਰਥ ਅਤੇ ਚੋਣਾ ਵਿਚ ਹਿੱਸੇਦਾਰੀ ਬੀ.ਜੇ.ਪੀ ਦੇ ਅਗਾਮੀ ਏਜੰਡੇ ਭਾਵ ਪੰਜਾਬ ਵਿਚ ਬਹੁ ਧਰੁਵੀ ਚੋਣ ਮੁਕਾਬਲਾ ਕਰਵਾਅ ਕੇ ਹੰਗ/ਲਟਕਦੀ ਵਿਧਾਨ ਸਭਾ ਬਣਾਈ ਜਾਵੇ ਅਤੇ ਪੈਸੇ, ਏਜੰਸੀਆਂ ਦੇ ਜੋਰ ਨਾਲ ਤੋੜ ਫੋੜ ਕਰਕੇ ਸਰਕਾਰ ਬਨਾਈ ਜਾਵੇ। ਇਸ ਲਈ ਗਿਆਨੀ ਹਰਪ੍ਰੀਤ ਹੁਣ ਵੀ ਬੀ.ਜੇ.ਪੀ ਦੀ ਟੀਮ ਵਜੋਂ ਹੀ ਕੰਮ ਕਰ ਰਿਹਾ ਹੈ। ਬਾਦਲ ਦਲ ਨੂੰ ਕਮਜੋਰ ਕਰਨ ਵਿਚ ਜਿਨੀ ਵੀ ਕਾਮਯਾਬੀ ਮਿਲੀ ਹੋਵੇ ਪਰ ਹੁਣ ਇਕ ਫਰੰਟ ਖੋਹਲ ਕੇ ਬੀ.ਜੇ.ਪੀ ਨੂੰ ਮਜਬੂਤ ਕਰਨਾ ਹੀ ਉਸ ਦਾ ਕੰਮ ਹੈ।
ਪੰਜਾਬ ਦੀਆਂ ਆਪੋ ਬਣੀਆਂ ਇਨਕਲਾਬੀ ਪਾਰਟੀਆਂ ਗਲ ਗਲ ਆਰਥਿਕਵਾਦ ਵਿਚ ਗ੍ਰਸ ਗਈਆਂ ਹਨ। ਸਿੱਖ ਸਿਆਸਤ ਅਤੇ ਪੰਜਾਬੀ ਕੌਮ ਦੇ ਦਾਅਵੇਦਾਰਾਂ ਨਾਲ ਜੁੜੀ ਹੋਈ ਵੱਡੀ ਬਹੁਗਿਣਤੀ ਸੱਤਾ ਦੇ ਲਾਲਚ ਵਿਚ ਗਰਕ ਹੋ ਗਈ ਹੈ। ਇਸ ਸਮੇ ਕੋਈ ਇਨਕਲਾਬੀ ਤਾਕਤ ਇਸ ਯੋਗ ਨਹੀਂ ਕਿ ਉਹ ਤੁਰੰਤ ਇਸ ਖਲਾਅ ਨੂੰ ਭਰ ਸਕੇ। ਇਸ ਖਲਾਅ ਨੂੰ ਫਾਸੀਵਾਦੀ ਆਰ.ਐਸ.ਐਸ ਅਤੇ ਬੀ.ਜੇ.ਪੀ ਦੁਆਰਾ ਵਰਤੇ ਜਾਣ ਦੀ ਸੰਭਾਵਨਾ ਬਹੁਤ ਵਧ ਗਈ ਹੈ। ਪੰਜਾਬ ਦੀ ਰਾਜਨੀਤਿਕ ਫਿਜਾ ਵਿਚ ਵਧਦੇ ਜਾ ਰਹੇ ਰਾਜਨੀਤਿਕ ਖਲਾਅ ਨੂੰ ਵੋਟ ਬਟੋਰੂ ਰਾਜਨੀਤਿਕ ਪਾਰਟੀਆਂ ਸਿਰਫ ਵਰਤ ਸਕਦੀਆਂ ਹਨ ਪਰ ਭਰ ਨਹੀਂ ਸਕਦੀਆਂ। ਇਸ ਨੂੰ ਭਰਨ ਲਈ ਪੰਜਾਬ ਵਿਚ ਮਜ਼ਦੂਰਾਂ, ਬੇਜ਼ਮੀਨੇ ਤੇ ਗ਼ਰੀਬ ਕਿਸਾਨ, ਮੱਧ ਵਰਗੀ ਜਮਾਤਾਂ, ਔਰਤਾਂ, ਦਲਿਤਾਂ, ਘੱਟ ਗਿਣਤੀਆਂ, ਸੂਬੇ ਦੇ ਵੱਧ ਅਧਿਕਾਰਾਂ ਲਈ ਇਨਕਲਾਬੀ ਪ੍ਰੋਗਰਾਮ ਨੂੰ ਪੰਜਾਬ ਦੀਆਂ ਠੋਸ ਹਾਲਤਾਂ ਵਿੱਚ ਲਾਗੂ ਕਰਨ ਦੀ ਲੋੜ ਹੈ।
ਗੁਰਬਚਨ ਸਿੰਘ ਬਾਗ਼ੀ।












