ਚੰਡੀਗੜ੍ਹ 21 ਨਵੰਬਰ ,ਬੋਲੇ ਪੰਜਾਬ ਬਿਊਰੋ;
ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਸਵਰਗੀ ਦਾਦੀ ਮਾਤਾ ਚਰਨ ਕੌਰ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਪੰਜ ਤੱਤਾਂ ਵਿੱਚ ਵਿਲੀਨ ਹੋ ਗਈ। ਸੂਤਰਾਂ ਅਨੁਸਾਰ, ਮਾਤਾ ਚਰਨ ਕੌਰ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਖੇਤ ਵਿੱਚ ਕੀਤਾ ਗਿਆ, ਜਿੱਥੇ ਕਰੀਬ ਪੰਜ ਏਕੜ ਰਕਬੇ ਵਿੱਚ ਸਸਕਾਰ ਸਮਾਗਮ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਹਿਰਾਸਤੀ ਪੈਰੋਲ ’ਤੇ ਪੁੱਜੇ ਅੰਮ੍ਰਿਤਪਾਲ ਸਿੰਘ ਪੁਲੀਸ ਸੁਰੱਖਿਆ ਹੇਠ ਅੰਤਿਮ ਰਸਮਾਂ ਦੌਰਾਨ ਕੋਲ ਮੌਜੂਦ ਰਹੇ ਅਤੇ ਇਸ ਮੌਕੇ ਉਨ੍ਹਾਂ ਨੇ ਹੱਥ ਜੋੜ ਕੇ ਲੋਕਾਂ ਦਾ ਧੰਨਵਾਦ ਕੀਤਾ।ਇਸ ਤੋਂ ਪਹਿਲਾਂ ਮਾਤਾ ਚਰਨ ਕੌਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਸਸਕਾਰ ਲਈ ਉਨ੍ਹਾਂ ਦੇ ਜੱਦੀ ਘਰ ਤੋਂ ਇੱਕ ਸਜਾਈ ਹੋਈ ਟਰਾਲੀ ਰਾਹੀਂ ਸਸਕਾਰ ਵਾਲੀ ਥਾਂ ਵੱਲ ਰਵਾਨਾ ਕੀਤਾ ਗਿਆ।
ਇਸ ਅੰਤਿਮ ਯਾਤਰਾ ਵਿੱਚ ਪਰਿਵਾਰਕ ਮੈਂਬਰਾਂ, ‘ਵਾਰਿਸ ਪੰਜਾਬ ਦੇ’ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਅਤੇ ਪਾਰਟੀ ਸਮਰਥਕਾਂ ਨੇ ਸ਼ਮੂਲੀਅਤ ਕਰਕੇ ਨਮ ਅੱਖਾਂ ਨਾਲ ਵਿਛੜੀ ਰੂਹ ਨੂੰ ਅੰਤਿਮ ਵਿਦਾਇਗੀ ਦਿੱਤੀ। ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਦੱਸਿਆ ਕਿ ਰਾਗੀ ਜੱਥਿਆਂ ਵੱਲੋਂ ਵੈਰਾਗਮਈ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸੰਗਤ ਦੀ ਵੱਡੀ ਆਮਦ ਨੂੰ ਦੇਖਦੇ ਹੋਏ ਚਾਰ ਵੱਖ-ਵੱਖ ਥਾਵਾਂ ’ਤੇ ਪਾਰਕਿੰਗ ਸਟੈਂਡ ਤੇ ਲੰਗਰ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਦੂਜੇ ਪਾਸੇ, ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਆਮਦ ਦੇ ਮੱਦੇਨਜ਼ਰ ਪੁਲੀਸ ਪ੍ਰਸ਼ਾਸਨ ਵੱਲੋਂ ਪੂਰੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰਦਿਆਂ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਰਸਤਿਆਂ ਵਿੱਚ ਥਾਂ-ਥਾਂ ਨਾਕੇ ਲਾਏ ਗਏ ਸਨ। ਅੰਮ੍ਰਿਤਪਾਲ ਸਿੰਘ ਪੁਲੀਸ ਦੀ ਇੱਕ ਬਖਤਰਬੰਦ ਗੱਡੀ ਵਿੱਚ ਸੁਰੱਖਿਆ ਕਰਮਚਾਰੀਆਂ ਦੇ ਘੇਰੇ ਹੇਠ ਪਿੰਡ ਪੁੱਜੇ ਸਨ।ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਵਧੀਕ ਸੈਸ਼ਨ ਜੱਜ ਨੇ ਮਨੁੱਖੀ ਆਧਾਰ ’ਤੇ 21 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਪੁਲੀਸ ਹਿਰਾਸਤ ਵਿੱਚ ਪਿੰਡ ਜੱਲੂਪੁਰ ਖੇੜਾ ਵਿਖੇ ਰਹਿਣ ਦੀ ਹਿਰਾਸਤੀ ਪੈਰੋਲ ਦਿੱਤੀ ਸੀ। ਇਸ ਤਹਿਤ ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਸੱਤ ਵਾਹਨਾਂ ਦੇ ਕਾਫ਼ਲੇ ਰਾਹੀਂ ਹਵਾਈ ਅੱਡੇ ਲਿਆਂਦਾ ਗਿਆ, ਜਿੱਥੋਂ ਹਵਾਈ ਜਹਾਜ਼ ਰਾਹੀਂ ਦਿੱਲੀ ਅਤੇ ਫਿਰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ (ਰਾਜਾਸਾਂਸੀ) ਅੰਮ੍ਰਿਤਸਰ ਲਿਆਂਦਾ ਗਿਆ। ਤੈਅ ਪ੍ਰਬੰਧਾਂ ਅਨੁਸਾਰ, ਉਨ੍ਹਾਂ ਨੂੰ 22 ਨਵੰਬਰ ਨੂੰ ਮੁੜ ਡਿਬਰੂਗੜ੍ਹ ਜੇਲ੍ਹ ਪਹੁੰਚਾਇਆ ਜਾਵੇਗਾ।












