ਪੁਸਤਕ ਮੇਲਾ ਜਾਂ ਪੁਸਤਕ ਪ੍ਰਦਰਸ਼ਨੀ?

ਸਾਹਿਤ ਪੰਜਾਬ

ਪੁਸਤਕ ਮੇਲਾ ਜਾਂ ਪੁਸਤਕ ਪ੍ਰਦਰਸ਼ਨੀ?

ਪੰਜਾਬ ਦੇ ਵਿੱਚ ਪੁਸਤਕ ਮੇਲੇ ਲੱਗਦੇ ਹਨ। ਮੇਲਾ ਸ਼ਬਦ ਦਾ ਸਬੰਧ ਸਿਰਫ਼ ਇਕੱਠ ਨਾਲ ਨਹੀਂ, ਸਗੋਂ ਜਸ਼ਨ, ਉਤਸ਼ਾਹ, ਰੌਣਕ, ਸਾਂਝ ਅਤੇ ਲੋਕ-ਜੀਵਨ ਦੀਆਂ ਖੁਸ਼ੀਆਂ ਨਾਲ ਜੁੜਿਆ ਹੋਇਆ ਹੈ। ਜਰਗ ਦਾ ਮੇਲਾ, ਛਪਾਰ ਦਾ ਮੇਲਾ, ਰੌਸ਼ਨੀ ਜਗਰਾਵਾਂ ਦੀ ਆਦਿ ਇਹ ਸਿਰਫ਼ ਮੇਲੇ ਨਹੀਂ, ਪੰਜਾਬ ਦੇ ਲੋਕ-ਸੱਭਿਆਚਾਰ, ਲੋਕ-ਮਨ ਅਤੇ ਲੋਕ-ਰੂਹ ਦੇ ਪ੍ਰਤੀਕ ਹਨ। ਜਿੱਥੇ ਹਰ ਤਰ੍ਹਾਂ ਦੀਆਂ ਦੁਕਾਨਾਂ ਸਜਾਈਆਂ ਹੋਈਆਂ ਹੁੰਦੀਆਂ ਹਨ। ਜੀਹਨਾਂ ਤੋਂ ਲੋਕ ਆਪਣੇ ਮਨ ਪਸੰਦ ਦਾ ਸਮਾਨ ਖ੍ਰੀਦ ਕੇ ਲਿਜਾਂਦੇ ਹਨ।
ਮੇਲੇ ਵਿੱਚ ਲੋਕ ਸਿਰਫ਼ ਖਰੀਦਣ ਜਾਂ ਵੇਚਣ ਨਹੀਂ ਜਾਂਦੇ, ਉਹ ਆਪਣੇ ਮਨ ਦੇ ਵਲਵਲੇ ਉਜਾਗਰ ਕਰਨ ਜਾਂਦੇ ਹਨ। ਮਿਲਦੇ ਹਨ, ਗੱਲਾਂ ਕਰਦੇ ਹਨ, ਹੱਸਦੇ ਹਨ, ਗਾਉਂਦੇ ਹਨ, ਵਿਚਾਰ ਸਾਂਝੇ ਕਰਦੇ ਹਨ, ਆਪਣੀ ਹੋਂਦ ਦਾ ਅਹਿਸਾਸ ਕਰਦੇ ਹਨ। ਮੇਲਾ ਲੋਕਾਂ ਨੂੰ ਇਕੱਠਾ ਕਰਦਾ ਹੈ, ਲੋਕਾਂ ਵਿਚਕਾਰ ਦੂਰੀਆਂ ਘਟਾਉਂਦਾ ਹੈ ਅਤੇ ਜੀਵਨ ਦੀ ਇਕਸਾਰਤਾ ਵਿੱਚ ਰੰਗ ਭਰਦਾ ਹੈ।
ਮੇਲਾ ਮੇਲੀਆਂ ਦਾ ਪੈਸਾ ਧੇਲੀਆਂ ਦਾ।
ਪਰ ਅੱਜ ਪੰਜਾਬ ਵਿੱਚ ਲੱਗਣ ਵਾਲੇ ਪੁਸਤਕ ਮੇਲੇ ਹੌਲੀ-ਹੌਲੀ ਆਪਣੀ ਮੇਲਿਆਂ ਵਾਲੀ ਰੂਹ ਗੁਆਉਂਦੇ ਜਾ ਰਹੇ ਹਨ। ਇਨ੍ਹਾਂ ਨੂੰ ਪੁਸਤਕ ਮੇਲੇ ਕਿਹਾ ਤਾਂ ਜਾਂਦਾ ਹੈ, ਪਰ ਅਸਲ ਵਿੱਚ ਇਹ ਪੁਸਤਕ ਪ੍ਰਦਰਸ਼ਨੀਆਂ ਬਣ ਕੇ ਰਹਿ ਗਏ ਹਨ। ਕਿਤਾਬਾਂ ਸਟਾਲਾਂ ਉੱਤੇ ਸਜਾ ਦਿੱਤੀਆਂ ਜਾਂਦੀਆਂ ਹਨ, ਲੇਖਕਾਂ ਅਤੇ ਪ੍ਰਕਾਸ਼ਕਾਂ ਨੂੰ ਬਿਠਾ ਦਿੱਤਾ ਜਾਂਦਾ ਹੈ, ਪਾਠਕ ਆਉਂਦੇ ਹਨ, ਕਿਤਾਬਾਂ ਦੇਖਦੇ ਹਨ, ਕੀਮਤਾਂ ਪੁੱਛਦੇ ਹਨ, ਖਰੀਦਦੇ ਹਨ ਜਾਂ ਬਿਨਾਂ ਖਰੀਦੇ ਵਾਪਸ ਚਲੇ ਜਾਂਦੇ ਹਨ।
ਪਰ ਕੀ ਸਿਰਫ਼ ਕਿਤਾਬਾਂ ਸਜਾ ਦੇਣ ਨਾਲ ਮੇਲਾ ਬਣ ਜਾਂਦਾ ਹੈ? ਪ੍ਰਦਰਸ਼ਨੀ ਅਤੇ ਮੇਲੇ ਵਿਚ ਬੁਨਿਆਦੀ ਫ਼ਰਕ ਹੈ। ਪ੍ਰਦਰਸ਼ਨੀ ਵਿੱਚ ਕਿਸੇ ਵਸਤੂ, ਕਲਾ, ਰਚਨਾ ਜਾਂ ਉਤਪਾਦ ਨੂੰ ਲੋਕਾਂ ਸਾਹਮਣੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਲੋਕ ਉਸ ਨੂੰ ਦੇਖਦੇ ਹਨ, ਜਾਣਕਾਰੀ ਲੈਂਦੇ ਹਨ ਅਤੇ ਆਪਣੀ ਪਸੰਦ ਅਨੁਸਾਰ ਖਰੀਦਦਾਰੀ ਕਰਦੇ ਹਨ। ਪ੍ਰਦਰਸ਼ਨੀ ਦਾ ਕੇਂਦਰ ਵਸਤੂ ਹੁੰਦੀ ਹੈ। ਪਰ ਮੇਲੇ ਦਾ ਕੇਂਦਰ ਸਿਰਫ਼ ਵਸਤੂ ਨਹੀਂ, ਮਨੁੱਖ, ਉਸ ਦੀਆਂ ਭਾਵਨਾਵਾਂ, ਸਾਂਝ, ਸੰਵਾਦ ਅਤੇ ਸੱਭਿਆਚਾਰ ਹੁੰਦਾ ਹੈ।
ਪੁਸਤਕ ਮੇਲਾ ਸਿਰਫ਼ ਕਿਤਾਬਾਂ ਦੀ ਵਿਕਰੀ ਦਾ ਬਾਜ਼ਾਰ ਨਹੀਂ ਹੋਣਾ ਚਾਹੀਦਾ। ਇਹ ਲੇਖਕ ਅਤੇ ਪਾਠਕ ਵਿਚਕਾਰ ਮਿਲਾਪ ਦਾ ਮੰਚ ਹੋਣਾ ਚਾਹੀਦਾ ਹੈ। ਇੱਥੇ ਕਿਤਾਬਾਂ ਬਾਰੇ ਗੱਲ ਹੋਵੇ, ਸਾਹਿਤ ਬਾਰੇ ਬਹਿਸ ਹੋਵੇ, ਕਵਿਤਾ ਪੜ੍ਹੀ ਜਾਵੇ, ਕਹਾਣੀਆਂ ਸੁਣਾਈਆਂ ਜਾਣ, ਨਵੇਂ ਲੇਖਕਾਂ ਨੂੰ ਪੇਸ਼ ਕੀਤਾ ਜਾਵੇ, ਬੱਚਿਆਂ ਲਈ ਸਾਹਿਤਕ ਗਤੀਵਿਧੀਆਂ ਹੋਣ, ਲੋਕ-ਕਲਾਵਾਂ ਅਤੇ ਸੱਭਿਆਚਾਰ ਦੀਆਂ ਵੱਖ-ਵੱਖ ਧਾਰਾਵਾਂ ਨੂੰ ਜਗ੍ਹਾ ਮਿਲੇ। ਲੇਖਕ ਪਾਠਕਾਂ ਨਾਲ ਮਿਲਣ, ਪਾਠਕ ਲੇਖਕਾਂ ਨੂੰ ਸਵਾਲ ਕਰਨ, ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਵੇ।
ਕਿਤਾਬ ਕੋਈ ਸਜਾਵਟੀ ਵਸਤੂ ਨਹੀਂ। ਕਿਤਾਬ ਮਨੁੱਖ ਦੀ ਸੋਚ, ਸਮਾਜ ਦੀ ਚੇਤਨਾ ਅਤੇ ਸਮੇਂ ਦੀ ਗਵਾਹ ਹੁੰਦੀ ਹੈ। ਜੇ ਪੁਸਤਕ ਮੇਲੇ ਵਿੱਚ ਕਿਤਾਬਾਂ ਤਾਂ ਹੋਣ, ਪਰ ਕਿਤਾਬਾਂ ਦੀ ਗੱਲ ਨਾ ਹੋਵੇ; ਲੇਖਕ ਤਾਂ ਹੋਣ, ਪਰ ਲੇਖਕਾਂ ਨਾਲ ਸੰਵਾਦ ਨਾ ਹੋਵੇ; ਪਾਠਕ ਤਾਂ ਆਉਣ, ਪਰ ਪਾਠਕਾਂ ਦੀ ਸਰਗਰਮ ਸ਼ਮੂਲੀਅਤ ਨਾ ਹੋਵੇ—ਤਾਂ ਅਜਿਹੇ ਮੇਲੇ ਆਪਣੀ ਰੂਹ ਤੋਂ ਸੱਖਣੇ ਹੋ ਜਾਂਦੇ ਹਨ।
ਅਸੀਂ ਮੇਲੇ ਦਾ ਨਾਮ ਤਾਂ ਰੱਖ ਲਿਆ, ਪਰ ਮੇਲੇ ਵਾਲਾ ਮਾਹੌਲ ਪੈਦਾ ਕਰਨ ਦੀ ਜ਼ਿੰਮੇਵਾਰੀ ਭੁੱਲ ਗਏ। ਸਟਾਲਾਂ ਦੀ ਗਿਣਤੀ, ਉਦਘਾਟਨਾਂ ਦੀਆਂ ਤਸਵੀਰਾਂ, ਮਹਿਮਾਨਾਂ ਦੇ ਭਾਸ਼ਣ ਅਤੇ ਵਿਕਰੀ ਦੇ ਅੰਕੜੇ ਹੀ ਮੇਲੇ ਦੀ ਸਫ਼ਲਤਾ ਦੇ ਮਾਪਦੰਡ ਬਣ ਗਏ ਹਨ। ਜਦੋਂ ਕਿ ਪੁਸਤਕ ਮੇਲੇ ਦੀ ਸਫ਼ਲਤਾ ਇਹ ਹੋਣੀ ਚਾਹੀਦੀ ਹੈ ਕਿ ਕਿੰਨੇ ਨਵੇਂ ਪਾਠਕ ਬਣੇ, ਕਿੰਨੇ ਲੋਕਾਂ ਨੇ ਲੇਖਕਾਂ ਨਾਲ ਸੰਵਾਦ ਕੀਤਾ, ਕਿੰਨੇ ਵਿਚਾਰ ਜਨਮ ਲਏ ਅਤੇ ਕਿੰਨੇ ਲੋਕ ਕਿਤਾਬਾਂ ਨਾਲ ਨਵਾਂ ਰਿਸ਼ਤਾ ਬਣਾ ਕੇ ਘਰ ਪਰਤੇ।
ਪੁਸਤਕ ਪ੍ਰਦਰਸ਼ਨੀ ਕਿਤਾਬਾਂ ਦਿਖਾਉਂਦੀ ਹੈ, ਪੁਸਤਕ ਮੇਲਾ ਕਿਤਾਬਾਂ ਨਾਲ ਮਨੁੱਖ ਦਾ ਰਿਸ਼ਤਾ ਬਣਾਉਂਦਾ ਹੈ। ਸਾਨੂੰ ਪੁਸਤਕ ਮੇਲਿਆਂ ਨੂੰ ਸਿਰਫ਼ ਵਿਕਰੀ ਕੇਂਦਰਾਂ ਜਾਂ ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਤੱਕ ਸੀਮਤ ਨਹੀਂ ਕਰਨਾ ਚਾਹੀਦਾ। ਇਨ੍ਹਾਂ ਨੂੰ ਸਾਹਿਤਕ, ਸੱਭਿਆਚਾਰਕ ਅਤੇ ਬੌਧਿਕ ਜਸ਼ਨਾਂ ਵਿੱਚ ਬਦਲਣਾ ਚਾਹੀਦਾ ਹੈ। ਜਿੱਥੇ ਕਿਤਾਬਾਂ ਵਿਕਣ ਦੇ ਨਾਲ-ਨਾਲ ਵਿਚਾਰ ਵੀ ਵੰਡੇ ਜਾਣ, ਜਿੱਥੇ ਲੇਖਕਾਂ ਦੀਆਂ ਰਚਨਾਵਾਂ ਹੀ ਨਹੀਂ, ਉਨ੍ਹਾਂ ਦੇ ਅਨੁਭਵ ਵੀ ਲੋਕਾਂ ਤੱਕ ਪਹੁੰਚਣ, ਜਿੱਥੇ ਪਾਠਕ ਸਿਰਫ਼ ਗਾਹਕ ਨਹੀਂ, ਸਾਹਿਤਕ ਸਰਗਰਮੀ ਦਾ ਹਿੱਸਾ ਬਣਨ।
ਨਹੀਂ ਤਾਂ ਕਿਤਾਬਾਂ ਦੇ ਸਟਾਲ ਲੱਗਦੇ ਰਹਿਣਗੇ, ਉਦਘਾਟਨ ਹੁੰਦੇ ਰਹਿਣਗੇ, ਤਸਵੀਰਾਂ ਖਿੱਚੀਆਂ ਜਾਂਦੀਆਂ ਰਹਿਣਗੀਆਂ, ਪਰ ਪੁਸਤਕ ਮੇਲੇ ਦੀ ਰੂਹ ਕਿਤੇ ਭੀੜ ਵਿੱਚ ਗੁੰਮ ਹੋ ਜਾਵੇਗੀ। ਮੇਲਾ ਉਹ ਹੁੰਦਾ ਹੈ ਜਿੱਥੇ ਲੋਕ ਜੁੜਦੇ ਹਨ; ਪ੍ਰਦਰਸ਼ਨੀ ਉਹ ਹੁੰਦੀ ਹੈ ਜਿੱਥੇ ਵਸਤੂਆਂ ਸਜਦੀਆਂ ਹਨ। ਕਿਤਾਬਾਂ ਨੂੰ ਸਜਾਉਣ ਨਾਲੋਂ ਕਿਤਾਬਾਂ ਰਾਹੀਂ ਮਨੁੱਖ ਨੂੰ ਜਗਾਉਣਾ ਵਧੇਰੇ ਜ਼ਰੂਰੀ ਹੈ।
ਜ਼ਿੰਦਗੀ ਜ਼ਿੰਦਾਬਾਦ ਹੈ!
+++
ਬੁੱਧ ਸਿੰਘ ਨੀਲੋਂ
9464370823

Latest News

Latest News