ਡਾ. ਮੋਨਿਕਾ ਬੀ. ਸੂਦ ਨੇ ਪੰਜਾਬ ਦੇ ਰਾਜਪਾਲ ਨਾਲ ਸਾਂਝੇ ਕੀਤੇ ਆਪਣੀ ਪੁਸਤਕ ‘ਦਿ ਇਕਨੌਮਿਕ ਡੀਐਨਏ ਆਫ਼ ਭਾਰਤ’ ਦੇ ਅਹਿਮ ਵਿਚਾਰ

ਚੰਡੀਗੜ੍ਹ ਪੰਜਾਬ

ਪੁਸਤਕ ਦੀ ਭੂਮਿਕਾ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਲਿਖੀ ਹੈ, ਜਦਕਿ ਸੀਨੀਅਰ ਕੇਂਦਰੀ ਮੰਤਰੀਆਂ ਦੇ ਵਿਸ਼ੇਸ਼ ਸੰਦੇਸ਼ ਵੀ ਸ਼ਾਮਲ ਹਨ

ਚੰਡੀਗੜ੍ਹ, 21 ਨਵੰਬਰ ,ਬੋਲੇ ਪੰਜਾਬ ਬਿਊਰੋ;

ਲੇਖਿਕਾ, ਸਮਾਜਿਕ-ਆਰਥਿਕ ਵਿਸ਼ਲੇਸ਼ਕ ਅਤੇ ਉੱਦਮੀ ਡਾ. ਮੋਨਿਕਾ ਬੀ. ਸੂਦ ਨੇ ਆਪਣੀ ਪੁਸਤਕ ‘ਦਿ ਇਕਨੌਮਿਕ ਡੀਐਨਏ ਆਫ਼ ਭਾਰਤ’ ਦੇ ਅਹਿਮ ਵਿਚਾਰ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਸਾਂਝੇ ਕੀਤੇ।

ਡਾ. ਮੋਨਿਕਾ ਬੀ. ਸੂਦ ਨੇ ਰਾਜਪਾਲ ਨੂੰ ਪੁਸਤਕ ਦੀ ਇੱਕ ਕਾਪੀ ਵੀ ਭੇਟ ਕੀਤੀ। ਰਾਜਪਾਲ ਨੇ ਇਸ ਪੁਸਤਕ ਨੂੰ ਰਸਮੀ ਤੌਰ ’ਤੇ ਸਨਮਾਨ ਪ੍ਰਦਾਨ ਕੀਤਾ, ਜੋ ਡਾ. ਸੂਦ ਦੀ ਇਸ ਸਮੁੱਚੀ ਸਾਹਿਤਕ ਯਾਤਰਾ ਵਿੱਚ ਇੱਕ ਬੇਹੱਦ ਅਹਿਮ ਪ੍ਰਾਪਤੀ ਹੈ।

ਇਸ ਮੌਕੇ ਖੁਸ਼ੀ ਪ੍ਰਗਟ ਕਰਦਿਆਂ ਡਾ. ਮੋਨਿਕਾ ਬੀ. ਸੂਦ ਨੇ ਕਿਹਾ ਕਿ, “ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਆਪਣੀ ਪੁਸਤਕ ‘ਦਿ ਇਕਨੌਮਿਕ ਡੀਐਨਏ ਆਫ਼ ਭਾਰਤ’ ਦੇ ਅਹਿਮ ਪਹਿਲੂ ਸਾਂਝੇ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਇਸ ਪੁਸਤਕ ਦਾ ਉਦੇਸ਼ ਭਾਰਤ ਦੇ ਸੱਭਿਅਤਾਗਤ ਗਿਆਨ ਨੂੰ ਇਸ ਦੀ ਮੌਜੂਦਾ ਆਰਥਿਕ ਯਾਤਰਾ ਨਾਲ ਜੋੜਨਾ ਅਤੇ ਉਨ੍ਹਾਂ ਕਦਰਾਂ-ਕੀਮਤਾਂ ਨੂੰ ਸਮਝਣਾ ਹੈ, ਜੋ ਵਿਕਸਿਤ ਭਾਰਤ 2047 ਵੱਲ ਸਾਡੀ ਯਾਤਰਾ ਨੂੰ ਨਵਾਂ ਰੂਪ ਦੇਣਗੀਆਂ।”

ਸਾਈਮਨ ਐਂਡ ਸ਼ੂਸਟਰ ਇੰਡੀਆ ਵੱਲੋਂ ਪ੍ਰਕਾਸ਼ਿਤ 226 ਪੰਨਿਆਂ ਦੀ ਇਸ ਪੁਸਤਕ ਦੀ ਭੂਮਿਕਾ ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ (ਸੁਤੰਤਰ ਚਾਰਜ) ਅਰਜੁਨ ਰਾਮ ਮੇਘਵਾਲ ਨੇ ਲਿਖੀ ਹੈ। ਇਸ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ, ਕੇਂਦਰੀ ਮੰਤਰੀ ਕਿਰੇਨ ਰਿਜਿਜੂ ਅਤੇ ਕੇਂਦਰੀ ਰਾਜ ਮੰਤਰੀ ਪ੍ਰੋ. ਐਸ.ਪੀ. ਸਿੰਘ ਬਘੇਲ ਦੇ ਵਿਸ਼ੇਸ਼ ਸੰਦੇਸ਼ ਵੀ ਸ਼ਾਮਲ ਹਨ।

ਦਸ ਅਧਿਆਵਾਂ ਵਿੱਚ ਵੰਡੀ ਗਈ ਇਹ ਪੁਸਤਕ ਭਾਰਤ ਦੇ ਆਰਥਿਕ ਵਿਕਾਸ ਦੀ ਯਾਤਰਾ ਨੂੰ ਸਿੰਧੂ-ਸਰਸਵਤੀ ਸੱਭਿਅਤਾ ਅਤੇ ਕੌਟਿਲਯ ਦੇ ਆਰਥਿਕ ਫ਼ਲਸਫ਼ੇ ਤੋਂ ਲੈ ਕੇ ਬਸਤੀਵਾਦੀ ਸ਼ਾਸਨ, ਆਜ਼ਾਦੀ ਤੋਂ ਬਾਅਦ ਦੀਆਂ ਨੀਤੀਆਂ, ਆਰਥਿਕ ਉਦਾਰੀਕਰਨ ਅਤੇ ਡਿਜੀਟਲ ਯੁੱਗ ਤੱਕ ਪੇਸ਼ ਕਰਦੀ ਹੈ। ਇਸ ਵਿੱਚ ਆਰਥਿਕ ਵਿਕਾਸ ਦੀ ਨੀਂਹ ਨੂੰ ਤਿੰਨ ਸਿਧਾਂਤਾਂ ਰਾਹੀਂ ਸਮਝਾਇਆ ਗਿਆ ਹੈ। ਇਨ੍ਹਾਂ ਵਿੱਚ ਧਰਮ (ਨੈਤਿਕ ਜ਼ਿੰਮੇਵਾਰੀ), ਨਿਰਮਾਣ (ਰਾਸ਼ਟਰ ਨਿਰਮਾਣ) ਅਤੇ ਆਤਮਨਿਰਭਰਤਾ ਸ਼ਾਮਲ ਹਨ।

ਇਤਿਹਾਸ, ਜਨਤਕ ਨੀਤੀਆਂ ਅਤੇ ਸਵਦੇਸ਼ੀ ਆਰਥਿਕ ਚਿੰਤਨ ਦੇ ਆਧਾਰ ’ਤੇ ਡਾ. ਸੂਦ ਦਾ ਤਰਕ ਹੈ ਕਿ ਕਿਸੇ ਦੇਸ਼ ਦੀ ਆਰਥਿਕ ਤਾਕਤ ਸਿਰਫ਼ ਜੀਡੀਪੀ ਅਤੇ ਵਿੱਤੀ ਅੰਕੜਿਆਂ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਸ ਵਿੱਚ ਉਸ ਦੇ ਨਾਗਰਿਕਾਂ ਦਾ ਚਰਿੱਤਰ, ਵੱਖ-ਵੱਖ ਸੰਸਥਾਵਾਂ ਦੀ ਮਜ਼ਬੂਤੀ ਅਤੇ ਸੱਭਿਆਚਾਰਕ ਨਿਰੰਤਰਤਾ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ।

ਇਸ ਪੁਸਤਕ ਵਿੱਚ ਉਨ੍ਹਾਂ ਦੇ ਸਵਰਗਵਾਸੀ ਪਿਤਾ, ਅਰਥਸ਼ਾਸਤਰੀ ਅਤੇ ਲੇਖਕ ਪਰਮਜੀਤ ਕੁਮਾਰ ਦੇ ਬੌਧਿਕ ਪ੍ਰਭਾਵ ਨੂੰ ਵੀ ਸਵੀਕਾਰ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਗਈਆਂ ‘ਫਿਸਕਲ ਕੁਆਂਟਮ’ ਅਤੇ ‘ਇੰਟੈਗਰਲ ਕੈਪੀਟਲਿਜ਼ਮ’ ਦੀਆਂ ਧਾਰਨਾਵਾਂ ਨੇ ਆਰਥਿਕ ਪ੍ਰਭੂਸੱਤਾ ਅਤੇ ਟਿਕਾਊ ਵਿਕਾਸ ਬਾਰੇ ਡਾ. ਮੋਨਿਕਾ ਬੀ. ਸੂਦ ਦੀ ਸਮਝ ਨੂੰ ਨਵਾਂ ਰੂਪ ਦਿੱਤਾ।

ਪੁਸਤਕ ਭੇਟ ਕਰਨ ਦੇ ਮੌਕੇ ’ਤੇ ਭਾਜਪਾ ਚੰਡੀਗੜ੍ਹ ਮੈਡੀਕਲ ਸੈੱਲ ਦੇ ਕਨਵੀਨਰ ਲਲਿਤ ਟਾਕਿਆਰ, ਐਡਵੋਕੇਟ ਰਾਕੇਸ਼ ਸ਼ਰਮਾ ਅਤੇ ਬਲਵਿੰਦਰ ਕੌਰ ਵੀ ਮੌਜੂਦ ਰਹੇ।

ਡਾ. ਸੂਦ ਨੇ ਆਪਣੀ ਪੁਸਤਕ ਦੇ ਕੇਂਦਰੀ ਵਿਚਾਰ ਨੂੰ ਇਨ੍ਹਾਂ ਸ਼ਬਦਾਂ ਵਿੱਚ ਪ੍ਰਗਟ ਕੀਤਾ ਕਿ, “ਜੀਡੀਪੀ ਸਾਨੂੰ ਦੱਸ ਸਕਦੀ ਹੈ ਕਿ ਭਾਰਤ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਦਕਿ ਇਕਨੌਮਿਕ ਡੀਐਨਏ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਭਾਰਤ ਲਗਾਤਾਰ ਅੱਗੇ ਵਧਣ ਦਾ ਰਾਹ ਕਿਵੇਂ ਲੱਭ ਲੈਂਦਾ ਹੈ।”

Latest News

Latest News