ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ (ਐਮ. ਬੀ. ਯੂ.) 5-17 ਸਾਲ ਦੀ ਉਮਰ ਦੇ ਬੱਚਿਆਂ ਲਈ 30 ਸਤੰਬਰ 2027 ਤੱਕ ਮੁਫ਼ਤ ਹੈ
ਚੰਡੀਗੜ੍ਹ, 21 ਨਵੰਬਰ ,ਬੋਲੇ ਪੰਜਾਬ ਬਿਊਰੋ:
ਜਿਵੇਂ-ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਦੇ ਬਾਇਓਮੈਟ੍ਰਿਕ ਵੇਰਵੇ , ਜਿਸ ਵਿੱਚ ਉਂਗਲਾਂ ਦੇ ਨਿਸ਼ਾਨ, ਆਇਰਿਸ ਪੈਟਰਨ ਅਤੇ ਚਿਹਰੇ ਦੀਆਂ ਵਿਸ਼ੇਸ਼ਤਾਵਾਂ ਸ਼ਾਮਿਲ ਹਨ, ਵੀ ਸਮੇਂ ਦੇ ਨਾਲ-ਨਾਲ ਵਿਕਸਿਤ ਹੁੰਦੇ ਰਹਿੰਦੇ ਹਨ। ਇਹ ਯਕੀਨੀ ਬਣਾਉਣ ਲਈ ਕਿ ਉਨ੍ਹਾਂ ਦੇ ਆਧਾਰ ਬਾਇਓਮੈਟ੍ਰਿਕ ਰਿਕਾਰਡ ਉਨ੍ਹਾਂ ਦੇ ਵਾਧੇ ਦੇ ਅਨੁਸਾਰ ਅੱਪਡੇਟ ਰਹਿਣ, ਭਾਰਤੀ ਵਿਲੱਖਣ ਪਛਾਣ ਅਥਾਰਟੀ (ਯੂ. ਆਈ. ਡੀ. ਏ. ਆਈ.) ਵੱਲੋਂ 5 ਸਾਲ ਦੀ ਉਮਰ ਵਿੱਚ ਅਤੇ ਫਿਰ 15 ਸਾਲ ਦੀ ਉਮਰ ਵਿੱਚ ਬਾਇਓਮੈਟ੍ਰਿਕ ਅੱਪਡੇਟ ਨੂੰ ਲਾਜ਼ਮੀ ਬਣਾਇਆ ਗਿਆ ਹੈ।
ਯੂ. ਆਈ. ਡੀ. ਏ. ਆਈ. ਦੇ ਬੁਲਾਰੇ ਨੇ ਦੱਸਿਆ ਕਿ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਇਹ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ (ਐਮ. ਬੀ. ਯੂ.) ਨਿਰਧਾਰਤ ਉਮਰ ਦੇ ਅੰਦਰ-ਅੰਦਰ ਪੂਰੇ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਬੱਚਿਆਂ ਨੂੰ ਪ੍ਰਮਾਣੀਕਰਨ ਨਾਲ ਸਬੰਧਤ ਸੰਭਾਵੀ ਮੁਸ਼ਕਿਲਾਂ ਤੋਂ ਬਚਾਇਆ ਜਾ ਸਕੇ।
ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਬੱਚੇ ਦੀ ਆਧਾਰ ਬਾਇਓਮੈਟ੍ਰਿਕ ਜਾਣਕਾਰੀ ਨੂੰ ਅੱਪ ਟੂ ਡੇਟ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਇਸ ਤਰ੍ਹਾਂ ਜਿੱਥੇ ਵੀ ਲੋੜ ਹੋਵੇ ਨਿਰਵਿਘਨ ਆਧਾਰ ਪ੍ਰਮਾਣੀਕਰਨ ਦੀ ਸਹੂਲਤ ਮਿਲਦੀ ਹੈI ਬੁਲਾਰੇ ਨੇ ਦੱਸਿਆ ਕਿ ਬਾਇਓਮੈਟ੍ਰਿਕਸ ਦਾ ਸਮੇਂ ਸਿਰ ਅੱਪਡੇਟ ਬੱਚਿਆਂ ਨੂੰ ਆਧਾਰ-ਸਮਰੱਥ ਸੇਵਾਵਾਂ ਅਤੇ ਵਿੱਦਿਅਕ ਪ੍ਰਕਿਰਿਆਵਾਂ, ਪ੍ਰਤੀਯੋਗੀ ਪ੍ਰੀਖਿਆਵਾਂ, ਸਕਾਲਰਸ਼ਿਪਾਂ ਅਤੇ ਹੋਰ ਸੇਵਾਵਾਂ ਸਮੇਤ ਵੱਖ-ਵੱਖ ਮੌਕਿਆਂ, ਜਿੱਥੇ ਆਧਾਰ ਪ੍ਰਮਾਣੀਕਰਨ ਦੀ ਲੋੜ ਹੋ ਸਕਦੀ ਹੈ, ਤੱਕ ਪਹੁੰਚ ਕਰਨ ਦੌਰਾਨ ਸੰਭਾਵੀ ਅਸੁਵਿਧਾ ਤੋਂ ਬਚਣ ਵਿੱਚ ਮਦਦ ਕਰਦਾ ਹੈ ।
ਇਸ ਤੋਂ ਇਲਾਵਾ ਯੂ. ਆਈ. ਡੀ. ਏ. ਆਈ. 30 ਸਤੰਬਰ 2027 ਤੱਕ 5 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਲਈ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਨੂੰ ਮੁਫ਼ਤ ਵਿੱਚ ਪੂਰਾ ਕਰਨ ਦੀ ਸਹੂਲਤ ਦੇ ਰਿਹਾ ਹੈ। ਨਿਯਮਿਤ ਐਮ. ਬੀ. ਯੂ.
ਕੈਂਪ ਸਾਰੇ ਸਕੂਲਾਂ ਵਿੱਚ ਲਗਾਏ ਜਾ ਰਹੇ ਹਨ, ਇਸ ਪਹਿਲ ਰਾਹੀਂ ਮਾਪਿਆਂ ਨੂੰ ਇਸ ਸਮੇਂ ਦੌਰਾਨ ਐਮ. ਬੀ. ਯੂ. ਲਈ ਬਿਨਾਂ ਕੋਈ ਫੀਸ ਦਿੱਤੇ ਆਪਣੇ ਬੱਚਿਆਂ ਦੇ ਆਧਾਰ ਬਾਇਓਮੈਟ੍ਰਿਕ ਰਿਕਾਰਡ ਸਕੂਲ ਵਿੱਚ ਹੀ ਅਪਡੇਟ ਕਰਵਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ।
ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸਕੂਲਾਂ ਵਿੱਚ ਆਯੋਜਿਤ ਐਮ. ਬੀ. ਯੂ. ਕੈਂਪਾਂ ਵਿੱਚ ਇਸ ਸਹੂਲਤ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਕਿਉਂਕਿ ਇਹ ਕੈਂਪ ਬਾਇਓਮੈਟ੍ਰਿਕ ਅੱਪਡੇਟ ਨੂੰ ਪੂਰਾ ਕਰਨ ਲਈ ਇੱਕ ਸੁਵਿਧਾਜਨਕ ਜ਼ਰੀਆ ਪ੍ਰਦਾਨ ਕਰਦੇ ਹਨ। ਮਾਪੇ, ਇਹਨਾਂ ਆਧਾਰ ਐਮ. ਬੀ. ਯੂ. ਕੈਂਪਾਂ ਲਈ ਸਮਾਂ-ਸਾਰਣੀ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਕੂਲ ਪ੍ਰਿੰਸੀਪਲ ਜਾਂ ਸਕੂਲ ਪ੍ਰਸ਼ਾਸਨ ਨਾਲ ਸੰਪਰਕ ਕਰ ਸਕਦੇ ਹਨ।
ਬੱਚੇ ਆਪਣੇ ਬਾਇਓਮੈਟ੍ਰਿਕ ਅੱਪਡੇਟ ਨਜ਼ਦੀਕੀ ਆਧਾਰ ਸੇਵਾ ਕੇਂਦਰ ਜਾਂ ਸੇਵਾ ਦੀ ਪੇਸ਼ਕਸ਼ ਕਰਨ ਵਾਲੇ ਹੋਰ ਅਧਿਕਾਰਤ ਆਧਾਰ ਕੇਂਦਰਾਂ ‘ਤੇ ਵੀ ਕਰਵਾ ਸਕਦੇ ਹਨ।
ਯੂ. ਆਈ. ਡੀ. ਏ. ਆਈ. ਆਧਾਰ ਸੇਵਾ ਕੇਂਦਰ ਹਫ਼ਤੇ ਦੇ ਸੱਤ ਦਿਨ ਕੰਮ ਕਰਦੇ ਹਨ, ਜਿਸ ਨਾਲ ਲੋਕਾਂ ਨੂੰ ਆਪਣੀ ਸਹੂਲਤ ਅਨੁਸਾਰ, ਲਾਗੂ ਸੰਚਾਲਨ ਸਮੇਂ ਅਤੇ ਸੇਵਾ ਦੀ ਉਪਲਬਧਤਾ ਤੋੰ ਫਾਇਦਾ ਲੈਣ ਦੀ ਸਹੂਲਤ ਮਿਲਦੀ ਹੈ। ਮਾਪਿਆਂ ਨੂੰ ਇਸ ਸਹੂਲਤ ਦਾ ਲਾਭ ਉਠਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਸਮੇਂ ਸਿਰ ਪੂਰੇ ਕਰਵਾਉਣ।
ਯੂ. ਆਈ. ਡੀ. ਏ. ਆਈ.ਖੇਤਰੀ ਦਫ਼ਤਰ ਚੰਡੀਗੜ੍ਹ ਸਾਰੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਅਪੀਲ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਬੱਚਿਆਂ ਦੇ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਸਮੇਂ ਸਿਰ ਪੂਰੇ ਹੋਣ ਅਤੇ 30 ਸਤੰਬਰ 2027 ਤੱਕ 5-17 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫ਼ਤ ਐਮ. ਬੀ. ਯੂ. ਸਹੂਲਤ ਦਾ ਲਾਭ ਉਠਾਇਆ ਜਾਵੇ ।












