ਅਕਾਲੀ-ਭਾਜਪਾ ਗੱਠਜੋੜ ਸਿਆਸੀ ਮੌਕਾਪ੍ਰਸਤੀ ਦਾ ਸਿਖਰ- ਬਲਬੀਰ ਸਿੱਧੂ

ਪੰਜਾਬ

ਸੁਖਬੀਰ ਬਾਦਲ ਨੇ ਕੁਰਸੀ ਖ਼ਾਤਰ 700 ਕਿਸਾਨਾਂ ਦੀਆਂ ਸ਼ਹਾਦਤਾਂ ਰੋਲ਼ੀਆਂ

ਮੋਹਾਲੀ, 24 ਨਵੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸ. ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਮੁੜ ਹੋਏ ਗੱਠਜੋੜ ਨੂੰ ਸਿਰੇ ਦੀ ਸਿਆਸੀ ਮੌਕਾਪ੍ਰਸਤੀ ਅਤੇ ਪੰਜਾਬੀਆਂ ਨਾਲ ਵੱਡਾ ਧੋਖਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਖ਼ਰ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਅਤੇ ਪਿਛਲੇ 6 ਸਾਲਾਂ ਤੋਂ ਇੱਕ-ਦੂਜੇ ਖ਼ਿਲਾਫ਼ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਦੋਵਾਂ ਪਾਰਟੀਆਂ ਦਾ ਡਰਾਮਾ ਬੇਨਕਾਬ ਹੋ ਗਿਆ ਹੈ।

ਸ਼੍ਰੀ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਕੱਲ੍ਹ ਤੱਕ ਭਾਜਪਾ ਨੂੰ ਪੰਥ ਵਿਰੋਧੀ, ਪੰਜਾਬ ਵਿਰੋਧੀ ਅਤੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿੱਚ ਦਖ਼ਲਅੰਦਾਜ਼ੀ ਕਰਨ ਵਾਲੀ ਜਮਾਤ ਦੱਸਣ ਵਾਲੇ ਸੁਖਬੀਰ ਬਾਦਲ ਦੱਸਣ ਕਿ ਹੁਣ ਭਾਜਪਾ ਅਚਾਨਕ ਪੰਜਾਬ ਤੇ ਸਿੱਖ ਹਿਤੈਸ਼ੀ ਕਿਵੇਂ ਬਣ ਗਈ? ਉਨ੍ਹਾਂ ਦੋਸ਼ ਲਾਇਆ ਕਿ ਸੁਖਬੀਰ ਬਾਦਲ ਨੇ ਆਪਣੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਮੁੜ ਕੇਂਦਰੀ ਮੰਤਰੀ ਮੰਡਲ ਵਿੱਚ ਸੀਟ ਦਿਵਾਉਣ ਅਤੇ ਸੱਤਾ ਦੀ ਭੁੱਖ ਮਿਟਾਉਣ ਖ਼ਾਤਰ 700 ਕਿਸਾਨਾਂ ਦੀਆਂ ਸ਼ਹਾਦਤਾਂ ਨੂੰ ਦਰੜ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਨਾ ਤਾਂ ਅਜੇ ਤੱਕ ਕਿਸਾਨਾਂ ਨੂੰ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਮਿਲੀ ਹੈ, ਨਾ ਬੰਦੀ ਸਿੰਘ ਰਿਹਾਅ ਹੋਏ ਹਨ ਅਤੇ ਨਾ ਹੀ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ ਹੋਈ ਹੈ।

ਪੰਜਾਬ ਦੇ ਬੁਨਿਆਦੀ ਹੱਕਾਂ ਦਾ ਜ਼ਿਕਰ ਕਰਦਿਆਂ, ਸਾਬਕਾ ਮੰਤਰੀ ਨੇ ਪੁੱਛਿਆ ਕਿ ਕੀ ਇਸ ਸਮਝੌਤੇ ਤੋਂ ਪਹਿਲਾਂ ਭਾਜਪਾ ਨੇ ਚੰਡੀਗੜ੍ਹ ਪੰਜਾਬ ਨੂੰ ਸੌਂਪਣ, ਰਿਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਹੱਕ ਦੇਣ, ਬੀ.ਬੀ.ਐਮ.ਬੀ. ਅਤੇ ਪੰਜਾਬੀ ਬੋਲਦੇ ਇਲਾਕਿਆਂ ਬਾਰੇ ਆਪਣਾ ਪੰਜਾਬ ਵਿਰੋਧੀ ਸਟੈਂਡ ਬਦਲ ਲਿਆ ਹੈ?

ਸ਼੍ਰੀ ਸਿੱਧੂ ਨੇ ਭਾਜਪਾ ਨੂੰ ਵੀ ਘੇਰਦਿਆਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜਨ ਦੇ ਦਮਗਜ਼ੇ ਮਾਰਨ ਤੋਂ ਬਾਅਦ ਹੁਣ ਅੰਦਰੂਨੀ ਸਰਵਿਆਂ ਵਿੱਚ ਜ਼ਮੀਨ ਖਿਸਕਦੀ ਦੇਖ ਕੇ ਭਾਜਪਾ ਨੂੰ ਮੁੜ ਅਕਾਲੀ ਦਲ ਦੀ ਬੈਸਾਖੀ ਫੜਨੀ ਪਈ ਹੈ। ਉਨ੍ਹਾਂ ਅਕਾਲੀ ਦਲ ਨੂੰ ਚੇਤਾਵਨੀ ਦਿੱਤੀ ਕਿ ਭਾਜਪਾ ਨੇ ਹਮੇਸ਼ਾ ਆਪਣੀਆਂ ਖੇਤਰੀ ਭਾਈਵਾਲ ਪਾਰਟੀਆਂ ਜਿਵੇਂ ਬੀ.ਜੇ.ਡੀ., ਜੇ.ਡੀ.ਯੂ., ਸ਼ਿਵ ਸੈਨਾ ਅਤੇ ਇਨੈਲੋ ਨੂੰ ਖ਼ਤਮ ਕੀਤਾ ਹੈ ਅਤੇ ਇਹ ਗੱਠਜੋੜ ਅਕਾਲੀ ਦਲ ਲਈ ਸਿਆਸੀ ਕਬਰ ਸਾਬਤ ਹੋਵੇਗਾ।

ਸ਼੍ਰੀ ਸਿੱਧੂ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਭਾਈਵਾਲ ਜਥੇਬੰਦੀਆਂ—ਬੀਕੇਯੂ (ਕਾਦੀਆਂ) ਅਤੇ ਬੀਕੇਯੂ (ਲੱਖੋਵਾਲ) ਨੂੰ ਵੀ ਸਵਾਲ ਕੀਤਾ ਕਿ ਜਿਨ੍ਹਾਂ ਨੇ ਹਾਲ ਹੀ ਵਿੱਚ ਬਾਦਲ ਦਲ ਨੂੰ ਬਿਨਾਂ ਸ਼ਰਤ ਹਮਾਇਤ ਦਿੱਤੀ ਸੀ, ਕੀ ਹੁਣ ਉਹ ਅਕਾਲੀ-ਭਾਜਪਾ ਗੱਠਜੋੜ ਦਾ ਵੀ ਸਮਰਥਨ ਕਰਨਗੇ ਜਾਂ ਕਿਸਾਨੀ ਹਿੱਤਾਂ ਦੀ ਰਾਖੀ ਕਰਦਿਆਂ ਆਪਣੀ ਹਮਾਇਤ ਵਾਪਸ ਲੈਣਗੇ? ਉਨ੍ਹਾਂ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਆਉਣ ਵਾਲੀਆਂ ਚੋਣਾਂ ਵਿੱਚ ਇਸ ਨਾਪਾਕ ਗੱਠਜੋੜ ਨੂੰ ਕਰਾਰੀ ਹਾਰ ਦੇਣਗੇ।

Latest News

Latest News