ਪੰਜਾਬ ‘ਚ ਵਾਪਰੀ ਅਜੀਬ ਘਟਨਾ, ਸ਼ਮਸ਼ਾਨ ਘਾਟ ਵਿੱਚੋਂ ਔਰਤ ਦੀਆਂ ਅਸਥੀਆਂ ਚੋਰੀ
ਫ਼ਿਰੋਜ਼ਪੁਰ, 11 ਨਵੰਬਰ,ਬੋਲੇ ਪੰਜਾਬ ਬਿਊਰੋ :
ਫ਼ਿਰੋਜ਼ਪੁਰ ਵਿੱਚ ਇੱਕ ਅਜੀਬ ਘਟਨਾ ਸਾਹਮਣੇ ਆਈ ਹੈ। ਇੱਕ ਤਾਂਤਰਿਕ ਵੱਲੋਂ ਸ਼ਮਸ਼ਾਨ ਘਾਟ ਵਿੱਚੋਂ ਇੱਕ ਔਰਤ ਦੀਆਂ ਅਸਥੀਆਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਬੋਹਰ ਉਪ ਮੰਡਲ ਦੇ ਪਿੰਡ ਪੰਜਕੋਸੀ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਦੀ ਮ੍ਰਿਤਕ ਮਾਤਾ ਦੀਆਂ ਅਸਥੀਆਂ ਸ਼ਮਸ਼ਾਨਘਾਟ ਤੋਂ ਚੋਰੀ ਹੋ ਗਈਆਂ।ਜਿਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਦੇ ਲੋਕਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ। ਪਰਿਵਾਰ ਨੂੰ ਅਸਥੀਆਂ ਚੋਰੀ ਹੋਣ ਦਾ ਉਦੋਂ ਪਤਾ ਲੱਗਾ ਜਦੋਂ ਉਹ ਅਸਥੀਆਂ ਦੇ ਵਿਸਰਜਨ ਲਈ ਹਰਿਦੁਆਰ ਜਾਣ ਦੀ ਤਿਆਰੀ ਕਰ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਅਬੋਹਰ ਦੇ ਇੱਕ ਤਾਂਤਰਿਕ ਨੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਦੀ ਮਦਦ ਨਾਲ ਜਾਦੂ-ਟੂਣਾ ਕਰਨ ਅਤੇ ਕਾਲਾ ਜਾਦੂ ਕਰਨ ਨੂੰ ਲੈ ਕੇ ਉਪਰੋਕਤ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਉਕਤ ਘਟਨਾ ਵਿੱਚ ਪਿੰਡ ਦੀ ਇੱਕ ਔਰਤ ਵੀ ਸ਼ਾਮਲ ਦੱਸੀ ਜਾਂਦੀ ਹੈ। ਮਾਂ ਦੀਆਂ ਅਸਥੀਆਂ ਗੰਗਾ ਵਿੱਚ ਜਲ ਪ੍ਰਵਾਹ ਨਾ ਹੋਣ ਤੋਂ ਦੁਖੀ ਪਰਿਵਾਰ ਨੇ ਪੁਲੀਸ ਤੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਪਰਿਵਾਰ ਦੁਖੀ ਹੈ।












