ਕਿਰਤੀ ਲੋਕ ਕਦੋਂ ਜਾਗਣਗੇ ?

ਸਾਹਿਤ ਪੰਜਾਬ

ਮਈ ਦਿਵਸ ਨੂੰ ਯਾਦ ਕਰਦਿਆਂ

ਕਿਰਤੀ ਲੋਕ ਕਦੋਂ ਜਾਗਣਗੇ ?
ਇਹਨਾਂ ਸਮਿਆਂ ਵਿੱਚ ਜੇ ਸਭ ਤੋਂ ਵਧੇਰੇ ਦੁੱਖ ਝੱਲਦੇ ਹਨ ਤਾਂ ਉਹ ਕਿਰਤੀ ਵਰਗ ਹੈ, ਕਿਉਂਕਿ ਉਸ ਕੋਲੋਂ ਜ਼ਿੰਦਗੀ ਜਿਊਣ ਦੇ ਸਾਰੇ ਹੀ ਸਾਧਨ ਖੋਏ ਜਾ ਰਹੇ ਹਨ। ਵੱਡੀਆਂ ਫੈਕਟਰੀਆਂ ਵਿੱਚ ਸਵੈਚਾਲਕ ਮਸ਼ੀਨਾਂ ਆਉਣ ਨਾਲ ਕਰੋੜਾਂ ਮਜ਼ਦੂਰਾਂ ਕੋਲੋਂ ਜ਼ਿੰਦਗੀ ਖੋਹੀ ਜਾ ਰਹੀ ਹੈ। ਬਹੁਕੌਮੀ ਕੰਪਨੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਖੇਤੀਬਾੜੀ ਦੇ ਖੇਤਰ ਵਿਚੋਂ ਬੇਦਖ਼ਲ ਕਰਨ ਲਈ ਨਵੀਆਂ ਨੀਤੀਆਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕਰਕੇ ਦੁਨੀਆਂ ਭਰ ਵਿੱਚ ਕਿਰਤੀ ਵਰਗ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ। ਦੇਸ਼ ਵਿੱਚ ਕਿਰਤੀ ਵਰਗ ਨੂੰ ਉਜਾੜਣ ਲਈ ਸਰਕਾਰਾਂ ਹੀ ਨਹੀਂ ਪਿੰਡਾਂ ਦੀ ਪੰਚਾਇਤਾਂ ਵੀ ਨਾਦਰਸ਼ਾਹੀ ਫੁਰਮਾਨ ਜਾਰੀ ਕਰਨ ਲੱਗੀਆਂ ਹਨ ਤਾਂ ਕਿਰਤੀ ਵਰਗ ਨੂੰ ਜਰੂਰ ਸੁਚੇਤ ਹੋਣ ਦੀ ਲੋੜ ਹੈ। ਹੁਣ ਵੀ ਜੇ ਕਿਰਤੀ ਨਾ ਜਾਗਿਆ ਤਾਂ ਉਹਨਾਂ ਨੂੰ ਨਰਕ ਵਿੱਚੋਂ ਕੋਈ ਤਾਕਤ ਨਹੀਂ ਕੱਢ ਸਕਦੀ। ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਨੌਕਰੀ ਕਰਨ ਵਾਲਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ, ਪਰ ਜਿਹੜੇ ਬਾਕੀ ਦਾ ਕਿਰਤੀ ਵਰਗ ਹਨ, ਉਨ੍ਹਾਂ ਨੂੰ ਆਟਾ ਹਾਸਲ ਕਰਨ ਲਈ ਨਿੱਤ ਖੂਹ ਪੁੱਟ ਕੇ ਪਾਣੀ ਪੀਣਾ ਪੈਂਦਾ ਹੈ। ਰੋਜ਼ਾਨਾ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ‘ਮੀਂਹ ਜਾਵੇ ਨੇਰੀ ਆਵੇ’ ਉਨਾਂ ਲਈ ਰੁਕਾਵਟ ਨਹੀਂ ਬਣਦੀ। ਇਨ੍ਹਾਂ ਲਈ ਖੂਹ ਕਿੱਥੇ, ਕਦੋਂ ਤੇ ਕਿੰਨਾਂ ਡੂੰਘਾ ਪੁੱਟਣਾ ਹੈ, ਇਸ ਦੀ ਵੀ ਖ਼ਬਰ ਨਹੀਂ ਹੁੰਦੀ। ਉਨ੍ਹਾਂ ਨੂੰ ਤਾਂ ਸ਼ਿਕਾਰੀ ਵਾਂਗ ਹੱਥਿਆਰ ਤੇ ਔਜ਼ਾਰ ਲੈ ਕੇ ਹਰ ਰੋਜ਼ ਰੋਟੀ ਦੀ ਭਾਲ ਵਿਚ ਜਾਣਾ ਪੈਂਦਾ ਹੈ।
ਅੱਗਿਓਂ ਕੀ ਹਾਸਲ ਹੁੰਦਾ ਹੈ? ਇਹ ਵੀ ਪਤਾ ਨਹੀਂ ਹੁੰਦਾ। ਕਦੀ ਤਾਂ ਕੰਮ ਵੱਡਾ ਵੀ ਮਿਲ ਜਾਂਦਾ ਹੈ, ਕਈ ਵਾਰੀ ਸਾਰੀ ਦਿਹਾੜੀ ਭਰ ਮਿਹਨਤ ਕਰਨ ਤੇ ਕੁੱਝ ਵੀ ਨਹੀਂ ਹੱਥ ਲਗਦਾ ਪਰ ਉਹ ਕਦੇ ਨਿਰਾਸ਼ ਨਹੀਂ ਹੁੰਦੇ, ਹਾਂ ਉਦਾਸ ਜਰੂਰ ਹੁੰਦੇ ਹਨ। ਉਨ੍ਹਾਂ ਦੀ ਹਾਲਤ ‘ਬੁੱਢਾ ਤੇ ਸਮੁੰਦਰ’ ਦੇ ਉਸ ਨਾਇਕ ਵਰਗੀ ਹੁੰਦੀ ਹੈ, ਜਿਹੜਾ ਆਸ ਨਹੀਂ ਛੱਡਦਾ। ਜਦੋਂ ਅਸੀਂ ਆਸ ਦਾ ਪੱਲਾ ਛੱਡ ਦਿੰਦੇ ਹਾਂ ਤਾਂ ਪੱਲਾ ਵੀ ਸਾਡੇ ਕੋਲੋਂ ਕੋਹਾਂ ਦੂਰ ਚਲੇ ਜਾਂਦਾ ਹੈ ਪਰ ਨਿੱਤ ਦੀ ਦਿਹਾੜੀ ਲਾਉਣ ਵਾਲਿਆਂ ਲਈ ਆਸ ਦਾ ਪੱਲਾ ਛੱਡਣਾ ਮੁਸ਼ਕਿਲ ਹੁੰਦਾ ਹੈ, ਉਨ੍ਹਾਂ ਨੂੰ ਆਪਣਾ ਹੀ ਨਹੀਂ ਸਗੋਂ ਪਰਿਵਾਰ ਦਾ ਫਿਕਰ ਹੁੰਦਾ ਹੈ।
ਉਹ ਨਿੱਤ ਆਪਣੇ ਦਿਨ ਦਾ ਸਫ਼ਰ ਮੂੰਹ ਹਨੇਰੇ ਤੋਂ ਕਰਦੇ ਹਨ ਤੇ ਮੂੰਹ ਹਨੇਰੇ ਹੀ ਆਪਣੇ ਘਰਾਂ ਨੂੰ ਪਰਤਦੇ ਹਨ, ਇਨ੍ਹਾਂ ਦੇ ਘਰਾਂ ਅੰਦਰ ਇਨ੍ਹਾਂ ਦੀ ਉਡੀਕ ਕਰਨ ਵਾਲੇ ਬਰੂਹਾਂ ‘ਤੇ ਖੜੇ ਇੰਤਜ਼ਾਰ ਕਰਦੇ ਹਨ। ਉਨ੍ਹਾਂ ਲਈ ਘਰੋਂ ਗਿਆਂ ਦੀ ਉਡੀਕ ਕਰਨੀ ਉਨ੍ਹਾਂ ਦੇ ਜੀਵਨ ਦਾ ਹਿੱਸਾ ਹੁੰਦੀ ਹੈ। ਕਿਉਂਕਿ ਉਹਨਾਂ ਦੇ ਹਿੱਸੇ ਦੇ ਸੁਪਨੇ ਤੇ ਚਾਅ ਉਡਦੇ ਬਾਜ਼ ਲੈਣ ਗਏ ਹਨ।
ਉਨ੍ਹਾਂ ਦੀ ਜ਼ਿੰਦਗੀ ਕਿਸੇ ਨਰਕ ਦੇ ਨਾਲੋਂ ਘੱਟ ਨਹੀਂ ਹੁੰਦੀ ਪਰ ਉਹ ਆਪਣੇ ਜੀਵਨ ਵਿੱਚ ਆਈਆਂ, ਨਿੱਕੀਆਂ-ਨਿੱਕੀਆਂ ਖੁਸ਼ੀਆਂ ਨੂੰ ਕਦੇ ਵੀ ਹੱਥੋਂ ਨਹੀਂ ਜਾਣ ਦਿੰਦੇ, ਪਰ ਬਹੁਤੇ ਲੋਕ ਨਿੱਕੀਆਂ ਖੁਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜਦੋਂ ਕਿਸੇ ਵੱਡੀ ਖੁਸ਼ੀ ਦੀ ਤਲਾਸ਼ ਵਿੱਚ ਨਿਕਲਦੇ ਹਨ ਤਾਂ ਉਹ ਭਟਕ ਜਾਂਦੇ ਹਨ, ਭਟਕਿਆ ਮਨੁੱਖ ਕਦੇ ਵੀ ਵਾਪਸ ਨਹੀਂ ਪਰਤਦਾ। ਉਸ ਲਈ ਜੰਗਲ ਹੀ ਅਜਿਹੀ ਗੁਫਾ ਬਣ ਜਾਂਦਾ ਹੈ, ਜਿੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ ਦਿਖਦਾ।
ਜ਼ਿੰਦਗੀ ਵਿੱਚ ਅਸੀਂ ਭਟਕਦੇ ਵਧੇਰੇ ਹਾਂ, ਸਹੀ ਰਸਤਿਆਂ ਉੱਤੇ ਘੱਟ ਤੁਰਦੇ ਹਾਂ। ਇਸੇ ਕਰਕੇ ਕਈ ਵਾਰ ਅਸੀਂ ਕੋਹਲੂ ਦੇ ਬਲ਼ਦ ਵਾਂਗ ਇੱਕ ਹੀ ਥਾਂ ਉੱਤੇ ਘੁੰਮੀਂ ਜਾਂਦੇ ਹਾਂ। ਨਾ ਸਫ਼ਰ ਮੁਕਦਾ ਹੈ ਤੇ ਨਾ ਹੀ ਭਟਕਣਾ ਮੁਕਦੀ ਹੈ। ਇਸ ਭਟਕਣਾਂ ਵਿੱਚ ਕਈ ਵਾਰ ਜ਼ਿੰਦਗੀ ਵੀ ਮੁੱਕ ਜਾਂਦੀ ਹੈ। ਬਾਅਦ ਵਿਚ ਉਸ ਜ਼ਿੰਦਗੀ ਦੇ ਨਾਲ ਜੁੜੀਆਂ ਕਥਾ-ਕਹਾਣੀਆਂ ਰਹਿ ਜਾਂਦੀਆਂ ਹਨ।
ਨਿੱਤ ਖੂਹ ਪੁਟਣ ਵਾਲਿਆਂ ਨੂੰ ਸਮਾਜ ਦੀਆਂ ਬਹੁਤ ਸਾਰੀਆਂ ਅਜਿਹੀਆਂ ਬੋਲੀਆਂ ਤੇ ਬੋਲ ਕਬੋਲ ਵੀ ਸੁਨਣੇ ਪੈਂਦੇ ਹਨ, ਜਿਹੜੇ ਉਨ੍ਹਾਂ ਨੇ ਕਦੇ ਸੋਚੇ ਵੀ ਨਹੀਂ ਹੁੰਦੇ, ਕਈ ਵਾਰ ਤਾਂ ਅਜਿਹੇ ਅਪ-ਸ਼ਬਦ ਵੀ ਸੁਨਣੇ ਪੈਂਦੇ ਹਨ, ਜਿਹੜੇ ਖੰਜਰ ਨਾਲੋਂ ਵੀ ਤਿੱਖੇ ਤੇ ਜ਼ਹਿਰ ਨਾਲੋਂ ਜ਼ਹਿਰੀਲੇ ਹੁੰਦੇ ਹਨ। ਪਰ ਉਨ੍ਹਾਂ ਲਈ ਤਾਂ ਇਹ ਸਭ ਕੁੱਝ ਸੁਨਣ ਦੀ ਇੱਕ ਆਦਤ ਬਣ ਜਾਂਦੀ ਹੈ।
ਉਨ੍ਹਾਂ ਕੋਲ ਇਨ੍ਹਾਂ ਸ਼ਬਦਾਂ ਦੇ ਬਦਲੇ ਵਿੱਚ ਬੋਲਣ ਲਈ ਬੜਾ ਕੁੱਝ ਹੁੰਦਾ ਹੈ, ਪਰ ਢਿੱਡ ਦੀ ਮਜਬੂਰੀ, ਉਨ੍ਹਾਂ ਦੇ ਮੂੰਹ ਉੱਤੇ ਛਿੱਕਲੀ ਲਾ ਦਿੰਦੀ ਹੈ। ਨਿੱਤ ਖੂਹ ਪੁੱਟਣ ਵਾਲਿਆਂ ਵਿੱਚ ਕਿਰਤੀ ਲੋਕਾਂ ਵਿੱਚ ਸਬਜ਼ੀ ਵਾਲੇ, ਡੱਗੀ ਵਾਲੇ, ਪਾਨ ਵਾਲੇ, ਕੁਲਚਿਆਂ ਵਾਲੇ, ਮੋਚੀ , ਚੂੜੀਆਂ ਵੇਚਣ ਵਾਲੇ, ਕਬਾੜੀਏ, ਰਾਜ ਮਿਸਤਰੀ, ਤਰਖਾਣ, ਅਚਾਰ ਵੇਚਣ ਵਾਲੇ, ਮੱਝ-ਕੱਟਾ ਖਰੀਦਣ ਵਾਲੇ, ਗੋਲ ਗੱਪਿਆਂ ਵਾਲੇ, ਟਿੱਕੀਆਂ-ਬਰੈੱਡ-ਪਕੌੜੇ ਬਣਾਉਣ ਵਾਲੇ, ਚਾਹ-ਦੁੱਧ ਵਾਲੇ, ਪਰੌਠੇ ਦੀ ਰੇਹੜੀ ਵਾਲੇ, ਦਿਹਾੜੀਦਾਰ ਮਜ਼ਦੂਰ-ਸਫੈਦੀ ਕਰਨ ਵਾਲੇ, ਮਾਰਬਲ ਲਾਉਣ ਵਾਲੇ, ਲੁੱਕ ਪਾਉਣ ਵਾਲੇ, ਕਰਦਾਂ-ਚਾਕੂ ਤੇ ਜਿੰਦੇ ਕੁੰਜੀਆਂ ਲਗਾਉਣ ਵਾਲੇ, ਛੱਜ ਵੇਚਣ ਵਾਲੇ, ਪਾਨ ਬੀੜੀ ਵੇਚਣ ਵਾਲੇ, ਰੇਹੜੀ-ਫੜੀ ਲਗਾਉਣ ਵਾਲੇ, ਗਜ਼ਾ ਕਰਨ ਵਾਲੇ, ਭਾਂਡੇ-ਢੋਂਸੀ-ਬਰਫ਼-ਕੁਲਫੀਆਂ ਵੇਚਣ ਵਾਲੇ, ਦਾਣੇ-ਛੋਲੇ ਵੇਚਣ ਵਾਲੇ, ਦਹੀ ਵੇਚਣ ਵਾਲੇ, ਫਲੱਸ਼ਾਂ ਠੀਕ ਕਰਨ ਵਾਲੇ, ਗਲੀਆਂ ਵਿੱਚੋਂ ਕਾਗਜ਼ ਚੁੱਕਣ ਵਾਲੇ, ਲੋਹਾ ਚੁੱਕਣ ਵਾਲੇ, ਗੱਡੀਆਂ ਵਾਲੇ, ਤੱਸਲੇ-ਖੁਰਚਣੇ ਵੇਚਣ ਵਾਲੇ, ਤਸਲੇ ਵੇਚਣ ਤੇ ਥੱਲੇ ਲਗਾਉਣ ਵਾਲੇ, ਖਿਡੌਣੇ ਵੇਚਣ ਵਾਲੇ, ਬੱਸਾਂ ਤੇ ਗੱਡੀਆਂ ਵਿੱਚ ਖਾਣ-ਪੀਣ ਦਾ ਸਮਾਨ ਤੇ ਛੱਲੇ-ਮੁੰਦੀਆਂ, ਦਵਾਈ ਵੇਚਣ ਵਾਲੇ, ਸ਼ਰੀਰ ਤੇ ਨਾਮ ਖੁੱਬਣ ਵਾਲੀਆਂ-ਬੇਰ ਵੇਚਣ ਵਾਲੇ, ਮਿੱਟੀ ਦੇ ਭਾਂਡੇ ਵੇਚਣ ਵਾਲੇ, ਪਾਂਡੂ ਵੇਚਣ ਵਾਲੇ, ਸਾਗ-ਮੇਥੇ-ਪਾਲਕ ਵੇਚਣ ਵਾਲੇ, ਫਲ ਵੇਚਣ ਵਾਲੇ, ਹਜ਼ਾਮਤ ਕਰਨ ਵਾਲੇ, ਦਾਤਣਾਂ ਵੇਚਣ ਵਾਲੇ, ਪੁਰਾਣੇ ਕੱਪੜੇ ਵੇਚਣ ਵਾਲੇ, ਨਿੰਬੂ ਪਾਣੀ-ਸੋਡਾ ਵੇਚਣ ਵਾਲੇ, ਆਈਸ ਕਰੀਮ ਵੇਚਣ ਵਾਲੇ, ਗੱਡੀਆਂ ਠੀਕ ਕਰਨ ਵਾਲੇ, ਟਾਂਕੇ ਲਾਉਣ ਵਾਲੇ, ਰਿਕਸ਼ਾ-ਆਟੋ ਚਲਾਉਣ ਵਾਲੇ, ਜੁੱਤੀਆਂ ਵੇਚਣ ਵਾਲੇ, ਦਰੀਆਂ, ਚਾਦਰਾਂ ਵੇਚਣ ਵਾਲੇ ਸ਼ਾਮਲ ਹਨ। ਕਿਸਾਨ ਮਜ਼ਦੂਰ ਤੇ ਮੁਲਾਜ਼ਮ ਵਰਗ ਵੀ ਨਿੱਤ ਕਿਰਤ ਕਮਾਈ ਕਰਨ ਲਈ ਜਾਂਦਾ ਹੈ।
ਸਮਾਜਕ, ਆਰਥਿਕ, ਧਾਰਮਿਕ, ਰਾਜਨੀਤਿਕ ਸਿੱਖਿਆ ਦੀ ਨਾ ਬਰਾਬਰੀ ਨੇ ਇਨ੍ਹਾਂ ਕਿਰਤੀਆਂ ਦੇ ਕੋਲੋਂ ਬਹੁਤ ਕੁੱਝ ਖੋਹ ਲਿਆ ਹੈ। ਇਨ੍ਹਾਂ ਲਈ ਸਦੀਆਂ ਤੋਂ ਕੁੱਲੀ-ਗੁੱਲੀ-ਜੁੱਲੀ ਦੀ ਜੰਗ ਹੀ ਜਿੱਤ ਨਹੀਂ ਹੋਈ। ਇਸੇ ਹੀ ਕਰਕੇ ਹੁਣ ਸਮਾਜ ਅੰਦਰ ਮਨੁੱਖ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਉਪਰਲਾ ਵਰਗ ਜਿਹੜਾ ਸੋਨੇ ਦਾ ਚਮਚਾ ਲੈ ਕੇ ਜੰਮਿਆ ਹੈ, ਉਨ੍ਹਾਂ ਕੋਲ ਜ਼ਮੀਨ ਜਾਇਦਾਦ ਤੇ ਮਾਇਆ ਵਧੀ ਜਾ ਰਹੀ ਹੈ। ਉਨ੍ਹਾਂ ਲਈ ਕਿਸੇ ਵੀ ਸਹੂਲਤ ਦੀ ਕੋਈ ਵੀ ਘਾਟ ਨਹੀਂ।
ਵਿਚਕਾਰਲਾ ਵਰਗ ਉਹ ਹੈ, ਜਿਹੜੇ ਆਪਣਿਆਂ ਨਾਲੋਂ ਟੁੱਟ ਗਿਆ ਹੈ, ਉਹ ਉੱਪਰਲਿਆਂ ਦੇ ਨਾਲ ਜੁੜਨ ਲਈ ਕਿਸ਼ਤਾਂ ਦੇ ਚੱਕਰ ਵਿੱਚ ਗੁਆਚ ਗਿਆ ਹੈ। ਇਹਨਾਂ ਦੋਹਾਂ ਵਰਗਾਂ ਦੀ ਗਿਣਤੀ ਵੀ ਬਹੁਤ ਥੋੜੀ ਹੈ। ਬਹੁਗਿਣਤੀ ਤਾਂ ਥੱਲੜੇ ਵਰਗ ਦੀ ਹੈ, ਜਿਹੜਾ ਨਾ ਜਿਉਂਦਿਆਂ ਵਿੱਚ ਹੈ ਤੇ ਨਾ ਮਰਿਆਂ ਵਿੱਚ ਹੈ, ਉਨ੍ਹਾਂ ਕੋਲੋਂ ਜ਼ਿੰਦਗੀ ਦੀਆਂ ਸਾਰੀਆਂ ਹੀ ਸੰਵਿਧਾਨਿਕ ਸਹੂਲਤਾਂ ਖੋਹੀਆਂ ਜਾ ਰਹੀਆਂ ਹਨ। ਉਹ ਨਾ ਸਿੱਖਿਆ ਹੀ ਹਾਸਲ ਕਰ ਸਕਦੇ ਹਨ ਤੇ ਨਾ ਹੀ ਆਪਣਾ ਇਲਾਜ ਕਰਵਾ ਸਕਦੇ ਹਨ।
ਉਨ੍ਹਾਂ ਲਈ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਹੀ ਨਹੀਂ ਪੂਰੀਆਂ ਹੁੰਦੀਆਂ ਜਿਹੜੇ ਮਿਹਨਤ ਮੁਸ਼ੱਕਤ ਕਰਕੇ ਸਿੱਖਿਆ ਪ੍ਰਾਪਤ ਕਰ ਵੀ ਲੈਂਦੇ ਹਨ, ਉਨ੍ਹਾਂ ਲਈ ਕੋਈ ਰੁਜ਼ਗਾਰ ਨਹੀਂ। ਉਹ ਬੇਰੁਜ਼ਗਾਰ ਹੋਏ ਸੜਕਾਂ ਉੱਤੇ ਪੁਲਿਸ ਦੀਆਂ ਲਾਠੀਆਂ ਖਾਣ ਜੋਗੇ ਰਹਿ ਗਏ ਹਨ। ਦੂਸਰੇ ਪਾਸੇ ਸਰਕਾਰ ਨੇ ਉਪਰਲੇ ਵਰਗ ਨੂੰ ਐਨੀਆਂ ਸਹੂਲਤਾਂ ਦੇ ਦਿੱਤੀਆਂ ਹਨ, ਸਿੱਖਿਆ ਮਾਫੀਆ, ਹਸਪਤਾਲ ਮਾਫੀਆ, ਧਰਮ ਦਾ ਮਾਫੀਆ, ਸੇਵਾ ਦਾ ਮਾਫੀਆ, ਸਾਹਿਤ ਦਾ ਮਾਫੀਆ, ਤੇ ਹਰ ਤਰ੍ਹਾਂ ਦਾ ਮਾਫੀਆ ਹੀ ਮਾਫੀਆ, ਜਿਹੜਾ ਦੋਵੇਂ ਹੱਥੀਂ ਦਿਨ ਤੇ ਰਾਤ ਲੁੱਟ ਰਿਹਾ ਹੈ।
ਜਿਹੜੇ ਲੋਕ ਆਲੀਸ਼ਾਨ ਕੋਠੀਆਂ, ਮਕਾਨਾਂ ਵਿੱਚ ਰਹਿੰਦੇ ਹਨ, ਉਨ੍ਹਾਂ ਵੱਲੋਂ ਸਮਾਜ ਵਿੱਚ ਪਾਏ ਗੰਦ ਨੂੰ ਸਾਫ਼ ਕਰਨ ਵਾਲੇ ਉਹ ਹੀ ਲੋਕ ਹਨ, ਜਿਹੜੇ ਕੂੜੇ ਕਰਕਟ ਤੇ ਗੰਦਗੀ ਵਿੱਚੋਂ ਆਪਣਾ ਪੇਟ ਭਰਨ ਲਈ ‘ਰੋਟੀ’ ਲੱਭਦੇ ਹਨ। ਇਨ੍ਹਾਂ ਕੋਠੀਆਂ ਵਿੱਚ ਜ਼ਿੰਦਗੀ ਨਾਲੋਂ, ਮਸ਼ੀਨਾਂ ਦੀ ਗਿਣਤੀ ਵੱਧ ਗਈ ਹੈ। ਗਲੈਮਰ ਦੀ ਚਕਾਚੌਂਧ ਨੇ ਸਮਾਜਕ ਰਿਸ਼ਤਿਆਂ ਦਾ ਗਲਾ ਘੁੱਟ ਦਿੱਤਾ ਹੈ। ਸਮਾਜ ਅੰਦਰ ਤਨਾਅ ਤਕਰਾਰ ਤੇ ਨਿੱਜੀ ਦੁਸ਼ਮਣੀਆਂ ‘ਚ ਨਿਰੰਤਰ ਵਾਧਾ ਹੋ ਰਿਹਾ ਹੈ।
ਨਿੱਤ ਖੂਹ ਪੁੱਟ ਕੇ ਪਾਣੀ ਪੀਣ ਵਾਲੇ, ਜਿਹੜੇ ਛੋਟੇ-ਮੋਟੇ ਅਦਾਰਿਆਂ ਵਿੱਚ ਕੰਮ ਕਰਦੇ ਹਨ, ਉੱਥੇ ਉਨ੍ਹਾਂ ਦਾ ਆਰਥਿਕ, ਸਰੀਰਿਕ ਤੇ ਮਾਨਸਿਕ ਸ਼ੋਸ਼ਣ ਕਰਨਾ ਉਨ੍ਹਾਂ ਅਦਾਰਿਆਂ ਦੇ ਮਾਲਕਾਂ ਦਾ ਹੱਕ ਬਣ ਗਿਆ ਹੈ। ਜਿਹੜਾ ਵੀ ਕੋਈ ਵਿਅਕਤੀ ਇਨ੍ਹਾਂ ਅਦਾਰਿਆਂ ਅੰਦਰ ਹੁੰਦੀ ਲੁੱਟ ਦਾ ਕਿੱਧਰੇ ਪਰਦਾ ਚਾਕ ਕਰਦਾ ਹੈ। ਉਸਨੂੰ ਖਪਾ ਦੇਂਦੇ ਹਨ। ਕਿਰਤੀ ਵਰਗ ਨੂੰ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਜੰਗ ਖੁਦ ਲੜਨੀ ਪਵੇਗੀ। ਕਿਉਂਕਿ ਬਿਨਾਂ ਮਰਿਆਂ ਸੁਰਗ ਨਹੀਂ ਦੇਖਿਆ ਜਾ ਸਕਦਾ। ਇਸ ਸਮੇਂ ਕਿਰਤੀ ਵਰਗ ਉਪਰ ਬਹੁਕੌਮੀ ਕੰਪਨੀਆਂ ਦੀਆਂ ਗਿਰਝਾਂ ਮੰਡਲਾ ਰਹੀਆਂ ਹਨ। ਉਹਨਾਂ ਨੇ ਕਿਰਤੀ ਵਰਗ ਦੇ ਹੱਥਾਂ ਵਿਚੋਂ ਜਲ, ਜੰਗਲ ਅਤੇ ਜ਼ਮੀਨ ਖੋਹਣ ਲਈ ਹਰ ਤਰ੍ਹਾਂ ਦਾ ਤਰੀਕਾ ਵਰਤਣਾ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਕਿਰਤੀ ਵਰਗ ਨੂੰ ਸੁਚੇਤ ਤੇ ਲਾਮਬੰਦ ਹੋਣ ਦੀ ਲੋੜ ਹੈ।

ਬੁੱਧ ਸਿੰਘ ਨੀਲੋੋ
9464370824

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।