ਪੰਜਾਬ ਗਿਰਝਾਂ ਦੇ ਕਬਜ਼ੇ ਹੇਠ!

ਪੰਜਾਬ

ਪੰਜਾਬ ਗਿਰਝਾਂ ਦੇ ਕਬਜ਼ੇ ਹੇਠ!

ਪੰਜਾਬ ਦੇ ਲੋਕਾਂ ਦੀ ਇਹ ਹੋਣੀ ਹੈ ਕਿ ਇਹ ਅਰਦਾਸ ਤਾਂ ਸਰਬੱਤ ਦੇ ਭਲੇ ਲਈ ਕਰਦੇ ਹਨ ਪਰ ਉਲਟਾ ਇਹਨਾਂ ਦਾ ਨੁਕਸਾਨ ਹੁੰਦਾ ਹੈ। ਇਸ ਨੁਕਸਾਨ ਨੂੰ ਇਹ ਰੱਬ ਦਾ ਭਾਣਾ ਮੰਨ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਦੇ ਹਨ ਕਿ ਉਹਨਾਂ ਭਲਾ ਕਰੇ। ਇਸ ਸਮੇਂ ਪੰਜਾਬ ਗਿਰਝਾਂ ਦੇ ਕਬਜ਼ੇ ਹੇਠ ਆ ਗਿਆ ਹੈ। ਇਹਨਾਂ ਗਿਰਝਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਚੂਡਣਾ ਸ਼ੁਰੂ ਕੀਤਾ ਹੋਇਆ ਹੈ। ਪੰਜ ਦਹਾਕੇ ਪਹਿਲਾਂ ਪੰਜਾਬ ਵਿੱਚ ਮਰੇ ਹੋਏ ਮੁਰਦਾਰ ਖਾਣ ਵਾਲੀਆਂ ਗਿਰਝਾਂ ਪਿੰਡਾਂ ਦੇ ਪਿੱਪਲਾਂ ਬੋਹੜਾਂ ਤੇ ਟਾਹਲੀਆਂ ਉਤੇ ਬੈਠੀਆਂ ਹੁੰਦੀਆਂ ਸਨ। ਉਦੋਂ ਪਿੰਡਾਂ ਵਿੱਚ ਹਰ ਘਰ ਦੁਧਾਰੂ ਪਸ਼ੂ ਪਾਲਣ ਲਈ ਹੁੰਦੇ ਸਨ। ਲੋਕ ਖੇਤੀਬਾੜੀ ਵੀ ਬਲਦਾਂ, ਊਠਾਂ ਤੇ ਝੋਟਿਆਂ ਨਾਲ ਕਰਦੇ ਸੀ। ਉਦੋਂ ਇਹ ਗਿਰਝਾਂ ਅਸਮਾਨ ਵਿੱਚ ਉਡਦੀਆਂ ਰਹਿੰਦੀਆਂ ਸਨ। ਜਿੱਥੇ ਵੀ ਉਹਨਾਂ ਨੂੰ ਕੋਈ ਹੱਡਾਂਰੋੜੀ ਵਿੱਚ ਮੁਰਦਾਰ ਦਿਖਦਾ , ਉਹ ਉਧਰ ਨੂੰ ਉਡ ਜਾਂਦੀਆਂ। ਜਦੋਂ ਖੇਤੀਬਾੜੀ ਲਈ ਮਸ਼ੀਨਰੀ ਆਈ, ਹੋਲੀ ਹੋਲੀ ਹੱਥੀਂ ਕਿਰਤ ਕਰਨ ਦਾ ਧੰਦਾ ਮਸ਼ੀਨਾਂ ਨਾਲ ਹੋਣ ਲੱਗਿਆ। ਮਸ਼ੀਨਾਂ ਦੇ ਆਉਣ ਨਾਲ ਪਸ਼ੂਆਂ ਨਾਲ ਖੇਤੀਬਾੜੀ ਕਰਨੀ ਘਟਦੀ ਦੀ ਘਟਦੀ ਘੱਟ ਗਈ। ਹੁਣ ਪਿੰਡਾਂ ਵਿੱਚ ਨਾ ਬਲਦ ਹਨ ਤੇ ਦੁਧਾਰੂ ਪਸ਼ੂ। ਹੁਣ ਘਰ ਘਰ ਲੋਹੇ ਦੀ ਮਸ਼ੀਨਾਂ ਆ ਗਈਆਂ ਹਨ। ਖੇਤੀਬਾੜੀ ਵਿੱਚ ਜ਼ਹਿਰੀਲੀਆਂ ਦਵਾਈਆਂ ਪਾਉਣ ਨਾਲ ਉਪਜਾਊ ਸ਼ਕਤੀ ਵਿੱਚ ਵਾਧਾ ਹੋਇਆ ਪਰ ਖੇਤੀਬਾੜੀ ਨਾਲ ਜੁੜੇ ਮਿੱਤਰ ਪਸ਼ੂ,ਪੰਛੀ ਤੇ ਜੀਵ ਖ਼ਤਮ ਹੋ ਗਏ। ਦੋ ਫ਼ਸਲੀ ਚੱਕਰ ਨੇ ਪੰਜਾਬ ਨੂੰ ਉਜਾੜਨ ਵਿੱਚ ਵੱਡੀ ਭੂਮਿਕਾ ਨਿਭਾਈ। ਪਹਿਲਾਂ ਜਿਹੜੀਆਂ ਗਿਰਝਾਂ, ਕਾਂ, ਕੁੱਤੇ ਤੇ ਗਿੱਦੜ, ਬਘਿਆੜ ਮੁਰਦਾਰ ਖਾਂਦੇ ਸਨ। ਉਹਨਾਂ ਨੇ ਆਪਣਾ ਰੂਪ ਬਦਲ ਲਿਆ। ਇਹ ਰੂਪ ਬਦਲਣ ਦਾ ਸਿਲਸਿਲਾ ਤਾਂ ਸੱਤਰਵਿਆਂ ਦੇ ਦਹਾਕੇ ਵਿੱਚ ਸ਼ੁਰੂ ਹੋ ਗਿਆ ਸੀ। ਹੋਲ਼ੀ ਹੋਲ਼ੀ ਇਹਨਾਂ ਮਾਸ ਖਾਣਿਆਂ ਨੇ ਆਪਣਾ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ। ਇਹਨਾਂ ਗਿਰਝਾਂ ਤੇ ਬਘਿਆੜਾਂ ਨੇ ਹਰ ਦਿਨ ਸ਼ਿਕਾਰ ਖੇਡਿਆ। ਨੌਜਵਾਨ ਪੁੱਤ ਘਰਾਂ ਵਿੱਚੋਂ ਗਾਇਬ ਹੋਣ ਲੱਗੇ। ਪਿੰਡਾਂ ਤੇ ਸ਼ਹਿਰਾਂ ਦੇ ਸਿਵਿਆਂ ਵਿੱਚ ਮੇਲੇ ਭਰਨ ਲੱਗੇ। ਸਿਵਲ ਹਸਪਤਾਲ ਤੇ ਥਾਣਿਆਂ ਦੇ ਬਾਹਰ ਲੋਕ ਬੇਵੱਸ ਹੋਕੇ ਹੰਝੂ ਵਹਾਉਣ ਲੱਗੇ। ਬਜ਼ੁਰਗਾਂ ਦੀਆਂ ਸੱਥਾਂ, ਘਰਾਂ ਤੇ ਥਾਣਿਆਂ ਵਿੱਚ ਦਾਹੜੀਆਂ ਰੁਲਣ ਲੱਗੀਆਂ। ਲੋਕ ਬੇਵੱਸ ਹੋ ਕੇ ਘਰਾਂ ਵਿੱਚ ਡਰ ਕੇ ਬਹਿ ਗਏ। ਕਿਉਂਕਿ ਜਦੋਂ ਵੀ ਗਿਰਝਾਂ ਤੇ ਬਘਿਆੜਾਂ ਦੀਆਂ ਡਾਰਾਂ ਆਉਂਦੀਆਂ ਤਾਂ ਪਤਾ ਨਹੀਂ ਲੱਗਦਾ ਸੀ, ਕਿਸ ਦੇ ਘਰ ਦਾ ਦੀਵਾ ਗੁੱਲ ਹੋ ਜਾਵੇ। ਇਹਨਾਂ ਗਿਰਝਾਂ ਤੇ ਬਘਿਆੜਾਂ ਦੇ ਵਿੱਚ ਸਿਆਸੀ ਪਾਰਟੀਆਂ ਦੇ ਆਗੂਆਂ, ਅਫਸਰਸ਼ਾਹੀ ਤੇ ਪੁਲਿਸ ਪ੍ਰਸ਼ਾਸਨ ਨੇ ਖੂਬ ਹੱਥ ਰੰਗੇ। ਫ਼ਿਰੌਤੀਆਂ ਮੰਗਣ ਵਾਲਿਆਂ ਨੇ ਆਪਣੇ ਰੂਪ ਵਟਾ ਕੇ ਆਉਣਾ ਤੇ ਲੁੱਟਮਾਰ ਕਰਕੇ ਚਲੇ ਜਾਣਾ। ਇਸੇ ਦੌਰਾਨ ਦਿੱਲੀ ਦੇ ਧਾੜਵੀਆਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਬੱਤੀ ਹੋਰ ਗੁਰਦੁਆਰਿਆਂ ਉਪਰ ਫੌਜੀ ਹਮਲਾ ਕੀਤਾ।ਇਸ ਫੌਜੀ ਹਮਲੇ ਨੂੰ ਹੋਇਆ ਚਾਰ ਦਹਾਕੇ ਬੀਤ ਗਏ। ਹੁਣ ਇਹਨਾਂ ਗਿਰਝਾਂ ਤੇ ਬਘਿਆੜਾਂ ਨੇ ਧਰਮ, ਰਾਜਨੀਤੀ, ਆਰਥਿਕਤਾ, ਸਮਾਜ, ਸਿਵਲ ਤੇ ਪੁਲਿਸ ਪ੍ਰਸ਼ਾਸਨ ਉਪਰ ਕਬਜ਼ਾ ਕਰ ਲਿਆ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕੱਖਾਂ ਤੋਂ ਹੌਲੇ ਹੋ ਗਏ। ਪੁਲਿਸ ਨੇ ਹੁਣ ਫੇਰ ਸ਼ਿਕਾਰ ਖੇਡਣਾ ਸ਼ੁਰੂ ਕਰ ਦਿੱਤਾ ਹੈ। ਹਰ ਸ਼ਿਕਾਰ ਖੇਡਣ ਦੀ ਇੱਕੋ ਕਹਾਣੀਆਂ ਮੀਡੀਆ ਵਿੱਚ ਆਉਣ ਲੱਗੀਆਂ। ਜਿਵੇਂ ਚਾਰ ਦਹਾਕੇ ਪਹਿਲਾਂ ਹੁੰਦਾ ਸੀ। ਹੁਣ ਸਮਾਂ, ਸਥਾਨ ਤੇ ਗਿਰਝਾਂ ਬਦਲੀਆਂ ਹਨ। ਦੁਰਘਟਨਾਵਾਂ ਪਹਿਲਾਂ ਵਰਗੀਆਂ ਹੁੰਦੀਆਂ ਹਨ। ਸਿੱਖ ਕੌਮ, ਸਿੱਖ ਪੰਥ ਤੇ ਸਿੱਖ ਜਥੇਬੰਦੀਆਂ ਲੀਹੋਂ ਲਹਿ ਗਈਆਂ ਹਨ। ਸਿਆਸੀ ਪਾਰਟੀਆਂ ਨੇ ਸੱਤਾ ਨੂੰ ਵਪਾਰ ਬਣਾ ਲਿਆ ਹੈ। ਇਹਨਾਂ ਦੀਆਂ ਮਿੱਠੀਆਂ ਗੱਲਾਂ ਬਾਤਾਂ ਵਿੱਚ ਪੰਜਾਬ ਹਰ ਪੰਜ ਸਾਲ ਬਾਅਦ ਰਗੜਿਆ ਜਾਂਦਾ ਹੈ। ਪੰਜਾਬ ਦੇ ਲੋਕਾਂ ਨੂੰ ਡਰਾਉਣ ਲਈ ਸਮੇਂ ਦੀਆਂ ਸਰਕਾਰਾਂ ਨੇ ਡਰ ਦੀ ਅਜਿਹੀ ਫ਼ਸਲ ਬੀਜੀ ਕਿ ਪੰਜਾਬ ਦੇ ਲੋਕਾਂ ਦਾ ਇਸ ਧਰਤੀ ਨਾਲੋਂ ਮੋਹ ਭੰਗ ਹੋਣ ਲੱਗਿਆ। ਨੌਜਵਾਨ ਕਾਨੂੰਨੀ ਤੇ ਗੈਰ ਕਾਨੂੰਨੀ ਪਰਵਾਸ ਕਰਨ ਲੱਗੇ। ਦੂਜੇ ਪਾਸੇ ਪੰਜਾਬ ਵਿੱਚ ਯੋਜਨਾਬੱਧ ਤਰੀਕੇ ਨਾਲ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਵਸਾਉਣ ਦਾ ਧੰਦਾ ਪੰਜਾਬ ਵਿਰੋਧੀ ਤਾਕਤਾਂ ਨੇ ਸ਼ੁਰੂ ਕਰ ਦਿੱਤਾ। ਪੰਜਾਬ ਦੇ ਲੋਕਾਂ ਨੇ ਕਾਂਗਰਸ ਤੇ ਅਕਾਲੀ ਦਲ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਅਜਿਹੇ ਸਬਜ਼ਬਾਗ਼ ਦਿਖਾਏ ਪੰਜਾਬੀ ਲਾਜਵੰਤੀ ਦੇ ਬੂਟੇ ਵਾਂਗੂੰ ਛਾਈ ਮਾਈਂ ਹੋ ਗਏ। ਉਹਨਾਂ ਨੇ ਰਿਕਾਰਡ ਤੋੜ ਦਿੱਤਾ। ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿੱਤ ਕੇ ਦਿੱਤੀਆਂ ਜਿਹੜੀਆਂ ਹੁਣ 94 ਹੋ ਗਈਆਂ ਹਨ। ਆਮ ਆਦਮੀ ਪਾਰਟੀ ਹੁਣ 95 ਸੀਟਾਂ ਦੇ ਚੱਕਰ ਵਿੱਚ ਪੰਜਾਬ ਦੇ ਲੋਕਾਂ ਦੀ ਚੱਕਰੀ ਘੁੰਮਾ ਰਹੀ ਹੈ। ਪੰਜਾਬ ਦੇ ਇਹ 94 ਵਿਧਾਇਕਾਂ ਉਂਪਰ 125 ਬਘਿਆੜ ਦਿੱਲੀ ਤੋਂ ਲਿਆ ਕੇ ਬਹਾ ਦਿੱਤੇ ਹਨ। ਜਿਹੜੇ ਪੰਜਾਬ ਦੇ ਖ਼ਜ਼ਾਨੇ ਨੂੰ ਅਬਦਾਲੀ ਵਾਂਗੂੰ ਲੁੱਟ ਰਹੇ ਹਨ। ਲੋਕਾਂ ਨੂੰ ਡਰਾਉਣ ਤੇ ਧਮਕਾਉਣ ਲਈ ਪੁਲਿਸ ਨੂੰ ਹਰ ਤਰ੍ਹਾਂ ਦੀ ਛੁੱਟੀ ਦੇ ਦਿੱਤੀ ਹੈ। ਪੰਜਾਬ ਹੁਣ ਭਗਵੰਤ ਮਾਨ ਦੇ ਕਬਜ਼ੇ ਵਿੱਚ ਨਹੀਂ ਸਗੋਂ ਦਿੱਲੀ ਦੇ ਧਾੜਵੀਆਂ ਦੇ ਕਬਜ਼ੇ ਵਿੱਚ ਹੈ। ਉਹ ਹਰ ਖੇਤਰ ਵਿਚ ਆਪਣੀਆਂ ਮਨਮਾਨੀਆਂ ਕਰਦੇ ਹਨ। ਪੁਲਿਸ ਨੇ ਚਾਰ ਦਹਾਕੇ ਪਹਿਲਾਂ ਵਾਲਾ ਰੂਪ ਅਖਤਿਆਰ ਕਰ ਲਿਆ ਹੈ। ਹੁਣ ਘਰਾਂ ਤੋਂ ਬਾਹਰ ਕੰਮ ਕਰਨ ਗਏ ਲੋਕਾਂ ਦਾ ਪਤਾ ਨਹੀਂ ਲੱਗਦਾ ਕਿ ਉਹ ਘਰ ਜਿਉਂਦੇ ਆਉਣ ਜਾਂ ਉਹਨਾਂ ਦੀਆਂ ਲਾਸ਼ਾਂ ਆਉਣ। ਹਰ ਰੋਜ਼ ਹੁੰਦੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਕਹਾਣੀਆਂ ਇਕੋ ਜਿਹੀਆਂ ਹਨ। ਲੋਕਾਂ ਨੂੰ ਲੁੱਟਣ,ਮਾਰਨ ਤੇ ਡਰਾਉਣ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਗਰਮ ਹਨ। ਮੀਡੀਆ ਵਿੱਚ ਇਹਨਾਂ ਵਲੋਂ ਕੀਤੀਆਂ ਲੁੱਟਾਂ ਖੋਹਾਂ ਤੇ ਮਾਰਨ ਤੇ ਮਰਨ ਲਈ ਮਜਬੂਰ ਕੀਤੇ ਪੰਜਾਬ ਦੇ ਲੋਕਾਂ ਦੀਆਂ ਖਬਰਾਂ ਮੀਡੀਆ ਵਿੱਚ ਆਉਂਦੀਆਂ ਹਨ। ਕਿਸੇ ਦੀ ਕੋਈ ਸੁਣਵਾਈ ਨਹੀਂ, ਪੰਜਾਬ ਦੇ ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਆਮ ਲੋਕ ਸਰਕਾਰ ਦੇ ਵਿਰੁੱਧ ਸੜਕਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਬਾਹਰ ਧਰਨੇ ਲਗਾਉਣ ਲਈ ਮਜਬੂਰ ਹਨ। ਪੰਜਾਬ ਦੇ ਲੋਕਾਂ ਦੀ ਜਾਨ ਤੇ ਮਾਲ ਦਾ ਕੋਈ ਵਾਲ਼ੀ ਵਾਰਿਸ ਨਹੀਂ। ਪੰਜਾਬ ਦੀਆਂ ਜ਼ਮੀਨਾਂ ਉਪਰ ਕਬਜ਼ਾ ਕਰਨ ਲਈ ਪੰਜਾਬ ਸਰਕਾਰ ਵਲੋਂ ਲੋਕ ਵਿਰੋਧੀ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ। ਲੋਕਾਂ ਨੂੰ ਹੁਣ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪੰਜਾਬ ਦਾ ਕੋਈ ਇਲਾਕਾ ਇਹੋ ਜਿਹਾ ਨਹੀਂ ਜਿਥੇ ਸਰਕਾਰ ਵੱਲੋਂ ਕੀਤੇ ਜਾ ਰਹੇ ਧੱਕੇ ਦੇ ਖ਼ਿਲਾਫ਼ ਧਰਨਾ ਨਾ ਲੱਗਿਆ ਹੋਵੇ। ਇਸ ਸਮੇਂ ਪੰਜਾਬ ਗਿਰਝਾਂ, ਕੁੱਤਿਆਂ, ਗਿੱਦੜਾਂ ਤੇ ਬਘਿਆੜਾਂ ਦੇ ਕਬਜ਼ੇ ਵਿੱਚ ਜਿਉਂਦੇ ਹੋਣ ਦਾ ਭ੍ਰਮ ਪਾਲੀ ਬੈਠਾ ਹੈ। ਕੁੱਝ ਅਗਾਂਹਵਧੂ ਤੇ ਜਾਗਦੇ ਲੋਕਾਂ ਵਲੋਂ ਇਹਨਾਂ ਧਾੜਵੀਆਂ ਦੇ ਖ਼ਿਲਾਫ਼ ਜੰਗ ਸ਼ੁਰੂ ਕੀਤੀ ਹੋਈ ਹੈ ਪ੍ਰੰਤੂ ਅਜੇ ਬਹੁਗਿਣਤੀ ਲੋਕਾਂ ਦੀ ਸੋਚ ਇਹ ਹੈ ਕਿ ਆਪਾਂ ਕੀ ਲੈਣਾ ਹੈ। ਅਸਲ ਵਿੱਚ ਉਹਨਾਂ ਘਰਾਂ ਤੱਕ ਅਜੇ ਅੱਗ ਪੁੱਜੀ ਨਹੀਂ ਪਰ ਅੱਗ ਵਿਕਰਾਲ ਰੂਪ ਵਿੱਚ ਆ ਗਈ ਹੈ। ਪੰਜਾਬ ਦੇ ਲੋਕਾਂ ਦਾ ਬਚਾਅ ਕੇਵਲ ਏਕਤਾ ਨਾਲ ਹੋਣਾ ਹੈ। ਪੰਜਾਬ ਦੇ ਅਗਾਂਹਵਧੂ ਸੋਚ ਦੇ ਲੋਕਾਂ ਨੂੰ ਆਪੋ ਆਪਣੀ ਡੱਫਲੀ ਵਜਾਉਣੀ ਬੰਦ ਕਰਕੇ ਇੱਕ ਸਾਂਝਾ ਸੰਘਰਸ਼ ਵਿੱਢਣਾ ਪਵੇਗਾ ਨਹੀਂ ਜਿਸ ਰਫ਼ਤਾਰ ਨਾਲ ਧਾੜਵੀਆਂ ਨੇ ਹੱਲਾ ਬੋਲਿਆ ਹੈ ਇਸ ਦੀ ਲਪੇਟ ਵਿੱਚ ਹਰ ਘਰ ਤੇ ਪੰਜਾਬੀ ਆਵੇਗਾ। ਹੁਣ ਪੰਜਾਬ ਦੇ ਲੋਕਾਂ ਨੇ ਬਦਲਾਅ ਦਾ ਅਸਲੀ ਚਿਹਰਾ ਦੇਖ ਲਿਆ ਹੈ। ਹੁਣ ਇਸ ਤੋਂ ਬਾਅਦ ਰੱਬ ਦਾ ਭਾਣਾ ਮੰਨਣ ਲਈ ਤਿਆਰ ਰਹੋ। ਪੰਜਾਬ ਹੁਣ ਗਿਰਝਾਂ, ਬਘਿਆੜਾਂ ਤੇ ਕੁੱਤਿਆਂ ਦੇ ਕਬਜ਼ੇ ਹੇਠ ਆ ਗਿਆ ਹੈ। ਦੇਖਦੇ ਹਾਂ ਕਿ ਸੂਰਮਿਆਂ ਦੇ ਵਾਰਿਸ ਕੀ ਧੋਬੀ ਪਟੜਾ ਮਾਰਦੇ ਹਨ ?

ਬੁੱਧ ਸਿੰਘ ਨੀਲੋਂ 
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।