ਹੁਸ਼ਿਆਰਪੁਰ, 10 ਅਕਤੂਬਰ,ਬੋਲੇ ਪੰਜਾਬ ਬਿਊਰੋ;
ਹੁਸ਼ਿਆਰਪੁਰ ਜ਼ਿਲ੍ਹੇ ’ਚ ਅਪਰਾਧ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪੁਰਹੀਰਾਂ ਪਿੰਡ ’ਚ ਬੱਚੇ ਦੀ ਅਗਵਾਹ ਤੇ ਕਤਲ ਦੇ ਮਾਮਲੇ ਦੀ ਗੂੰਜ ਅਜੇ ਠੰਡੀ ਵੀ ਨਹੀਂ ਹੋਈ ਸੀ ਕਿ ਅੱਡਾ ਬਾਗਪੁਰ ਤੋਂ ਇਕ ਹੋਰ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਕ, ਇਕ ਪ੍ਰਵਾਸੀ ਮਜ਼ਦੂਰ ਨੇ ਪਿੰਡ ਦੇ 8 ਸਾਲਾ ਅਪਾਹਜ ਬੱਚੇ ਨੂੰ ਉਸਦੇ ਘਰੋਂ ਅਗਵਾ ਕਰਕੇ ਪਿੰਡ ਦੇ ਕਬਰਸਤਾਨ ’ਚ ਲਿਜਾ ਕੇ ਉਸ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਵਲੋਂ ਸ਼ੋਰ ਮਚਾਉਣ ’ਤੇ ਪਿੰਡ ਦੇ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਬੱਚੇ ਨੂੰ ਬਚਾ ਲਿਆ। ਇਸ ਦੌਰਾਨ ਕਥਿਤ ਦੋਸ਼ੀ ਮਜ਼ਦੂਰ ਨੂੰ ਵੀ ਲੋਕਾਂ ਨੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਕਾਰਵਾਈ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਜਾ ਰਹੀ ਹੈ।












