ਚੰਡੀਗੜ੍ਹ, 12 ਦਸੰਬਰ, ਬੋਲੇ ਪੰਜਾਬ ਬਿਊਰੋ :
ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਸਾਬਕਾ ਰਾਜਪਾਲ ਸ਼ਿਵਰਾਜ ਪਾਟਿਲ ਦਾ ਅੱਜ ਸ਼ੁੱਕਰਵਾਰ ਨੂੰ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਸਵੇਰੇ 6:30 ਵਜੇ ਲਾਤੂਰ ਵਿੱਚ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ। ਉਹ 2010 ਤੋਂ 2015 ਤੱਕ ਪੰਜਾਬ ਦੇ ਸਾਬਕਾ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਰਹੇ। 2012 ਵਿੱਚ ਪੰਜਾਬ ਵਿਧਾਨ ਸਭਾ ‘ਚ ਆਪਣੇ ਸੰਬੋਧਨ ਵਿੱਚ, ਉਨ੍ਹਾਂ ਨੇ ਕਿਹਾ ਸੀ ਕਿ ਚੰਡੀਗੜ੍ਹ ਨੂੰ ਪੰਜਾਬ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕੇਂਦਰ ਨੂੰ ਪੰਜਾਬੀ ਬੋਲਦੇ ਇਲਾਕਿਆਂ ਨੂੰ ਪੰਜਾਬ ਵਿੱਚ ਸ਼ਾਮਲ ਕਰਨ ਦੀ ਮੰਗ ਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਾਟਿਲ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਕੇਂਦਰ ਰਾਜਾਂ ਦੀਆਂ ਜ਼ਰੂਰਤਾਂ ਨੂੰ ਸਮਝੇ ਬਿਨਾਂ ਯੋਜਨਾਵਾਂ ਅਤੇ ਨੀਤੀਆਂ ਬਣਾ ਰਿਹਾ ਹੈ, ਉਸ ਨਾਲ ਰਾਜ ਭਿਖਾਰੀ ਬਣ ਕੇ ਰਹਿ ਗਏ ਹਨ।












