ਨੰਬਰ ਪਲੇਟਾਂ ਨਾ ਹੋਣ ਕਰਕੇ ਇਹ ਲਾਲ ਬੱਤੀ ਦੀ ਵੀ ਉਲੰਘਣਾ ਕਰਦੇ ਹਨ
ਵਸਨੀਕਾਂ ਕਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸਮੱਸਿਆ ਦਿਨੋਂ ਦਿਨ ਵੱਧ ਰਹੀ ਹੈ
ਐਸ.ਏ.ਐਸ. ਨਗਰ , 11 ਮਾਰਚ ,ਬੋਲੇ ਪੰਜਾਬ ਬਿਊਰੋ;
ਚੱਪੜਚਿੜੀ ਤੋਂ ਮੋਹਾਲੀ ਕੋਰਟ ਕੰਪਲੈਕਸ ਤੱਕ (ਸੈਕਟਰ-91 ਰਾਹੀਂ) ਆਉਂਦੀ ਮੁੱਖ ਸੜਕ ਉੱਪਰ ਹਰ ਰੋਜ਼ ਸ਼ਾਮ ਦੇ ਸਮੇਂ ਸਵਾਰਾਜ ਟਰੈਕਟਰ ਚਾਲਕਾਂ ਵੱਲੋਂ ਲਾਈਆਂ ਜਾਂਦੀਆਂ ਤੇਜ਼ ਰਫ਼ਤਾਰ ਦੌੜਾਂ ਸਥਾਨਕ ਲੋਕਾਂ ਲਈ ਵੱਡੀ ਸਿਰਦਰਦੀ ਬਣ ਚੁੱਕੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਲਗਭਗ ਹਰ ਰੋਜ਼ ਸ਼ਾਮ ਪੰਜ ਵਜੇ ਦੇ ਕਰੀਬ ਕਈ ਟਰੈਕਟਰ ਚਾਲਕ ਸੜਕ ਦੇ ਵਿਚਕਾਰ ਬਰਾਬਰ-ਬਰਾਬਰ ਟਰੈਕਟਰ ਭਜਾ ਕੇ ਦੌੜਾਂ ਲਾਉਂਦੇ ਹਨ, ਜਿਸ ਨਾਲ ਸੜਕ ਉੱਤੇ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ।
ਸਥਾਨਕ ਵਸਨੀਕਾਂ ਅਨੁਸਾਰ ਇਹ ਸੜਕ ਦਫ਼ਤਰਾਂ ਤੋਂ ਛੁੱਟੀ ਹੋਣ ਦੇ ਸਮੇਂ ਬਹੁਤ ਵਿਆਸਤ ਰਹਿੰਦੀ ਹੈ। ਇਸ ਦੌਰਾਨ ਕਾਫ਼ੀ ਗਿਣਤੀ ਵਿੱਚ ਕਾਰਾਂ, ਦੋ ਪਹੀਆ ਵਾਹਨ ਅਤੇ ਹੋਰ ਵਾਹਨ ਇਸ ਰਾਹ ਤੋਂ ਗੁਜ਼ਰਦੇ ਹਨ। ਪਰ ਟਰੈਕਟਰ ਚਾਲਕ ਬਿਨਾਂ ਕਿਸੇ ਡਰ ਦੇ ਤੇਜ਼ ਰਫ਼ਤਾਰ ਨਾਲ ਸੜਕ ਦੇ ਵਿਚਕਾਰ ਟਰੈਕਟਰ ਭਜਾਉਂਦੇ ਹਨ, ਜਿਸ ਨਾਲ ਆਮ ਲੋਕਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਨੂੰ ਲੈ ਕੇ ਨਾ ਤਾਂ ਮੋਹਾਲੀ ਖੇਤਰ ਦੀ ਪੁਲਿਸ ਚੌਕੀ ਵੱਲੋਂ ਕੋਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਾ ਹੀ ਕੋਰਟ ਕੰਪਲੈਕਸ ਦੇ ਬਾਹਰ ਤਾਇਨਾਤ ਪੁਲਿਸ ਕਰਮਚਾਰੀ ਇਹਨਾਂ ਟਰੈਕਟਰ ਚਾਲਕਾਂ ਨੂੰ ਰੋਕਦੇ ਨਜ਼ਰ ਆਉਂਦੇ ਹਨ। ਇਹ ਟਰੈਕਟਰ ਚਾਲਕਾਂ ਦੇ ਨੰਬਰ ਪਲੇਟਾਂ ਨਾ ਹੋਣ ਕਰਕੇ ਇਹ ਲਾਲ ਬੱਤੀ ਦੀ ਵੀ ਉਲੰਘਣਾ ਕਰਦੇ ਹਨ ਅਤੇ ਲਾਲ ਬੱਤੀ ਹੋਣ ਦੇ ਬਾਵਜੂਦ ਵੀ ਟਰੈਕਟਰ ਭਜਾ ਕੇ ਲੰਘ ਜਾਂਦੇ ਹਨ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਆਨਲਾਈਨ ਚਲਾਣ ਨਹੀਂ ਹੋਣੇ ।
ਬੁੱਧਵਾਰ ਦੀ ਸ਼ਾਮ ਵੀ ਅਜਿਹਾ ਹੀ ਇੱਕ ਖ਼ਤਰਨਾਕ ਮੰਜ਼ਰ ਦੇਖਣ ਨੂੰ ਮਿਲਿਆ, ਜਦੋਂ ਦੋ ਵੱਡੇ ਹਾਦਸੇ ਹੋਣ ਤੋਂ ਬਚ ਗਏ। ਇੱਕ ਕਾਰ ਸਵਾਰ ਅਤੇ ਇੱਕ ਮੋਟਰਸਾਈਕਲ ਸਵਾਰ ਮੋਹਾਲੀ ਵੱਲੋਂ ਸੈਕਟਰ-91 ਦੀ ਦਿਸ਼ਾ ਵਿੱਚ ਜਾ ਰਹੇ ਸਨ ਕਿ ਸਾਹਮਣੇ ਤੋਂ ਕਈ ਟਰੈਕਟਰ ਚਾਲਕ ਦੌੜਾਂ ਲਾਉਂਦੇ ਆ ਰਹੇ ਸਨ। ਸੜਕ ਉੱਤੇ ਜਗ੍ਹਾ ਘੱਟ ਹੋਣ ਦੇ ਬਾਵਜੂਦ ਟਰੈਕਟਰ ਤੇਜ਼ ਰਫ਼ਤਾਰ ਨਾਲ ਆ ਰਹੇ ਸਨ। ਖੁਸ਼ਕਿਸਮਤੀ ਨਾਲ ਕਾਰ ਅਤੇ ਮੋਟਰਸਾਈਕਲ ਚਾਲਕਾਂ ਨੇ ਸਮੇਂ ਸਿਰ ਸਾਈਡ ਲੈ ਕੇ ਆਪਣੀ ਜਾਨ ਬਚਾ ਲਈ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ।
ਲੋਕਾਂ ਨੇ ਦੱਸਿਆ ਕਿ ਇਹ ਕਿਸੇ ਇੱਕ ਦਿਨ ਦੀ ਘਟਨਾ ਨਹੀਂ, ਸਗੋਂ ਰੋਜ਼ਾਨਾ ਦੀ ਸਮੱਸਿਆ ਬਣ ਚੁੱਕੀ ਹੈ। ਕਈ ਵਾਰ ਟਰੈਕਟਰ ਚਾਲਕ ਹੋਰ ਵਾਹਨਾਂ ਨੂੰ ਡਰਾ ਕੇ ਸਾਈਡ ਲੈਣ ਲਈ ਮਜਬੂਰ ਕਰਦੇ ਹਨ। ਜੇਕਰ ਕੋਈ ਕਾਰ ਚਾਲਕ ਹੌਲੀ ਗੱਡੀ ਚਲਾ ਰਿਹਾ ਹੋਵੇ ਤਾਂ ਟਰੈਕਟਰਾਂ ਦੀਆਂ ਰੇਸ਼ਾਂ ਦੇ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕਾਰਨ ਆਮ ਲੋਕ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ ਉੱਤੇ ਟਰੈਕਟਰਾਂ ਦੀ ਰਫ਼ਤਾਰ ਲਈ ਸਪੀਡ ਲਿਮਿਟ ਨਿਰਧਾਰਿਤ ਕੀਤੀ ਜਾਵੇ ਅਤੇ ਟਰੈਕਟਰਾਂ ਦੀਆਂ ਦੌੜਾਂ ਲਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਲੋਕਾਂ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਵਿੱਚ ਲਾਪਰਵਾਹ ਡਰਾਇਵਿੰਗ ਕਾਰਨ ਹੋਏ ਬੱਸ ਹਾਦਸਿਆਂ ਵਿੱਚ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਇਸ ਲਈ ਜੇਕਰ ਹੁਣ ਵੀ ਪ੍ਰਸ਼ਾਸਨ ਨੇ ਧਿਆਨ ਨਾ ਦਿੱਤਾ ਤਾਂ ਕਿਸੇ ਵੀ ਸਮੇਂ ਵੱਡਾ ਹਾਦਸਾ ਹੋ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਮੋਹਾਲੀ ਪੁਲਿਸ ਤੁਰੰਤ ਇਸ ਮਸਲੇ ਉੱਤੇ ਕੜੀ ਨਿਗਰਾਨੀ ਕਰੇ ਅਤੇ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਢੁਕਵੇਂ ਕਦਮ ਚੁੱਕੇ।












