ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਾਰਚ, ਬੋਲੇ ਪੰਜਾਬ ਬਿਊਰੋ;
ਮਿਸ਼ਨ ‘ਆਤਮ ਨਿਰਭਰਤਾ ’ ਅਧੀਨ ਪੰਜਾਬ ਸਰਕਾਰ ਵੱਲੋਂ ਸੱਠੀ ਮੂੰਗੀ ਦਾ ਬੀਜ ਕਿਸਮ ਐਸ ਐਮ ਐਲ 1827 ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ 03 ਕੁਇੰਟਲ ਬੀਜ ਪ੍ਰਾਪਤ ਹੋਇਆ ਹੈ ਜੋ 50 ਰੁਪਏ ਸਬਸਿਡੀ ਕੱਟ ਕੇ 95/- ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਜਾਵੇਗਾ। ਮੁੱਖ ਖੇਤੀਬਾੜੀ ਅਫਸਰ ਡਾ. ਸੁਖਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਜਿਲ੍ਹੇ ਦੇ ਕਿਸਾਨ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ, ਫਸਲੀ ਵਿਭਿੰਨਤਾ ਅਪਨਾਉਣ ਅਤੇ ਦਿਨੋ ਦਿਨ ਪਾਣੀ ਦੇ ਘੱਟਦੇ ਪੱਧਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਰਕਬੇ ਵਿੱਚ ਦਾਲਾਂ ਦੀ ਬਿਜਾਈ ਕਰਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਐਸ ਐਮ ਐਲ 1827 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ ਕੀਤੀ ਗਈ ਹੈ। ਇਸ ਦਾ ਪ੍ਰਤੀ ਏਕੜ 12 ਕਿਲੋ ਬੀਜ ਪੈਂਦਾ ਹੈ ਅਤੇ ਇਸ ਦਾ ਔਸਤਨ ਝਾੜ 5 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਤਕਰੀਬਨ 62 ਦਿਨਾਂ ਵਿੱਚ ਪੱਕੀ ਜਾਂਦੀ ਹੈ ਅਤੇ ਇਹ ਕਿਸਮ ਪੀਲੀ ਚਿੱਤਕਬਰੀ ਰੋਗ ਦਾ ਟਾਕਰਾ ਕਰਨ ਦੇ ਸਮੱਰਥ ਹੈ। ਇਸ ਕਿਸਮ ਦੀ ਬਿਜਾਈ ਦਾ ਢੁਕਵਾਂ ਸਮਾਂ 20 ਮਾਰਚ ਤੋਂ 10 ਅਪ੍ਰੈਲ ਹੈ।ਦਾਲਾਂ ਦੀ ਖੇਤੀ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਮੱਦਦ ਕਰਦੀ ਹੈ ਕਿਉਂਕਿ ਇਹ ਫਸਲਾਂ ਕੁਦਰਤੀ ਤੌਰ ਤੇ ਜਮੀਨ ਵਿੰਚ ਨਾਈਟ੍ਰੋਜਨ ਨੂੰ ਠੀਕ ਕਰਦੀਆਂ ਹਨ। ਇਸ ਨਾਲ ਕਿਸਾਨਾਂ ਨੂੱ ਖਾਦਾਂ ਤੇ ਹੋਣ ਵਾਲੇ ਖਰਚੇ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਆਰਥਿਕ ਤੌਰ ਤੇ ਵਧੇਰੇ ਟਿਕਾਊ ਬਣ ਸਕੇਗੀ। ਉਨ੍ਹਾਂ ਕਿਹਾ ਖੇਤੀਬਾੜੀ ਵਿਭਾਗ ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਦਾਲਾਂ ਦੀ ਖੇਤੀ ਸਬੰਧੀ ਕੈਂਪ ਲਗਾ ਕੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸੱਠੀ ਮੂੰਗੀ ਦਾ ਬੀਜ ਪ੍ਰਾਪਤ ਕਰਨ ਲਈ ਕਿਸਾਨ ਬਲਾਕ ਖੇਤੀਬਾੜੀ ਅਫਸਰਾਂ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਤਾਂ ਜੋ ਸਬਸਿਡੀ ਦਾ ਬੀਜ ਪ੍ਰਾਪਤ ਕਰਕੇ ਢੁੱਕਵੇਂ ਸਮੇਂ ਤੇ ਬਿਜਾਈ ਕੀਤੀ ਜਾ ਸਕੇ।












