ਸੰਘਰਸ਼ੀ ਮੁਲਾਜ਼ਮਾਂ ਤੇ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਕੀਤੀ ਸਖ਼ਤ ਨਿਖੇਧੀ
ਪਟਿਆਲਾ,12, ਮਾਰਚ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ) :
ਬਜਟ ਵਿੱਚ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਦਾ ਕੋਈ ਅਜੰਡਾ ਨਾ ਰੱਖੇ ਜਾਣ ਖਿਲਾਫ ਵਿਧਾਨ ਸਭਾ ਵੱਲ ਤੈਅਸ਼ੁਦਾ ਸ਼ਾਂਤਮਈ ਮਾਰਚ ਕਰ ਰਹੇ ਮੁਲਾਜ਼ਮਾਂ ਉੱਤੇ ਚੰਡੀਗੜ ਦੇ ਦਾਖਲੇ ਤੇ ਪੁਲਿਸ ਵੱਲੋਂ ਕੀਤੇ ਜਬਰ ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸਖ਼ਤ ਨਿਖੇਧੀ ਹੈ। ਜਿਕਰਯੋਗ ਹੈ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਮੋਰਚਾ ਵੱਲੋਂ ਬਜਟ ਸੈਸ਼ਨ ਦੌਰਾਨ 8-11 ਮਾਰਚ ਤੱਕ ਲਗਾਤਾਰ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ।ਜਿਸ ਦੇ ਤਹਿਤ ਸੈਸ਼ਨ ਦੇ ਪਹਿਲੇ ਦਿਨ ਸਾਂਝੇ ਮੋਰਚੇ ਅਤੇ ਹੋਰਨਾਂ ਜੱਥੇਬੰਦੀਆਂ ਦੀ ਅਗਵਾਈ ਵਿੱਚ ਪਹੁੰਚੇ ਮੁਲਾਜ਼ਮਾਂ ਨੂੰ ਚੰਡੀਗੜ ਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਅੰਨੀ ਵਰਤੋਂ ਕੀਤੇ ਜਾਣ ਖ਼ਿਲਾਫ਼ ਮੁਲਾਜ਼ਮਾਂ ਵਿੱਚ ਤਿੱਖਾ ਰੋਸ ਹੈ। ਮੁਲਾਜ਼ਮਾਂ ਤੇ ਕੀਤੇ ਤਸ਼ੱਦਦ ਦੇ ਬਾਵਜੂਦ ਲਗਾਤਾਰ ਤਿੰਨ ਦਿਨਾਂ ਤੋਂ ਚੰਡੀਗੜ ਵਿੱਚ ਹੋ ਰਹੀਆਂ ਰੋਸ ਰੈਲੀਆਂ ਵਿੱਚ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ।
ਆਪ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਨਿਖੇਧੀ ਕਰਦਿਆਂ ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰਾਂ ਗੁਰਬਿੰਦਰ ਖਹਿਰਾ, ਇੰਦਰਸੁਖਦੀਪ ਸਿੰਘ ਅਤੇ ਦਲਜੀਤ ਸਫੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ,ਪੰਜਾਬ ਪੇ ਸਕੇਲ,ਪੇਂਡੂ ਭੱਤਾ,ਬਾਰਡਰ ਏਰੀਆ ਭੱਤਾ,ਏਸੀਪੀ ਸਮੇਤ ਕੱਟੇ ਭੱਤਿਆਂ ਦੀ ਬਹਾਲੀ,ਪੰਜਾਬ ਪੇ ਸਕੇਲ ਦੀ ਬਹਾਲੀ,ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਜਾਰੀ ਕਰਨ ਜਿਹੀਆਂ ਅਹਿਮ ਵਿੱਤੀ ਮੰਗਾਂ ਜਿਉਂ ਦੀਆਂ ਤਿਉਂ ਲਟਕੀਆਂ ਹੋਈਆਂ ਹਨ। ਆਪ ਸਰਕਾਰ ਦੇ ਆਖਰੀ ਬਜਟ ਵਿੱਚ ਮੁਲਾਜ਼ਮ ਮੰਗਾਂ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਬਜਟ ਪ੍ਰਾਵਧਾਨ ਰੱਖਿਆ ਗਿਆ ਹੈ।ਜਿਸ ਦੇ ਰੋਸ ਵਿੱਚ ਜਮਹੂਰੀ ਢੰਗ ਨਾਲ਼ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੂੰ ਪੁਲਸੀਆ ਡੰਡੇ ਨਾਲ਼ ਦਬਾਉਣਾ ਗੈਰਲੋਕਤੰਤਰੀ ਨਿੰਦਣਯੋਗ ਕਾਰਵਾਈ ਹੈ। ਉਹਨਾਂ ਕਿਹਾ ਕਿ ਦੁਨੀਆ ਭਰ ਵਿੱਚ ਲੋਕ ਆਪਣੀਆਂ ਰਾਜਧਾਨੀਆਂ ਵਿੱਚ ਰੋਸ ਪ੍ਰਦਰਸ਼ਨ ਕਰਦੇ ਹਨ ਪਰ ਚੰਡੀਗੜ ਨੂੰ ਸੀਲ ਕਰਕੇ ਪੁਲਿਸ ਦੀ ਤਾਕਤ ਨਾਲ਼ ਲੋਕਾਂ ਨੂੰ ਜਬਰੀ ਰੋਕਣਾ ਪੰਜਾਬ ਨਾਲ਼ ਵੱਡੀ ਵਧੀਕੀ ਹੈ।ਕੇਂਦਰ ਸਰਕਾਰ ਦੀ ਸ਼ਹਿ ਤੇ ਹੁੰਦੇ ਇਸ ਧੱਕੇ ਨੂੰ ਪੰਜਾਬ ਸਰਕਾਰ ਦੀ ਵੀ ਮੂਕ ਸਹਿਮਤੀ ਪ੍ਰਾਪਤ ਹੈ।
ਫਰੰਟ ਦੇ ਜ਼ਿਲ੍ਹਾ ਆਗੂਆਂ ਸਤਪਾਲ ਸਮਾਣਵੀ, ਭਰਤ ਕੁਮਾਰ ਅਤੇ ਜਗਤਾਰ ਰਾਮ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਅਵਾਜ਼ਾ ਨੂੰ ਪੁਲਿਸ ਜ਼ੋਰ ਨਾਲ਼ ਦਬਾਇਆ ਨਹੀਂ ਜਾ ਸਕਦਾ ਸਗੋਂ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਇਸ ਚੋਣ ਵਰੇ ਵਿੱਚ ਸੰਘਰਸ਼ ਹੋਰ ਤਿੱਖੇ ਹੋਣਗੇ।












