22 ਮਾਰਚ ਨੂੰ ਚੰਡੀਗੜ੍ਹ ਵਿੱਚ ਕਰਵਾਇਆ ਜਾਵੇਗਾ ਅਦਾਰਾ ‘ਹੁਣ’ ਦਾ ਯਾਦਗਾਰੀ ਸਮਾਗਮ
ਚੰਡੀਗੜ੍ਹ, 13 ਮਾਰਚ ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ);
ਪੰਜਾਬੀ ਦੇ ਪ੍ਰਮੁੱਖ ਸਾਹਿਤਕ ਰਸਾਲੇ ‘ਹੁਣ’ ਦੇ ਬਾਨੀ ਸੰਪਾਦਕ ਅਵਤਾਰ ਜੰਡਿਆਲਵੀ ਦੀ ਯਾਦ ਵਿੱਚ ਦਿੱਤੇ ਜਾਣ ਵਾਲੇ ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਇਸ ਸਾਲ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ ਅਤੇ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੂੰ ਭੇਟ ਕੀਤੇ ਜਾਣਗੇ।
ਇਹ ਐਲਾਨ ‘ਹੁਣ’ ਦੇ ਮੁੱਖ ਸੰਪਾਦਕ ਸੁਸ਼ੀਲ ਦੁਸਾਂਝ, ਪ੍ਰਬੰਧਕੀ ਸੰਪਾਦਕ ਰਵਿੰਦਰ ਸਹਿਰਾਅ ਅਤੇ ਸੰਪਾਦਕਾਂ ਸੁਰਿੰਦਰ ਸੋਹਲ, ਕਿਰਤਮੀਤ ਅਤੇ ਕਮਲ ਦੁਸਾਂਝ ਵੱਲੋਂ ਇੱਥੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਕੀਤਾ ਗਿਆ। ਇਹ ਪੁਰਸਕਾਰ 22 ਮਾਰਚ, ਦਿਨ ਐਤਵਾਰ ਨੂੰ ਚੰਡੀਗੜ੍ਹ ਦੇ ਬਾਬਾ ਸੋਹਣ ਸਿੰਘ ਭਕਨਾ ਆਡੀਟੋਰੀਅਮ, ਦੇਸ਼ ਸੇਵਕ ਅਖ਼ਬਾਰ, ਸੈਕਟਰ–29 ਬੀ ਵਿੱਚ ਕਰਵਾਏ ਜਾਣ ਵਾਲੇ ਯਾਦਗਾਰੀ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ।
ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਚਾਹ-ਕੌਫ਼ੀ ’ਤੇ ਗੱਲਾਂ-ਬਾਤਾਂ ਨਾਲ ਹੋਵੇਗੀ, ਜਦਕਿ ਠੀਕ 11 ਵਜੇ ਸਮਾਗਮ ਦੇ ਅਰੰਭਲੇ ਬੋਲ ਪੇਸ਼ ਕੀਤੇ ਜਾਣਗੇ। ਇਸ ਮੌਕੇ ਪ੍ਰਸਿੱਧ ਲੇਖਕ ਵਰਿਆਮ ਸਿੰਘ ਸੰਧੂ ‘ਬਲ਼ਦੇ ਸਮਿਆਂ ਵਿਚ ਟਿਮਟਿਮਾਉਂਦੇ ਅੱਖਰਾਂ’ ਦੇ ਸੰਦਰਭ ਵਿੱਚ ਆਪਣਾ ਮੁੱਖ ਭਾਸ਼ਣ ਦੇਣਗੇ।
ਸਮਾਗਮ ਦੌਰਾਨ ਨਾਟਕਕਾਰ ਡਾ. ਸਾਹਿਬ ਸਿੰਘ ਦਾ ਨਵਾਂ ਨਾਟਕ ‘ਤੂੰ ਅਗਲਾ ਵਰਕਾ ਫੋਲ’ ਵੀ ਖੇਡਿਆ ਜਾਵੇਗਾ। ਇਸ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਖੁਦ ਡਾ. ਸਾਹਿਬ ਸਿੰਘ ਹਨ।
ਇਸ ਮੌਕੇ ਕਈ ਪ੍ਰਮੁੱਖ ਸਾਹਿਤਕਾਰ ਅਤੇ ਰੰਗਕਰਮੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹਿਣਗੇ। ਉਚੇਚੇ ਤੌਰ ’ਤੇ ਪਹੁੰਚਣ ਵਾਲਿਆਂ ਵਿੱਚ ਡਾ. ਆਤਮਜੀਤ, ਡਾ. ਦੀਪਕ ਮਨਮੋਹਨ ਸਿੰਘ, ਦਵਿੰਦਰ ਦਮਨ, ਜਸਵੰਤ ਦਮਨ, ਦਰਸ਼ਨ ਬੁੱਟਰ, ਸੁਖਵਿੰਦਰ ਅੰਮ੍ਰਿਤ, ਸੁਰਿੰਦਰ ਗਿੱਲ, ਲਖਵਿੰਦਰ ਜੌਹਲ, ਡਾ. ਸ਼ਿੰਦਰਪਾਲ ਸਿੰਘ, ਬਲਵਿੰਦਰ ਸੰਧੂ, ਹਰਜੀਤ ਸਿੰਘ ਗਿੱਲ (ਕਨੇਡਾ), ਗੁਰਭੇਜ ਸਿੰਘ ਗੁਰਾਇਆ, ਮੱਖਣ ਸਿੰਘ ਕੁਹਾੜ, ਗੋਪਾਲ ਬੁੱਟਰ, ਐੱਸ. ਨਸੀਮ, ਦਲਜੀਤ ਸਿੰਘ ਸ਼ਾਹੀ, ਡਾ. ਸਵੈਰਾਜ ਸੰਧੂ, ਜੈਨਿੰਦਰ ਚੌਹਾਨ, ਪ੍ਰਤੀਕ ਸਹਿਦੇਵ ਅਤੇ ਗੁਰਵਿੰਦਰ ਕੌਰ ਗੌਰੀ ਦੇ ਨਾਮ ਸ਼ਾਮਲ ਹਨ। ਇਸ ਤੋਂ ਇਲਾਵਾ ਜੰਡਿਆਲਵੀ ਪਰਿਵਾਰ ਵੱਲੋਂ ਸਵਰਨਜੀਤ ਕੌਰ ਜੌਹਲ, ਸਵੇਰ ਜੌਹਲ ਅਤੇ ਪ੍ਰਭਾਤ ਜੌਹਲ ਵੀ ਸਮਾਗਮ ਵਿੱਚ ਸ਼ਿਰਕਤ ਕਰਨਗੇ।
ਸਮਾਗਮ ਤੋਂ ਬਾਅਦ ਦੁਪਹਿਰ 2 ਵਜੇ “ਨਾਲ਼ੇ ਖਾਣਾ-ਨਾਲ਼ੇ ਗੱਲਾਂ” ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ, ਜਿਸ ਦੌਰਾਨ ਹਾਜ਼ਰ ਸਾਹਿਤਕਾਰਾਂ ਅਤੇ ਦਰਸ਼ਕਾਂ/ ਸਰੋਤਿਆਂ ਵਿਚ ਗ਼ੈਰ-ਰਸਮੀ ਗੱਲਬਾਤ ਦਾ ਦੌਰ ਚਲੇਗਾ।
ਡੱਬੀ:
ਅਵਤਾਰ ਜੰਡਿਆਲਵੀ ਯਾਦਗਾਰੀ ਪੁਰਸਕਾਰ ਪੰਜਾਬੀ ਦੇ ਪ੍ਰਸਿੱਧ ਸਾਹਿਤਕ ਰਸਾਲੇ ‘ਹੁਣ’ ਦੇ ਬਾਨੀ ਸੰਪਾਦਕ ਅਵਤਾਰ ਜੰਡਿਆਲਵੀ ਦੀ ਯਾਦ ਨੂੰ ਸਮਰਪਿਤ ਹੈ। ਇਹ ਪੁਰਸਕਾਰ ਹਰ ਸਾਲ ਅਦਾਰਾ ‘ਹੁਣ’ ਵੱਲੋਂ ਉਹਨਾਂ ਲੇਖਕਾਂ ਅਤੇ ਰਚਨਾਕਾਰਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ।
ਇਸ ਪੁਰਸਕਾਰ ਦਾ ਮਕਸਦ ਅਵਤਾਰ ਜੰਡਿਆਲਵੀ ਦੀ ਸਾਹਿਤਕ ਵਿਰਾਸਤ ਨੂੰ ਸਲਾਮ ਕਰਦੇ ਹੋਏ ਪੰਜਾਬੀ ਸਾਹਿਤ ਦੀ ਰਚਨਾਤਮਕ ਪਰੰਪਰਾ ਨੂੰ ਅੱਗੇ ਵਧਾਉਣਾ ਅਤੇ ਸਮਕਾਲੀ ਲੇਖਕਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨਾ ਹੈ।












