ਕਿਸਾਨ ਆਗੂ ਅਵਤਾਰ ਮਹਿਮਾ ‘ਤੇ ਝੂਠਾ ਪਰਚਾ ਦਰਜ ਕਰਨ ਦਾ ਇਲਜ਼ਾਮ; ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਵੱਡੇ ਅੰਦੋਲਨ ਦੀ ਚੇਤਾਵਨੀ

ਪੰਜਾਬ

ਫਿਰੋਜ਼ਪੁਰ 13 ਮਾਰਚ ,ਬੋਲੇ ਪੰਜਾਬ ਬਿਊਰੋ;

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਿਰੁੱਧ ਫਾਜ਼ਿਲਕਾ ਪੁਲਿਸ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਨੂੰ ਲੈ ਕੇ ਕਿਸਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਅੱਜ ਜਥੇਬੰਦੀ ਨੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਦੇ ਨਾਂ ਮੰਗ ਪੱਤਰ ਭੇਜ ਕੇ ਇਸ ਪਰਚੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।

ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਘਟਨਾ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਮੁੱਦਈ ਸੁਖਚੈਨ ਸਿੰਘ ਅਤੇ ਅਵਤਾਰ ਸਿੰਘ ਮਹਿਮਾਂ ਦੇ ਰਿਸ਼ਤੇਦਾਰ ਸ਼ੁਬੇਗ ਸਿੰਘ ਵਿਚਕਾਰ ਪੈਸਿਆਂ ਦਾ ਮਸਲਾ ਸੀ। ਸੁਖਚੈਨ ਸਿੰਘ ਦੇ ਲੜਕੇ ਨਵਜੋਤ ਸਿੰਘ ਨੇ ਸ਼ੁਬੇਗ ਸਿੰਘ ਦੇ ਘਰੋਂ ਜ਼ਬਰਦਸਤੀ ਮੋਟਰਸਾਈਕਲ ਚੁੱਕਿਆ, ਜਿਸ ‘ਤੇ ਫਿਰੋਜ਼ਪੁਰ ਪੁਲਿਸ ਨੇ ਨਵਜੋਤ ‘ਤੇ ਪਰਚਾ ਦਰਜ ਕੀਤਾ।

ਇਸ ਤੋਂ ਬਾਅਦ ਸੁਖਚੈਨ ਸਿੰਘ ਨੇ ਬਦਲਾਖੋਰੀ ਤਹਿਤ ਐਸ.ਐਸ.ਪੀ. ਫਾਜ਼ਿਲਕਾ ਨੂੰ ਦਰਖ਼ਾਸਤ ਦਿੱਤੀ। ਹਾਲਾਂਕਿ ਡੀ.ਐਸ.ਪੀ. ਜਲਾਲਾਬਾਦ ਕੋਲ ਪੜਤਾਲ ਦੌਰਾਨ ਸੁਖਚੈਨ ਨੇ ਮੰਨਿਆ ਸੀ ਕਿ ਉਸ ਦਾ ਮਸਲਾ ਸਿਰਫ਼ ਸ਼ੁਬੇਗ ਸਿੰਘ ਨਾਲ ਹੈ।

ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਫਾਜ਼ਿਲਕਾ ਪੁਲਿਸ (ਥਾਣਾ ਅਮੀਰ ਖ਼ਾਸ) ਨੇ ਜਾਣਬੁੱਝ ਕੇ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ, ਘਰ ਦੀਆਂ ਔਰਤਾਂ ਅਤੇ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦਿਆਂ ਝੂਠਾ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੇ ਪਰੂਫ਼ ਅਤੇ ਤੱਥ ਪੇਸ਼ ਕਰ ਦਿੱਤੇ ਗਏ ਸਨ, ਤਾਂ ਪੁਲਿਸ ਨੇ ਫਿਰ ਵੀ ਗਲਤ ਕਾਰਵਾਈ ਕੀਤੀ।

ਜਥੇਬੰਦੀ ਨੇ ਸਾਫ਼ ਚੇਤਾਵਨੀ ਦਿੱਤੀ ਹੈ ਕਿ, ਜੇਕਰ ਅਵਤਾਰ ਸਿੰਘ ਮਹਿਮਾਂ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਦਰਜ ਨਾਜਾਇਜ਼ ਪਰਚਾ ਰੱਦ ਨਾ ਹੋਇਆ, ਤਾਂ ਜਥੇਬੰਦੀ ਸੰਘਰਸ਼ ਦੇ ਰਾਹ ਪਵੇਗੀ। ਇਸ ਮਾਮਲੇ ਵਿੱਚ ਕਿਸਾਨਾਂ ਦੇ ਨਾਲ-ਨਾਲ ਨੌਜਵਾਨ ਅਤੇ ਸਰਪੰਚ ਯੂਨੀਅਨ ਵੀ ਸਾਥ ਦੇਵੇਗੀ।

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦਲਵਿੰਦਰ ਸਿੰਘ ਸ਼ੇਰਖਾਂ, ਦਿਲਬਾਗ ਸਿੰਘ ਸੁਰਸਿੰਘਵਾਲਾ, ਗੁਰਚਰਨ ਸਿੰਘ ਮਲਸੀਆਂ, ਕਿਸਾਨ ਸਟੂਡੈਂਟ ਯੂਨੀਅਨ ਦੇ ਜਗਰੂਪ ਸਿੰਘ ਭੁੱਲਰ, ਸਰਪੰਚ ਯੂਨੀਅਨ ਦੇ ਸਾਰਜ ਸਿੰਘ ਝੋਕ, ਬੀਕੇਯੂ ਬੰਬ ਦੇ ਪ੍ਰਧਾਨ ਸਾਰਜ ਸਿੰਘ ਬੰਬ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਨੌਜਵਾਨ ਹਾਜਰ ਸਨ|

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।