ਚੰਡੀਗੜ੍ਹ, 23 ਮਾਰਚ ,ਬੋਲੇ ਪੰਜਾਬ ਬਿਊਰੋ;
ਸਾਬਕਾ ਵਿਧਾਇਕ ਅਤੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿਖੇ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦਾ ਮਾਮਲਾ ਹਾਲੇ ਖਤਮ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬਾਘਾਪੁਰਾਣਾ ਦੇ ਐਸ.ਡੀ.ਐਮ ਬਬਨਦੀਪ ਸਿੰਘ ਵਾਲੀਆ ਵੱਲੋਂ ਇੱਕ ਸ਼ਿਕਾਇਤ ਮਿਲੀ ਹੈ, ਜਿਸ ਵਿੱਚ ਉਨ੍ਹਾਂ ਨੇ ਮੋਗਾ ਦੇ ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵੱਲੋਂ ਮਾਨਸਿਕ ਤੌਰ ’ਤੇ ਤੰਗ ਪਰੇਸ਼ਾਨ ਅਤੇ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ।
ਉਨ੍ਹਾਂ ਕਿਹਾ ਕਿ ਸਾਗਰ ਸੇਤੀਆ ਵੱਲੋਂ ਉਨ੍ਹਾਂ ’ਤੇ ਬਲਾਕ ਕਮੇਟੀ ਬਾਘਾਪੁਰਾਣਾ ਵਿੱਚ ਆਮ ਆਦਮੀ ਪਾਰਟੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਬਣਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ, ਜਦਕਿ ਆਮ ਆਦਮੀ ਪਾਰਟੀ ਕੋਲ ਇੰਨੇ ਨੰਬਰ ਨਹੀਂ ਹਨ ਕਿ ਉਹ ਇਹ ਅਹੁਦੇ ਹਾਸਲ ਕਰ ਸਕੇ। ਬਾਜਵਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਜ਼ੁਲਮ ’ਤੇ ਉਤਰ ਆਈ ਹੈ।
ਬਾਜਵਾ ਨੇ ਕਿਹਾ ਕਿ ਸੇਤੀਆ ਕਹਿੰਦਾ ਹੈ ਕਿ ਤੁਸੀਂ ਜੋ ਮਰਜ਼ੀ ਕਰੋ, ਉਸ ਨੂੰ ਤਾਂ ਆਮ ਆਦਮੀ ਪਾਰਟੀ ਦਾ ਚੇਅਰਮੈਨ ਅਤੇ ਵਾਈਸ ਚੇਅਰਮੈਨ ਹੀ ਚਾਹੀਦਾ ਹੈ। ਉਨ੍ਹਾਂ ਪੁੱਛਿਆ ਕਿ ਜੇਕਰ ਐਸ.ਡੀ.ਐਮ ਡੀ.ਸੀ. ਦੇ ਕਹਿਣ ’ਤੇ ਗਲਤ ਕੰਮ ਕਰ ਰਿਹਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ। ਇਸ ਦਬਾਅ ਕਾਰਨ ਐਸ.ਡੀ.ਐਮ ਅੰਡਰਗ੍ਰਾਊਂਡ ਹੋ ਗਿਆ ਹੈ ਅਤੇ ਉਸਦਾ ਫੋਨ ਵੀ ਬੰਦ ਆ ਰਿਹਾ ਹੈ।
ਭਾਜਪਾ ਦੇ ਸੂਬਾ ਉਪ ਪ੍ਰਧਾਨ ਨੇ ਕਿਹਾ ਕਿ ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਨਾਲ-ਨਾਲ ਡੀ.ਸੀ. ਮੋਗਾ ਵੀ ਮੁੱਖ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗਗਨਦੀਪ ਸਿੰਘ ਰੰਧਾਵਾ ਨੂੰ ਧਮਕੀ ਮਿਲੀ ਤਾਂ ਉਸ ਨੇ ਆਪਣੇ ਐਮ.ਡੀ. ਕੋਲ ਸ਼ਿਕਾਇਤ ਕੀਤੀ, ਪਰ ਕਿਸੇ ਵੀ ਅਧਿਕਾਰੀ ਨੇ ਉਸਦਾ ਸਾਥ ਨਹੀਂ ਦਿੱਤਾ।
ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਪੰਜਾਬ ਦੇ ਅਧਿਕਾਰੀ ਹੁਣ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਇਹ ਪੰਜਾਬ ਦੇ ਲੋਕਾਂ ਲਈ ਇੱਕ ਚੇਤਾਵਨੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਪੰਜਾਬ ਦੇ ਲੋਕਾਂ ਨੇ ਇਸ ਤਰ੍ਹਾਂ ਦੀ ਸਰਕਾਰ ਚਾਹੀ ਸੀ, ਜਿਸਨੂੰ ਉਨ੍ਹਾਂ ਨੇ ਚੁਣਿਆ ਸੀ। ਜਿਹੜੇ ਆਪਣੇ ਆਪ ਨੂੰ “ਕੱਟੜ ਇਮਾਨਦਾਰ” ਕਹਿੰਦੇ ਸਨ, ਉਨ੍ਹਾਂ ਨੇ ਪੰਜਾਬ ਦਾ ਖੂਨ ਚੂਸਣ ਵਿੱਚ ਕੋਈ ਕਸਰ ਨਹੀਂ ਛੱਡੀ।











