ਰਾਜਪੁਰਾ/ਬਨੂੜ, 28 ਮਾਰਚ ,ਬੋਲੇ ਪੰਜਾਬ ਬਿਊਰੋ;
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੀਆਂ ਨਾਨ-ਬੋਰਡ ਜਮਾਤਾਂ ਦੇ ਸੈਸ਼ਨ 2025-26 ਦੇ ਨਤੀਜਿਆਂ ਨੂੰ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਸਾਂਝਾ ਕਰਨ ਲਈ ਰਾਜ ਭਰ ਵਿੱਚ ਮੈਗਾ ਪੀਟੀਐੱਮ ਦਾ ਆਯੋਜਨ ਕੀਤਾ ਗਿਆ। ਇਸ ਉਪਰਾਲੇ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਵੱਖ-ਵੱਖ ਸਕੂਲਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਵਾਏ ਗਏ।
ਇਸ ਮੌਕੇ ਕੈਬਿਨਟ ਮੰਤਰੀਆਂ, ਵਿਧਾਇਕਾਂ, ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅਤੇ ਸਿੱਖਿਆ ਵਿਦਵਾਨਾਂ ਨੇ ਸਕੂਲਾਂ ਦਾ ਦੌਰਾ ਕਰਦੇ ਹੋਏ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਅਤੇ ਮਾਪਿਆਂ ਨਾਲ ਰੁਬਰੂ ਹੋ ਕੇ ਸਿੱਖਿਆ ਦੀ ਗੁਣਵੱਤਾ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਸਕੂਲਾਂ ਵਿੱਚ ਬਣੇ ਸਿੱਖਣ-ਸਿਖਾਉਣ ਦੇ ਉਤਸ਼ਾਹਪੂਰਣ ਮਾਹੌਲ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਲਈ ਪ੍ਰਭਾਵਸ਼ਾਲੀ ਕਵਿਤਾ ਪੇਸ਼ ਕੀਤੀ ਗਈ ਅਤੇ ਪੰਜਾਬੀ ਲੋਕ-ਗੀਤਾਂ ਰਾਹੀਂ ਸੱਭਿਆਚਾਰਕ ਰੰਗ ਬਖੇਰੇ ਗਏ, ਜਿਸ ਨਾਲ ਹਾਜ਼ਰੀਨ ਮੋਹਿਤ ਹੋ ਗਏ। “ਮੇਰਾ ਮੁਕਾਬਲਾ ਮੇਰੇ ਨਾਲ” ਵਿਸ਼ੇ ‘ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਪੜ੍ਹਾਈ ਦੇ ਨਾਲ-ਨਾਲ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਵਿਧਾਇਕਾ ਨੀਨਾ ਮਿੱਤਲ ਨੇ ਸਹਸ ਧਰਮਗੜ੍ਹ ਵਿਖੇ ਇੰਟਰੈਕਟਿਵ ਫਲੈਟ ਪੈਨਲ ਦੀ ਇੰਸਟਾਲੇਸ਼ਨ ਪ੍ਰਕਿਰਿਆ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਇਤਿਹਾਸਕ ਸੁਧਾਰ ਲਿਆ ਰਹੀ ਹੈ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸਿੱਖਿਆ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਸਕੂਲਾਂ ਨਾਲ ਲਗਾਤਾਰ ਜੁੜੇ ਰਹਿਣ।
ਵਿਜੇ ਮੈਨਰੋ ਜ਼ਿਲ੍ਹਾ ਇੰਚਾਰਜ ਐਜੂਕੇਸ਼ਨ ਪਟਿਆਲਾ ਅਤੇ ਟੀਮ ਨੇ ਧਰਮਗੜ੍ਹ ਤੋੰ ਇਲਾਵਾ ਸਹਸ ਕਰਾਲਾ ਅਤੇ ਸਸਸਸ ਬੂਟਾ ਸਿੰਘ ਵਾਲਾ ਵਿਖੇ ਵੀ ਮੈਗਾ ਪੀਟੀਐੱਮ ਵਿੱਚ ਸ਼ਮੂਲੀਅਤ ਕੀਤੀ ਅਤੇ ਇੰਟਰੈਕਟਿਵ ਫਲੈਟ ਪੈਨਲ ਦੀ ਇੰਸਟਾਲੇਸ਼ਨ ਪ੍ਰਕਿਰਿਆ ਸਮਾਰੋਹ ਵਿੱਚ ਭਾਗ ਲਿਆ। ਸ੍ਰੀ ਮੈਨਰੋ ਨੇ ਦੱਸਿਆ ਕਿ ਸਕੂਲਾਂ ਦੀ ਮੈਗਾ ਪੀਟੀਐੱਮ ਵਿੱਚ ਉਹਨਾਂ ਨੇ ਪ੍ਰਤਿਭਾਵਾਨ ਵਿਦਿਆਰਥੀਆਂ ਨਾ ਮਿਲਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਸਟਾਫ ਬਹੁਤ ਮਿਹਨਤ ਕਰ ਰਿਹਾ ਹੈ ਅਤੇ ਸਕੂਲ ਮੁਖੀਆਂ ਨਾਲ ਮਿਲ ਕੇ ਸਕੂਲ ਮੈਨੇਜਮੈਂਟ ਕਮੇਟੀਆਂ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ.ਹਨ।
ਇਸ ਮੈਗਾ ਪੀਟੀਐੱਮ ਨੇ ਸਕੂਲਾਂ, ਮਾਪਿਆਂ ਅਤੇ ਵਿਦਿਆਰਥੀਆਂ ਵਿਚਕਾਰ ਸੰਪਰਕ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵੱਲੋਂ ਅਕਾਦਮਿਕ ਅਤੇ ਸਹਿ-ਅਕਾਦਮਿਕ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸਰਕਾਰੀ ਹਾਈ ਸਕੂਲ ਧਰਮਗੜ੍ਹ ਦੀ ਹੈੱਡ ਮਿਸਟ੍ਰੈਸ ਸ਼ੀਨਮ ਮਿੱਤਲ, ਸਰਕਾਰੀ ਹਾਈ ਸਕੂਲ ਕਰਾਲਾ ਦੀ ਹੈੱਡ ਮਿਸਟ੍ਰੈਸ ਪ੍ਰੇਰਨਾ ਛਾਬੜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦੀ ਪ੍ਰਿੰਸੀਪਲ ਜਯੋਤੀ ਚਾਵਲਾ ਨੇ ਮਹਿਮਾਨਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਪ੍ਰਗਟ ਕੀਤਾ।
ਇਸ ਮੌਕੇ ਲਵਿਸ਼ ਮਿੱਤਲ, ਵਿਜੇ ਮੈਨਰੋ ਜ਼ਿਲ੍ਹਾ ਸਿੱਖਿਆ ਇੰਚਾਰਜ ਪਟਿਆਲਾ, ਰਾਜਿੰਦਰ ਸਿੰਘ ਚਾਨੀ ਮੀਡੀਆ ਕੋਆਰਡੀਨੇਟਰ, ਰਾਮ ਸ਼ਰਨ, ਦਿਨੇਸ਼ ਪੁਰੀ, ਪਰਮਜੀਤ ਕੌਰ ਲੈਕਚਰਾਰ ਰਾਜਨੀਤੀ ਸਾਸ਼ਤਰ, ਐੱਸ.ਐਮ.ਸੀ. ਚੇਅਰਮੈਨ ਸਤਪਾਲ ਸਿੰਘ, ਅਵਤਾਰ ਸਿੰਘ ਮੈਥ ਲੈਕਚਰਾਰ, ਵਰਿੰਦਰ ਕੁਮਾਰ ਲੈਕਚਰਾਰ ਕਾਮਰਸ, ਗੁਰਬੀਰ ਸਿੰਘ, ਗਿਰੀਸ਼ ਜੋਸ਼ੀ, ਅਨੀਤਾ ਰਾਣੀ, ਨੀਤੀ ਪਸਰੀਚਾ, ਜਸ਼ਮੀਤ ਕੌਰ, ਨੀਰੂ ਯਾਦਵ, ਅਨੁਬਾਲਾ, ਇੰਦੂ ਸ਼ਰਮਾ, ਸ਼ਿਬਾਨੀ ਸ਼ਰਮਾ, ਜਸਬੀਰ ਸਿੰਘ, ਕੁਲਭੂਸ਼ਣ ਸ਼ਰਮਾ, ਖੁਸ਼ਪ੍ਰੀਤ ਕੌਰ, ਤੇਜਿੰਦਰ ਸਿੰਘ, ਕੈਂਪਸ ਮੈਨੇਜਰ ਬਹਾਦਰ ਸਿੰਘ, ਸਰਪੰਚ ਜਰਨੈਲ ਸਿੰਘ, ਰਜਨੀ ਬਾਲਾ, ਫਿਰਸ਼ੋਸ਼ ਅਸ਼ੀਸ਼ਾ, ਸਮੇਤ ਹੋਰ ਪਤਵੰਤੇ ਸੱਜਣ, ਮਾਪੇ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।










