ਵਿਸ਼ਵ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਸਾਮਰਾਜਵਾਦ ਵਿਰੁੱਧ ਲਾਮਬੰਦ ਹੋਣ ਦਾ ਸੱਦਾ
ਪ੍ਰੋ. ਮੁਹੰਮਦ ਖਾਲਿਦ ਅਤੇ ਹੋਰ ਬੁਲਾਰਿਆਂ ਨੇ ਭਗਤ ਸਿੰਘ ਦੇ ਵਿਚਾਰਾਂ ਦੀ ਮੌਜੂਦਾ ਪ੍ਰਸੰਗਿਕਤਾ ‘ਤੇ ਪਾਇਆ ਚਾਨਣਾ
ਚੰਡੀਗੜ੍ਹ/ਮੌਹਾਲੀ 28 ਮਾਰਚ ,ਬੋਲੇ ਪੰਜਾਬ ਬਿਊਰੋ;
ਵਿਸ਼ਵ ਭਰ ਦੇ 100 ਤੋਂ ਵੱਧ ਦੇਸ਼ਾਂ ਵਿੱਚ ਸ਼ਾਂਤੀ ਲਈ ਕਾਰਜਸ਼ੀਲ ਸੰਸਥਾ ‘ਵਰਲਡ ਪੀਸ ਕੌਂਸਲ’ ਦੀ ਭਾਰਤੀ ਇਕਾਈ ‘ਆਲ ਇੰਡੀਆ ਪੀਸ ਐਂਡ ਸੋਲੀਡੈਰਿਟੀ ਆਰਗਨਾਈਜੇਸ਼ਨ’ (ਐਪਸੋ) ਦੇ ਪੰਜਾਬ ਯੂਨਿਟ ਵੱਲੋਂ ਅੱਜ ਚੰਡੀਗੜ੍ਹ ਦੇ ਚੀਮਾ ਭਵਨ ਵਿਖੇ ਇੱਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਸਮਾਗਮ ਨੂੰ ‘ਸਾਮਰਾਜ ਵਿਰੋਧੀ ਦਿਵਸ’ ਵਜੋਂ ਮਨਾਉਂਦਿਆਂ ਬੁਲਾਰਿਆਂ ਨੇ ਅਜੋਕੇ ਦੌਰ ਦੀਆਂ ਚੁਣੌਤੀਆਂ ਵਿਰੁੱਧ ਆਵਾਜ਼ ਬੁਲੰਦ ਕੀਤੀ।
ਸੈਮੀਨਾਰ ਦੇ ਮੁੱਖ ਬੁਲਾਰੇ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਮੁਹੰਮਦ ਖਾਲਿਦ ਨੇ ਆਪਣੇ ਸੰਬੋਧਨ ਵਿੱਚ ਬਸਤੀਵਾਦ ਅਤੇ ਸਾਮਰਾਜਵਾਦ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਉਨ੍ਹਾਂ ਕਿਹਾ, “ਅਮਰੀਕੀ ਸਾਮਰਾਜਵਾਦ ਨੇ ਇਰਾਕ, ਲੀਬੀਆ ਅਤੇ ਈਰਾਨ ਵਰਗੇ ਮੁਲਕਾਂ ਨੂੰ ਨਿਸ਼ਾਨਾ ਬਣਾ ਕੇ ਜੋ ਲੁੱਟਤੰਤਰ ਸਥਾਪਿਤ ਕੀਤਾ ਹੈ, ਉਸ ਵਿਰੁੱਧ ਵਿਸ਼ਵ ਪੱਧਰ ’ਤੇ ਜਾਗਰੂਕਤਾ ਪੈਦਾ ਕਰਨਾ ਸਮੇਂ ਦੀ ਅਹਿਮ ਲੋੜ ਹੈ। ਭਗਤ ਸਿੰਘ ਦੇ ਵਿਚਾਰ ਅੱਜ ਵੀ ਸਾਨੂੰ ਇਸ ਆਰਥਿਕ ਗੁਲਾਮੀ ਵਿਰੁੱਧ ਲੜਨ ਦੀ ਰਾਹ ਦਿਖਾਉਂਦੇ ਹਨ।”
ਸਮਾਗਮ ਦੀ ਪ੍ਰਧਾਨਗੀ ਐਪਸੋ ਦੇ ਪੈਟਰਨ ਪ੍ਰੋਫੈਸਰ ਰਵਿੰਦਰ ਸ਼ਰਮਾ ਨੇ ਕੀਤੀ ਅਤੇ ਸਟੇਜ ਸੰਚਾਲਨ ਜਰਨਲ ਸਕੱਤਰ ਪੰਜਾਬ ਸ੍ਰੀ ਰੌਸ਼ਨ ਲਾਲ ਮੋਦਗਿਲ ਨੇ ਕੀਤਾ। ਮੁੱਖ ਬੁਲਾਰੇ ਨੇ ਦੇਸ਼ ਵਿੱਚ ਵਧ ਰਹੀ ਫਿਰਕਾਪ੍ਰਸਤੀ ਅਤੇ ਪੂੰਜੀਵਾਦੀ ਹਮਲਿਆਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਸਿਰਫ਼ ਤਰਕਸ਼ੀਲਤਾ ਅਤੇ ਧਰਮ-ਨਿਰਪੱਖਤਾ ਨਾਲ ਹੀ ਬਣਾਇਆ ਜਾ ਸਕਦਾ ਹੈ।
ਇਸ ਮੌਕੇ ਐਪਸੋ ਦੇ ਨੈਸ਼ਨਲ ਜਰਨਲ ਸਕੱਤਰ ਹਰਚੰਦ ਸਿੰਘ ਬਾਠ,ਜਰਨਲ ਸਕੱਤਰ ਪੰਜਾਬ ਸ੍ਰੀ ਰੌਸ਼ਨ ਲਾਲ ਮੋਦਗਿਲ, ਪ੍ਰੋ. ਬਲਵਿੰਦਰ ਸਿੰਘ ਟਿਵਾਣਾ, ਜਨਰਲ ਸਕੱਤਰ ਐਡਵੋਕੇਟ ਜਸਪਾਲ ਸਿੰਘ ਦੱਪਰ ਅਤੇ ਸਕੱਤਰ ਐਪਸੋ ਪੰਜਾਬ ਐਡਵੋਕੇਟ ਲਵਨੀਤ ਠਾਕੁਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਇੱਕਸੁਰ ਵਿੱਚ ਕਿਹਾ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਆਮ ਲੋਕਾਂ ਨੂੰ ਉਨ੍ਹਾਂ ਦੇ ਇਨਕਲਾਬੀ ਵਿਚਾਰਾਂ ਨਾਲ ਜੋੜੀਏ ਅਤੇ ਦੇਸ਼ ਦੀ ਅਸਲ ਆਰਥਿਕ ਤੇ ਸਮਾਜਿਕ ਆਜ਼ਾਦੀ ਦੀ ਲੜਾਈ ਨੂੰ ਤੇਜ਼ ਕਰੀਏ।
ਸਮਾਗਮ ਦੇ ਅੰਤ ਵਿੱਚ ਸਮੂਹ ਹਾਜ਼ਰੀਨ ਵੱਲੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੇਸ਼ ਦੀ ਏਕਤਾ, ਅਖੰਡਤਾ ਤੇ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣ ਦਾ ਅਹਿਦ ਲਿਆ ਗਿਆ।










