ਅਬੋਹਰ, 8 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਅਬੋਹਰ ਨਗਰ ਨਿਗਮ ਵਿੱਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਨਿਗਮ ਦੇ ਪੰਜ ਸਾਲ ਦੇ ਕਾਰਜਕਾਲ ਨੂੰ ਪੂਰਾ ਕਰਨ ਦੇ ਸਮਾਰੋਹ ਦੌਰਾਨ ਹਾਦਸਾ ਵਾਪਰ ਗਿਆ। ਜਨਰੇਟਰ ਦੀ ਬੈਟਰੀ ਫਟਣ ਨਾਲ ਨਿਕਲੇ ਤੇਜ਼ਾਬ ਨਾਲ ਦੋ ਕਰਮਚਾਰੀ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਰਿਪੋਰਟਾਂ ਅਨੁਸਾਰ ਨਗਰ ਨਿਗਮ ਦੇ ਅਹਾਤੇ ਵਿੱਚ ਮੌਜੂਦਾ ਕਾਰਜਕਾਲ ਦੀ ਸਮਾਪਤੀ ਦਾ ਜਸ਼ਨ ਮਨਾਉਣ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ, ਜਦੋਂ ਬਿਜਲੀ ਦੀ ਜ਼ਰੂਰਤ ਪਈ, ਤਾਂ ਇੱਕ ਜਨਰੇਟਰ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਜਦੋਂ ਜਨਰੇਟਰ ਚਾਲੂ ਨਹੀਂ ਹੋਇਆ ਤਾਂ ਪ੍ਰਾਈਵੇਟ ਕਰਮਚਾਰੀ ਸੰਜੇ ਅਤੇ ਰਾਜੂ ਇਸਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਉਹ ਜਾਂਚ ਕਰ ਰਹੇ ਸਨ ਤੇ ਬੈਟਰੀ ਹਟਾਉਣ ਤੋਂ ਬਾਅਦ – ਅਚਾਨਕ ਚੰਗਿਆੜੀ ਨਿਕਲੀ, ਜਿਸ ਨਾਲ ਬੈਟਰੀ ਦਾ ਇੱਕ ਹਿੱਸਾ ਫਟ ਗਿਆ। ਧਮਾਕੇ ਨਾਲ ਨਿਕਲਿਆ ਤੇਜ਼ਾਬ ਸਿੱਧੇ ਦੋਵਾਂ ਕਰਮਚਾਰੀਆਂ ਦੀਆਂ ਅੱਖਾਂ ਵਿੱਚ ਡਿੱਗ ਗਿਆ, ਜਿਸ ਕਾਰਨ ਉਹ ਦਰਦ ਨਾਲ ਚੀਕਣ ਲੱਗੇ।
ਹਾਦਸੇ ਤੋਂ ਬਾਅਦ, ਮੌਕੇ ‘ਤੇ ਮੌਜੂਦ ਨਗਰ ਨਿਗਮ ਦੇ ਕਰਮਚਾਰੀਆਂ ਸਮਾਜ ਸੇਵਕ ਬਿੱਟੂ ਨਰੂਲਾ ਆਦਿ ਨੇ ਤੁਰੰਤ ਤੇਜ਼ਾਬ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਪੀੜਤਾਂ ਦੀਆਂ ਅੱਖਾਂ ਨੂੰ ਪਾਣੀ ਨਾਲ ਧੋ ਕੇ ਮੁੱਢਲੀ ਸਹਾਇਤਾ ਦਿੱਤੀ। ਦੋਵਾਂ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਅਨੁਸਾਰ, ਦੋਵੇਂ ਇਸ ਸਮੇਂ ਇਲਾਜ ਅਧੀਨ ਹਨ।












