ਵਿਸਾਖੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਨਵੈਨਸ਼ਨ ਸਪੰਨ

ਪੰਜਾਬ

ਮਾਨਸਾ -15 ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ ਲਈ ਇਨਕਲਾਬੀ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ( ਆਇਸਾ) ਪੰਜਾਬ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੀ ਲਗਾਤਾਰਤਾ ਤਹਿਤ ਵਿਸਾਖੀ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਨਵੈਨਸ਼ਨ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਸਪੰਨ ਹੋਈ। ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਪਰੋਚਾ ਜ਼ਿਲ੍ਹਾ ਸਕੱਤਰ ਰਾਜਦੀਪ ਸਿੰਘ ਗੇਹਲੇ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੇ ਆਗੂ ਦੀਪਕ ਗੋਇਲ ਮਾਨਸਾ ਦੀ ਅਗਵਾਈ ਹੇਠ ਹੋਈ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਇਨਕਲਾਬੀ ਨੌਜਵਾਨ ਸਭਾ ਦੇ ਮੁੱਖ ਬੁਲਾਰੇ ਬਲਕਰਨ ਮੋਗਾ ਅਤੇ ਹਰਮਨਦੀਪ ਹਿੰਮਤਪੁਰਾ ਨੇਂ ਕਿਹਾ ਕਿ ਵਿਸਾਖੀ ਮੌਕੇ ਖਾਲਸਾ ਪੰਥ ਦੀ ਸਾਜਨਾ,ਜਲ੍ਹਿਆਂਵਾਲਾ ਵਾਲੇ ਬਾਗ ਦੀ ਇਨਕਲਾਬੀ ਵਿਰਾਸਤ ਅਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਸੰਗਰਾਮੀ ਜੀਵਨ ਸਾਨੂੰ ਬੇਹਤਰ ਜ਼ਿੰਦਗੀ ਲਈ,ਹਰ ਤਰ੍ਹਾਂ ਦੀ ਸਮਾਜਿਕ ਆਰਥਿਕ ਅਤੇ ਰਾਜਨੀਤਕ ਨਾ ਬਰਾਬਰੀ ਦੇ ਖਿਲਾਫ ਇੱਕਜੁਟ ਹੋਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ਦਾ ਸਾਮਰਾਜੀ ਸੰਕਟ ਕਿਰਤੀ ਕਾਮਿਆਂ,ਬੇਰੁਜ਼ਗਾਰਾਂ ਤੇ ਹੋਰ ਮਿਹਨਤਕਸ਼ ਤਬਕਿਆਂ ਤੇ ਮਣਾਂ ਮੂੰਹੀਂ ਭਾਰ ਪਾਉਣ ਵਾਲਾ ਹੈ। ਜਿਸ ਤਹਿਤ ਸਾਮਰਾਜੀ ਨੀਤੀਆਂ ਅਤੇ ਕਾਰਪੋਰੇਟ ਵਿਕਾਸ ਮਾਡਲ ਦੇ ਚੱਲਦਿਆਂ ਰੁਜ਼ਗਾਰ ਦੇ ਮੌਕੇ ਲਗਾਤਾਰ ਘੱਟ ਰਹੇ ਹਨ। ਅਜਿਹੇ ਸਮੇਂ ਰੁਜ਼ਗਾਰ ਗਾਰੰਟੀ ਐਕਟ ਬਣਾਏ ਜਾਣ ਲਈ ਸੰਘਰਸ਼ ਦੀ ਸ਼ੁਰੂਆਤ ਕਰਨਾ ਸਮੇਂ ਦੀ ਅਣਸਰਦੀ ਲੋੜ ਹੈ। ਮੌਜੂਦਾ ਲੁਟੇਰੇ ਰਾਜ ਪ੍ਰਬੰਧ ਨਾਲ ਸਾਨੂੰ ਸੱਭ ਤੋਂ ਪਹਿਲਾਂ ਵਿਚਾਰਾਂ ਦੇ ਖੇਤਰ ਵਿੱਚ ਵੱਡੀ ਜੱਦੋਜਹਿਦ ਦੀ ਲੋੜ ਹੈ। ਫੇਰ ਹੀ ਵਿਸ਼ਾਲ ਜਨਤਕ ਲਾਮਬੰਦੀ ਦੇ ਆਸਰੇ ਲੋਕ ਪੱਖੀ ਨੀਤੀਆਂ ਵੱਲ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ। ਸਟੇਜ ਸਕੱਤਰ ਦੀ ਭੂਮਿਕਾ ਇਨਕਲਾਬੀ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਰਾਜਦੀਪ ਸਿੰਘ ਗੇਹਲੇ ਨੇਂ ਬਾਖ਼ੂਬੀ ਨਿਭਾਈ ਅਤੇ ਇਨਕਲਾਬੀ ਗੀਤਕਾਰ ਅਜਮੇਰ ਸਿੰਘ ਅਕਲੀਆ ਨੇਂ ਗੀਤ ਪੇਸ਼ ਕੀਤੇ।ਇਸ ਮੌਕੇ ਸੁਖਜੀਤ ਸਿੰਘ ਰਾਮਾਨੰਦੀ,ਹੈਪੀ ਮਾਨ,ਹਰਮਨ ਹਿੰਮਤਪੁਰਾ,ਰਾਜਵਿੰਦਰ ਮੀਰ,ਸੁਖਦਰਸ਼ਨ ਨੱਤ, ਗੁਰਮੀਤ ਨੰਦਗੜ,ਸੁਰਿੰਦਰਪਾਲ ਸ਼ਰਮਾ, ਹਰਵਿੰਦਰ ਚੋਟੀਆ,ਬਲਕਰਨ ਮੋਗਾ,ਜੀਵਨ ਗੇਹਲੇ,ਦਰਸ਼ਨ ਦਾਨੇਵਾਲਾ,ਨਵਜੋਤ ਸਮਾਓ, ਹੈਪੀ ਸਮਾਓ ਆਦਿ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।