ਨਵੰਬਰ 1984, ਦਿੱਲੀ ‘ਚ ਸਿੱਖ ਨਸਲਕੁਸ਼ੀ ਦਾ ਮਤਾ ਡਰਬੀ ਕੌਂਸਲ ਵਿੱਚ ਪਾਸ ਕਰਵਾਉਣ ਵਾਲੇ ਕੌਂਸਲਰ ਅਜੀਤ ਸਿੰਘ ਅਟਵਾਲ ਦਾ ਸਨਮਾਨ

ਨੈਸ਼ਨਲ ਪੰਜਾਬ

ਯੂ ਕੇ ਦੇ ਸੰਸਦ ਮੈਂਬਰ ਅਤੇ ਹੋਰ ਕੌਂਸਲਾਂ ਵੀ ਸਿੱਖ ਨਸਲਕੁਸ਼ੀ ਦੇ ਮਤੇ ਪਾਸ ਕਰਵਾਉਣ ਲਈ ਯਤਨ ਕਰਨ

ਨਵੀਂ ਦਿੱਲੀ 30 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਡਰਬੀ ਕੌਂਸਲ ਦੇ ਮੇਅਰ ਕੌਂਸਲਰ ਅਜੀਤ ਸਿੰਘ ਅਟਵਾਲ ਬੀਤੇ ਐਤਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼ਹੀਦੀ ਯਾਦਗਾਰ ਅਤੇ ਸਿੱਖ ਅਜਾਇਬਘਰ ਦੇਖਣ ਲਈ ਆਏ । ਯਾਦ ਰਹੇ ਨਵੰਬਰ 1984 ਨੂੰ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਹੋਰ ਕਈ ਰਾਜਾਂ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਸਬੰਧੀ ਅਜੀਤ ਸਿੰਘ ਅਟਵਾਲ ਨੇ ਪਿਛਲੇ ਸਾਲ ਡਰਬੀ ਦੀ ਕੌਂਸਲ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਦਾ ਮਤਾ ਲਿਆਂਦਾ ਸੀ। ਇਸ ਮਤੇ ਦਾ ਡਰਬੀ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਸਮਰਥਨ ਕੀਤਾ ਗਿਆ ਸੀ । ਦਿੱਲੀ 1984 ਵਿੱਚ ਸਿੱਖਾਂ ਦੇ ਹੋਏ ਕਤਲੇਆਮ ਉਸ ਸਮੇਂ ਦੀ ਸਰਕਾਰ ਦੀ ਸ਼ਹਿ ਤੇ ਹੋਇਆ ਸੀ । ਸਿੱਖ ਨਸਲਕੁਸ਼ੀ ਦੇ ਉਸ ਮਤੇ ਨੂੰ ਲਿਬਰਲ ਪਾਰਟੀ, ਲੇਬਰ ਪਾਰਟੀ, ਕੰਨਜ਼ਰਵੇਟਿਵ ਪਾਰਟੀ, ਰਿਫਾਰਮ ਤੇ ਇੰਡੀਪੈਂਡੈਂਟ ਕੌਂਸਲਰਾਂ ਨੇ ਵੀ ਸਾਥ ਦਿੱਤਾ ਸੀ । ਨਸਲਕੁਸ਼ੀ ਦਾ ਇਹ ਮਤਾ ਸਾਰੇ ਕੌਂਸਲਰਾਂ ਵੱਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਸੀ । ਗੁਰਦੁਆਰਾ ਸਿੰਘ ਸਭਾ ਵਿਖੇ ਵਿਸ਼ੇਸ਼ ਤੌਰ ਤੇ ਆਏ ਡਰਬੀ ਦੇ ਮੇਅਰ ਅਜੀਤ ਸਿੰਘ ਅਟਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਮੈਂ ਪਹਿਲਾਂ ਸਿੱਖ ਹਾਂ, ਤੇ ਬਾਅਦ ਵਿੱਚ ਮੇਅਰ ਤੇ ਕੌਂਸਲਰ ਹਾਂ। ਜੋ ਦਿੱਲੀ ਵਿੱਚ ਸਿੱਖਾਂ ਨਾਲ ਵਾਪਰਿਆ ਇਹ ਨਹੀਂ ਹੋਣਾ ਚਾਹੀਦਾ ਸੀ । ਉਹਨਾਂ ਕਿਹਾ ਕਿ ਯੂਕੇ ਦੇ ਹੋਰ ਸ਼ਹਿਰਾਂ ਵਿੱਚ ਵੀ ਇਹ ਮਤੇ ਪਾਸ ਕੀਤੇ ਜਾਣੇ ਚਾਹੀਦੇ ਹਨ । ਉਹਨਾਂ ਕਿਹਾ ਕਿ ਸਾਡੇ ਬਹੁਤ ਸਾਰੇ ਕੌਂਸਲਰ ਤੇ ਸੰਸਦ ਮੈਂਬਰ ਹਨ, ਸਾਰਿਆਂ ਨੂੰ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਆਪਣੇ ਹਲਕਿਆਂ ਵਿੱਚ ਇਹ ਮਤੇ ਪਾਸ ਕਰਵਾਉਣੇ ਚਾਹੀਦੇ ਹਨ । ਇਸ ਮੌਕੇ ਆਸਟ੍ਰੇਲੀਆ ਤੋਂ ਭਾਈ ਮਨਬੀਰ ਸਿੰਘ ਦਾ ਜਥਾ ਕੀਰਤਨ ਕਰਨ ਲਈ ਆਇਆ ਹੋਇਆ ਹੋਣ ਕਰਕੇ ਬਾਹਰਲੇ ਸ਼ਹਿਰਾਂ ਤੋਂ ਵੀ ਸੰਗਤ ਇਥੇ ਆਈ ਹੋਈ ਸੀ। ਇਸ ਮੌਕੇ ਸਿੱਖ ਅਜਾਇਬਘਰ ਦੇ ਚੇਅਰਮੈਨ ਤੇ ਸਿੰਘ ਸਭਾ ਦੇ ਜਨਰਲ ਸਕੱਤਰ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਦੱਸਿਆ ਕਿ ਬ੍ਰੈਡਫੋਰਡ ਤੋਂ ਸੇਵਿੰਗ ਪੰਜਾਬ ਸੰਸਥਾ ਵਾਲੇ ਨੌਜਵਾਨ ਗੁਰਪ੍ਰੀਤ ਸਿੰਘ ਵੀ ਕੀਰਤਨ ਵਿੱਚ ਹਾਜ਼ਰੀ ਭਰਨ ਲਈ ਆਏ ਹੋਏ ਹਨ । ਯੂਕੇ ਪੁਲਿਸ ਵੱਲੋਂ ਉਸ ਤੇ ਬਿਨਾ ਕੋਈ ਇਲਜ਼ਾਮ ਲਾਇਆਂ ਉਸ ਦਾ ਕਾਰੋਬਾਰ ਤੇ ਬੈਂਕ ਦੇ ਖਾਤੇ ਸੀਲ ਕੀਤੇ ਹੋਏ ਹਨ । ਉਹਨਾਂ ਦੀ ਧਰਮ ਪਤਨੀ ਨੂੰ ਵੀ ਇਸ ਕਰਕੇ ਨੌਕਰੀ ਛੱਡਣੀ ਪਈ । ਜਦਕਿ ਗੁਰਪ੍ਰੀਤ ਸਿੰਘ ਉਤੇ ਕੋਈ ਚਾਰਜ ਨਹੀਂ ਲਾਇਆ ਗਿਆ। ਉਹ ਸੇਵਿੰਗ ਪੰਜਾਬ ਚੈਰਿਟੀ ਸੰਸਥਾ ਚਲਾਉਣ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਅ ਰਹੇ ਸਨ । ਪੰਜਾਬ ਦੇ ਪਾਣੀਆਂ ਬਾਰੇ ਅਤੇ ਪੰਜਾਬ ਵਿੱਚ ਜੁਰਮ ਘਟਾਉਣ, ਨਸ਼ੇ ਤੇ ਰਿਸ਼ਵਤ ਆਦਿ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਗਰਿਤ ਕਰ ਰਹੇ ਸਨ, ਜਿਸ ਸਬੰਧੀ ਉਹਨਾਂ ਉਘੇ ਵਿਦਵਾਨਾਂ ਤੇ ਫਿਲਸਫਰਾਂ ਪਾਸੋਂ ਪਰਚੇ ਵੀ ਲਿਖਵਾਏ । ਉਹਨਾਂ ਨੇ ਯੂਐਨਓ ਵਿੱਚ ਭਾਸ਼ਨ ਦੇ ਕੇ ਵੀ ਇਹ ਮਸਲੇ ਉਠਾਏ ਸਨ। ਉਹਨਾਂ ਦੇ ਇਹ ਕੰਮ ਭਾਰਤ ਤੇ ਯੂਕੇ ਸਰਕਾਰਾਂ ਨੂੰ ਚੰਗੇ ਨਹੀਂ ਲੱਗੇ ਤੇ ਉਹਨਾਂ ਉਤੇ ਏਨੀ ਸਖਤੀ ਵਰਤੀ ਜਾ ਰਹੀ ਹੈ । ਇਸ ਬਾਰੇ ਬੋਲਦਿਆਂ ਡਰਬੀ ਦੇ ਮੇਅਰ ਅਟਵਾਲ ਨੇ ਕਿਹਾ ਕਿ ਉਹ ਗੁਰਪ੍ਰੀਤ ਸਿੰਘ ਨਾਲ ਪੂਰੀ ਹਮਦਰਦੀ ਜ਼ਾਹਿਰ ਕਰਦੇ ਹਨ, ਉਹਨਾਂ ਦੇ ਨਾਲ ਇੰਝ ਨਹੀਂ ਵਾਪਰਨਾ ਚਾਹੀਦਾ ਸੀ । ਉਹਨਾਂ ਕਿਹਾ ਸਾਡੇ ਸਿੱਖ ਕੌਂਸਲਰਾਂ ਤੇ ਸੰਸਦ ਮੈਂਬਰਾਂ ਨੂੰ ਇਸ ਬਾਰੇ ਅਵਾਜ਼ ਉਠਾਉਣੀ ਚਾਹੀਦੀ ਹੈ ਤੇ ਗੁਰਪ੍ਰੀਤ ਸਿੰਘ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਗੁਰਦੁਆਰਾ ਸਿੰਘ ਸਭਾ ਅਤੇ ਸਿੱਖ ਅਜਾਇਬਘਰ ਵੱਲੋਂ ਮੇਅਰ ਅਜੀਤ ਸਿੰਘ ਅਟਵਾਲ ਦੀ ਇਸ ਸੇਵਾ ਲਈ ਉਹਨਾਂ ਨੂੰ ਸਿਰੋਪਾਓ ਅਤੇ ਇਕ ਵਿਸ਼ੇਸ਼ ਟਰੌਫ਼ੀ ਦੇ ਕੇ ਸਨਮਾਨ ਕੀਤਾ ਗਿਆ । ਇਸ ਮੌਕੇ ਮਨਪ੍ਰੀਤ ਸਿੰਘ ਡਬਲਊਐਸਪੀ ਦੇ ਬੁਲਾਰੇ, ਖਾਲਸਾ ਦਰਬਾਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਹਰਦਿਆਲ ਸਿੰਘ ਧਮੜੈਤ, ਪੁਰਾਣੇ ਅਕਾਲੀ ਲੀਡਰ ਸ: ਸੁੱਚਾ ਅਟਵਾਲ, ਬੀਬੀ ਨਵਜੋਤ ਕੌਰ ਵਿਰਕ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਨਾਲ ਜ਼ਿਆਦਤੀ ਹੋ ਰਹੀ ਹੈ, ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ । ਹੋਰ ਵੀ ਸਿੱਖ ਕੌਂਸਲਰਾਂ ਤੇ ਸਾਂਸਦਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ । ਡਰਬੀ ਸਿਟੀ ਕੌਂਸਲ ਨੇ ਪਿਛਲੇ ਸਾਲ ਜਦੋਂ ਇਹ ਮਤਾ ਪਾਸ ਕੀਤਾ ਸੀ ਤਦ ਸਿੱਖ ਭਾਈਚਾਰੇ ਨੂੰ ਕੌਂਸਲ ਹਾਊਸ ਵਿੱਚ ਬੁਲਾਇਆ ਗਿਆ ਤੇ ਕੌਂਸਲ ਦੀਆਂ ਸੀਟਾਂ ਤੇ ਬਿਠਾ ਕੇ ਵਿਸ਼ੇਸ਼ ਮਾਣ ਸਨਮਾਨ ਦਿੱਤਾ ਗਿਆ ਸੀ, ਸਾਰਿਆਂ ਨੇ ਹੱਥ ਖੜ੍ਹੇ ਕਰਕੇ ਇਸ ਮਤੇ ਦੀ ਪ੍ਰੋੜਤਾ ਕੀਤੀ ਸੀ । ਮੇਅਰ ਅਜੀਤ ਸਿੰਘ ਅਟਵਾਲ ਦੇ ਸਨਮਾਨ ਸਮੇਂ ਡਾ: ਦਲਜੀਤ ਸਿੰਘ ਵਿਰਕ, ਭਾਈ ਲਖਵੀਰ ਸਿੰਘ, ਸਿੱਖ ਚੈਨਲ ਦੇ ਸੇਵਾਦਾਰ ਭਾਈ ਅਮਰਦੀਪ ਸਿੰਘ, ਪ੍ਰਭਜੋਤ ਸਿੰਘ, ਗੁਰਪਾਲ ਸਿੰਘ ਅਤੇ ਹੋਰ ਬਹੁਤ ਸਾਰੇ ਸਿੰਘ ਹਾਜ਼ਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।