“ਔਰਤ ਨੂੰ ਸਿਰਫ਼ ਸਰੀਰ ਸਮਝਣ ਵਾਲੀ ਸੋਚ ਸਮਾਜ ਦੀ ਭਾਸ਼ਾ ਵਿੱਚ ਦਿਖਾਈ ਦਿੰਦੀ ਹੈ” — ਆਚਾਰਿਆ ਪ੍ਰਸ਼ਾਂਤ

ਚੰਡੀਗੜ੍ਹ ਨੈਸ਼ਨਲ ਪੰਜਾਬ

ਪੰਚਕੂਲਾ ਵਿੱਚ ਆਚਾਰਿਆ ਪ੍ਰਸ਼ਾਂਤ ਦਾ ਵਿਸ਼ੇਸ਼ ਸੈਸ਼ਨ, ਨੌਜਵਾਨਾਂ ਅਤੇ ਸਮਾਜ ਨੂੰ ਦਿੱਤਾ ਆਤਮ-ਚਿੰਤਨ ਦਾ ਸੰਦੇਸ


ਚੰਡੀਗੜ੍ਹ/ਪੰਚਕੂਲਾ, 19 ਮਈ ,ਬੋਲੇ ਪੰਜਾਬ ਬਿਊਰੋ;

ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰਿਯਮ ਵਿੱਚ ਆਚਾਰਿਆ ਪ੍ਰਸ਼ਾਂਤ ਦਾ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਸਮੇਤ ਕਈ ਰਾਜਾਂ ਤੋਂ ਲੋਕ ਸ਼ਾਮਲ ਹੋਏ। ਆਯੋਜਕਾਂ ਮੁਤਾਬਕ 1000 ਤੋਂ ਵੱਧ ਲੋਕਾਂ ਨੇ ਸਿੱਧੇ ਤੌਰ ‘ਤੇ ਭਾਗ ਲਿਆ, ਜਦਕਿ ਇੱਕ ਲੱਖ ਤੋਂ ਵੱਧ ਲੋਕਾਂ ਨੇ ਇਸਨੂੰ ਆਨਲਾਈਨ ਦੇਖਿਆ।
ਪ੍ਰੋਗਰਾਮ ਦੀ ਸ਼ੁਰੂਆਤ ਸੱਭਿਆਚਾਰਕ ਪੇਸ਼ਕਾਰੀਆਂ ਅਤੇ ਸੁਫ਼ੀ ਭਜਨਾਂ ਨਾਲ ਹੋਈ। ਆਪਣੇ ਸੰਬੋਧਨ ਦੌਰਾਨ ਆਚਾਰਿਆ ਪ੍ਰਸ਼ਾਂਤ ਨੇ ਕਠੋਪਨਿਸ਼ਦ ਰਾਹੀਂ ਜੀਵਨ, ਡਰ, ਮਨ ਦੀ ਅਸ਼ਾਂਤੀ ਅਤੇ ਆਤਮਬੋਧ ਵਰਗੇ ਵਿਸ਼ਿਆਂ ਨੂੰ ਸਧਾਰਣ ਭਾਸ਼ਾ ਵਿੱਚ ਸਮਝਾਇਆ। ਉਨ੍ਹਾਂ ਕਿਹਾ ਕਿ ਮਨੁੱਖ ਦੇ ਜ਼ਿਆਦਾਤਰ ਸੰਕਟ ਬਾਹਰਲੇ ਨਹੀਂ, ਸਗੋਂ ਅੰਦਰੂਨੀ ਉਲਝਣਾਂ ਤੋਂ ਪੈਦਾ ਹੁੰਦੇ ਹਨ।

ਹਾਲ ਹੀ ਵਿੱਚ ਇੱਕ ਵੈਬ ਸੀਰੀਜ਼ ਵਿੱਚ ਅਦਾਕਾਰ ਯੋਗਰਾਜ ਸਿੰਘ ਵੱਲੋਂ ਮਹਿਲਾਵਾਂ ਲਈ ਵਰਤੀ ਗਈ ਵਿਵਾਦਿਤ ਸ਼ਬਦਾਵਲੀ ‘ਤੇ ਪ੍ਰਤੀਕਿਰਿਆ ਦਿੰਦਿਆਂ ਆਚਾਰਿਆ ਪ੍ਰਸ਼ਾਂਤ ਨੇ ਕਿਹਾ ਕਿ ਇਹ ਸਿਰਫ਼ ਇੱਕ ਸ਼ੋਅ ਦਾ ਮਾਮਲਾ ਨਹੀਂ, ਸਗੋਂ ਪੂਰੇ ਸਮਾਜ ਦੀ ਮਨੋਵਿਰਤੀ ਦਾ ਪ੍ਰਤੀਬਿੰਬ ਹੈ। ਉਨ੍ਹਾਂ ਕਿਹਾ ਕਿ ਸਮਾਜ ਨੇ ਔਰਤ ਨੂੰ ਲੰਬੇ ਸਮੇਂ ਤੋਂ ਸਿਰਫ਼ ਸਰੀਰ ਦੇ ਰੂਪ ਵਿੱਚ ਦੇਖਿਆ ਹੈ, ਜਿਸ ਕਾਰਨ ਮਹਿਲਾਵਾਂ ਦੇ ਸਰੀਰ ਅਤੇ ਜਨਨ ਅੰਗਾਂ ਨਾਲ ਜੁੜੀ ਅਪਮਾਨਜਨਕ ਭਾਸ਼ਾ ਆਮ ਹੋ ਗਈ ਹੈ।ਉਨ੍ਹਾਂ ਕਿਹਾ ਕਿ ਸਮਾਜ ਵਿੱਚ ਮਰਦ ਨੂੰ “ਰੱਖਿਆਕ” ਅਤੇ “ਮਾਲਕ” ਦੀ ਭੂਮਿਕਾ ਦਿੱਤੀ ਗਈ, ਜਦਕਿ ਔਰਤ ਨੂੰ ਸਿਰਫ਼ ਸਰੀਰ ਤੱਕ ਸੀਮਿਤ ਕਰ ਦਿੱਤਾ ਗਿਆ। ਇਹੀ ਸੋਚ ਅੱਗੇ ਚੱਲ ਕੇ ਭਾਸ਼ਾ, ਵਿਹਾਰ ਅਤੇ ਰਿਸ਼ਤਿਆਂ ਨੂੰ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਲੋਕਾਂ ਨੂੰ ਮਹਿਲਾਵਾਂ ਨੂੰ ਵਸਤੂ ਵਾਂਗ ਦੇਖਣ ਵਾਲੀ ਸੋਚ ‘ਤੇ ਆਤਮ-ਚਿੰਤਨ ਕਰਨ ਦੀ ਅਪੀਲ ਕੀਤੀ।
ਪੈਟਰੋਲ ਅਤੇ ਡੀਜ਼ਲ ਦੀ ਵਧਦੀ ਵਰਤੋਂ ‘ਤੇ ਵੀ ਆਚਾਰਿਆ ਪ੍ਰਸ਼ਾਂਤ ਨੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਦ ਸਮਝਣਾ ਚਾਹੀਦਾ ਹੈ ਕਿ ਜੀਵਾਸ਼ਮ ਇੰਧਨ ਦੀ ਅਤਿਅਧਿਕ ਵਰਤੋਂ ਵਾਤਾਵਰਣ ਅਤੇ ਸਮਾਜ ਦੋਵਾਂ ਲਈ ਨਕਸਾਨਦਾਇਕ ਹੈ। ਉਨ੍ਹਾਂ ਕਿਹਾ ਕਿ ਕਾਰਬਨ ਡਾਈਆਕਸਾਈਡ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ, ਪਰ ਲੋਕ ਜਾਂ ਤਾਂ ਇਸ ਤੋਂ ਅਣਜਾਣ ਹਨ ਜਾਂ ਜਾਣਬੁੱਝ ਕੇ ਇਸਨੂੰ ਨਜ਼ਰਅੰਦਾਜ਼ ਕਰ ਰਹੇ ਹਨ।

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਪ੍ਰਸ਼ਨ-ਉੱਤਰ ਸੈਸ਼ਨ ਰਿਹਾ, ਜਿਸ ਵਿੱਚ ਲੋਕਾਂ ਨੇ ਨਿੱਜੀ ਜੀਵਨ, ਰਿਸ਼ਤਿਆਂ, ਕਰੀਅਰ ਅਤੇ ਮਾਨਸਿਕ ਤਣਾਅ ਨਾਲ ਜੁੜੇ ਸਵਾਲ ਪੁੱਛੇ। ਆਚਾਰਿਆ ਪ੍ਰਸ਼ਾਂਤ ਨੇ ਕਿਹਾ ਕਿ ਆਤਮ-ਚਿੰਤਨ ਅਤੇ ਜਾਗਰੂਕਤਾ ਤੋਂ ਬਿਨਾਂ ਜੀਵਨ ਵਿੱਚ ਸਥਾਈ ਸ਼ਾਂਤੀ ਸੰਭਵ ਨਹੀਂ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।