ਅੱਜ ਦਾ ਸਮਾਂ ਸੋਸ਼ਲ ਮੀਡੀਆ ਦਾ ਸਮਾਂ ਹੈ। ਇੱਥੇ ਹਰ ਘਟਨਾ ਕੁਝ ਮਿੰਟਾਂ ਵਿੱਚ ਹੀ ਚਰਚਾ ਬਣ ਜਾਂਦੀ ਹੈ। ਕਈ ਵਾਰ ਹਾਸੇ-ਮਖੌਲ ਵਿੱਚ ਉੱਠਿਆ ਕੋਈ ਸ਼ਬਦ ਸਮਾਜ ਦੇ ਅੰਦਰ ਲੁਕੀ ਹੋਈ ਬੇਚੈਨੀ, ਗੁੱਸੇ ਅਤੇ ਨਿਰਾਸ਼ਾ ਦਾ ਵੱਡਾ ਪ੍ਰਤੀਕ ਬਣ ਜਾਂਦਾ ਹੈ। “ਕਾਕਰੋਚ ਜਨਤਾ ਪਾਰਟੀ” ਵੀ ਅਜਿਹਾ ਹੀ ਇੱਕ ਨਵਾਂ ਸਮਾਜਿਕ-ਰਾਜਨੀਤਿਕ ਪ੍ਰਗਟਾਵਾ ਹੈ। ਇਹ ਸਿਰਫ਼ ਮਜ਼ਾਕ ਨਹੀਂ, ਸਗੋਂ ਉਸ ਪੀੜ੍ਹੀ ਦੀ ਆਵਾਜ਼ ਹੈ ਜੋ ਆਪਣੇ ਆਪ ਨੂੰ ਪ੍ਰਣਾਲੀ ਤੋਂ ਅਲੱਗ, ਅਣਸੁਣਿਆ ਅਤੇ ਬੇਮਾਇਨਾ ਮਹਿਸੂਸ ਕਰ ਰਹੀ ਹੈ।
ਕਾਕਰੋਚ ਇੱਕ ਅਜਿਹਾ ਜੀਵ ਹੈ ਜਿਸਨੂੰ ਆਮ ਤੌਰ ‘ਤੇ ਗੰਦਗੀ, ਨਫ਼ਰਤ ਅਤੇ ਤੋਹੀਨ ਨਾਲ ਜੋੜਿਆ ਜਾਂਦਾ ਹੈ। ਪਰ ਜਦੋਂ ਨੌਜਵਾਨ ਆਪਣੇ ਆਪ ਨੂੰ “ਕਾਕਰੋਚ” ਆਖ ਕੇ ਪੇਸ਼ ਕਰਨ ਲੱਗ ਜਾਣ, ਤਾਂ ਇਹ ਸਿਰਫ਼ ਹਾਸਾ ਨਹੀਂ ਰਹਿੰਦਾ। ਇਹ ਇੱਕ ਸਵਾਲ ਬਣ ਜਾਂਦਾ ਹੈ—ਕੀ ਅੱਜ ਦਾ ਨੌਜਵਾਨ ਆਪਣੇ ਆਪ ਨੂੰ ਸਿਸਟਮ ਦੇ ਅੰਦਰ ਇੰਨਾ ਬੇਸਹਾਰਾ ਮਹਿਸੂਸ ਕਰ ਰਿਹਾ ਹੈ ਕਿ ਉਹ ਆਪਣੀ ਪਛਾਣ ਹੀ ਵਿਅੰਗ ਵਿੱਚ ਲੱਭਣ ਲੱਗ ਪਿਆ ਹੈ?
ਭਾਰਤ ਦਾ ਨੌਜਵਾਨ ਅੱਜ ਬੇਰੁਜ਼ਗਾਰੀ, ਪੇਪਰ ਲੀਕ, ਮਹਿੰਗੀ ਸਿੱਖਿਆ, ਅਸਥਿਰ ਨੌਕਰੀਆਂ ਅਤੇ ਵਧਦੀ ਆਰਥਿਕ ਅਸਮਾਨਤਾ ਨਾਲ ਜੂਝ ਰਿਹਾ ਹੈ। ਡਿਗਰੀਆਂ ਹੱਥਾਂ ਵਿੱਚ ਹਨ ਪਰ ਮੌਕੇ ਨਹੀਂ। ਸੋਸ਼ਲ ਮੀਡੀਆ ਨੇ ਉਸਨੂੰ ਬੋਲਣ ਦਾ ਮੰਚ ਤਾਂ ਦਿੱਤਾ ਹੈ, ਪਰ ਹਕੀਕਤੀ ਫ਼ੈਸਲਾ ਲੈਣ ਵਾਲੀਆਂ ਸੰਸਥਾਵਾਂ ਤੱਕ ਉਸਦੀ ਪਹੁੰਚ ਅਜੇ ਵੀ ਕਮਜ਼ੋਰ ਹੈ। ਐਸੇ ਵਿੱਚ ਵਿਅੰਗ ਹੀ ਉਸਦੀ ਭਾਸ਼ਾ ਬਣਦਾ ਜਾ ਰਿਹਾ ਹੈ।
ਕਾਕਰੋਚ ਜਨਤਾ ਪਾਰਟੀ ਇਸ ਗੱਲ ਦਾ ਸੰਕੇਤ ਹੈ ਕਿ ਰਵਾਇਤੀ ਰਾਜਨੀਤੀ ਪ੍ਰਤੀ ਲੋਕਾਂ ਦਾ ਭਰੋਸਾ ਹੌਲੀ-ਹੌਲੀ ਘਟ ਰਿਹਾ ਹੈ। ਜਦੋਂ ਲੋਕਾਂ ਨੂੰ ਲੱਗੇ ਕਿ ਉਹਨਾਂ ਦੀ ਗੱਲ ਸੁਣੀ ਨਹੀਂ ਜਾ ਰਹੀ, ਤਾਂ ਉਹ ਹਾਸੇ, ਮੀਮ ਅਤੇ ਤੰਜ਼ ਰਾਹੀਂ ਵਿਰੋਧ ਕਰਦੇ ਹਨ। ਇਹ ਡਿਜ਼ਿਟਲ ਯੁੱਗ ਦਾ ਨਵਾਂ ਆੰਦੋਲਨ ਹੈ, ਜਿੱਥੇ ਨਾਰੇ ਘੱਟ ਅਤੇ ਮੀਮ ਵੱਧ ਕੰਮ ਕਰਦੇ ਹਨ।
ਇਸ ਘਟਨਾ ਦਾ ਇੱਕ ਹੋਰ ਪੱਖ ਵੀ ਹੈ। ਅੱਜ ਦੀ ਰਾਜਨੀਤੀ ਵਿੱਚ ਗੰਭੀਰ ਵਿਚਾਰ-ਵਟਾਂਦਰੇ ਦੀ ਥਾਂ ਟਰੋਲ ਸੰਸਕ੍ਰਿਤੀ ਅਤੇ ਤੁਰੰਤ ਪ੍ਰਤੀਕ੍ਰਿਆਵਾਂ ਨੇ ਲੈ ਲਈ ਹੈ। ਕਾਕਰੋਚ ਜਨਤਾ ਪਾਰਟੀ ਇਸੇ ਡਿਜ਼ਿਟਲ ਸੰਸਕ੍ਰਿਤੀ ਦੀ ਪੈਦਾਵਾਰ ਹੈ। ਇਹ ਦੱਸਦੀ ਹੈ ਕਿ ਜੇਕਰ ਪ੍ਰਣਾਲੀ ਲੋਕਾਂ ਨੂੰ ਸਨਮਾਨ ਨਹੀਂ ਦੇਵੇਗੀ, ਤਾਂ ਲੋਕ ਵਿਅੰਗ ਨੂੰ ਆਪਣਾ ਹਥਿਆਰ ਬਣਾ ਲੈਣਗੇ।
ਪਰ ਇਹ ਵੀ ਸੱਚ ਹੈ ਕਿ ਕੇਵਲ ਮੀਮ ਜਾਂ ਵਿਅੰਗ ਨਾਲ ਸਮਾਜਿਕ ਬਦਲਾਅ ਨਹੀਂ ਆਉਂਦਾ। ਵਿਅੰਗ ਚੇਤਾਵਨੀ ਤਾਂ ਬਣ ਸਕਦਾ ਹੈ, ਹੱਲ ਨਹੀਂ। ਅਸਲ ਲੋੜ ਇਹ ਹੈ ਕਿ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇ। ਉਹਨਾਂ ਨੂੰ ਰੁਜ਼ਗਾਰ, ਸਿੱਖਿਆ ਅਤੇ ਭਾਗੀਦਾਰੀ ਦੇ ਮੌਕੇ ਮਿਲਣ। ਨਹੀਂ ਤਾਂ ਕੱਲ੍ਹ ਨੂੰ ਹੋਰ ਵੀ “ਕਾਕਰੋਚ” ਜਨਮ ਲੈਣਗੇ—ਜੋ ਦਰਅਸਲ ਪ੍ਰਣਾਲੀ ਦੇ ਅੰਦਰ ਵਧ ਰਹੀ ਨਿਰਾਸ਼ਾ ਦੇ ਪ੍ਰਤੀਕ ਹੋਣਗੇ।
ਕਾਕਰੋਚ ਜਨਤਾ ਪਾਰਟੀ ਸਾਨੂੰ ਇਹ ਸੋਚਣ ਲਈ ਮਜਬੂਰ ਕਰਦੀ ਹੈ ਕਿ ਕੀ ਅਸੀਂ ਇੱਕ ਐਸੇ ਸਮਾਜ ਵੱਲ ਵੱਧ ਰਹੇ ਹਾਂ ਜਿੱਥੇ ਲੋਕ ਰਾਜਨੀਤੀ ਨੂੰ ਗੰਭੀਰ ਵਿਸ਼ਾ ਨਹੀਂ, ਸਗੋਂ ਤਮਾਸ਼ਾ ਸਮਝਣ ਲੱਗ ਪਏ ਹਨ? ਜੇ ਐਸਾ ਹੈ, ਤਾਂ ਇਹ ਲੋਕਤੰਤਰ ਲਈ ਚਿੰਤਾ ਦਾ ਵਿਸ਼ਾ ਹੈ। ਕਿਉਂਕਿ ਜਦੋਂ ਜਨਤਾ ਹੱਸਦੇ-ਹੱਸਦੇ ਪ੍ਰਣਾਲੀ ਤੋਂ ਨਿਰਾਸ਼ ਹੋ ਜਾਵੇ, ਤਾਂ ਉਹ ਹਾਸਾ ਅੰਦਰੋਂ ਇੱਕ ਡੂੰਘੇ ਦੁੱਖ ਦੀ ਆਵਾਜ਼ ਹੁੰਦਾ ਹੈ।
ਹੁਣ ਆਵਾਜ਼ ਨੂੰ ਬੁਲੰਦ ਕਰਨ ਵਾਲਿਆਂ ਦਾ ਸਾਥ ਦੇਣ ਦੀ ਲੋੜ ਤਾਂ ਕਿ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।
ਬੁੱਧ ਸਿੰਘ ਨੀਲੋਂ
9464370823
ਕਾਕਰੋਚਜਨਤਾਪਾਰਟੀ












