ਬੌਧਿਕ ਮਾਫੀਏ ਦੀ ਕੰਗਾਲੀ!
ਭਾਰਤੀ ਸਮਾਜ ਨੂੰ ਕਾਬੂ ਕਰਨ ਲਈ ਹਰ ਦੌਰ ਵਿੱਚ ਕੋਈ ਨਾ ਕੋਈ ਵਿਚਾਰਧਾਰਾ ਜਨਮ ਲੈਂਦੀ ਰਹੀ ਹੈ। ਜਿਹੜੀ ਵਿਚਾਰਧਾਰਾ ਮਨੁੱਖ ਦੇ ਭਲੇ ਲਈ ਖੜੀ ਹੋਈ, ਉਹ ਕੁੱਝ ਸਮਾਂ ਜਿਊਂਦੀ ਰਹੀ। ਜਿਹੜੀ ਵਪਾਰ ਬਣੀ, ਉਹ ਆਪਣੇ ਹੀ ਭਾਰ ਹੇਠ ਡਿੱਗ ਗਈ।
ਧਰਮ, ਰਾਜਨੀਤੀ, ਸਾਹਿਤ, ਮੀਡੀਆ ਅਤੇ ਬੌਧਿਕਤਾ, ਸਭ ਦਾ ਮਕਸਦ ਸਮਾਜ ਨੂੰ ਚੇਤਨ ਕਰਨਾ ਸੀ। ਪਰ ਹੌਲੀ-ਹੌਲੀ ਇਹ ਖੇਤਰ ਵੀ ਮੰਡੀ ਬਣ ਗਏ। ਧਾਰਮਿਕ ਅਸਥਾਨ ਆਸਥਾ ਨਾਲੋਂ ਵੱਧ ਕਾਰੋਬਾਰ ਦੇ ਕੇਂਦਰ ਬਣ ਗਏ। ਉੱਥੇ ਰੂਹਾਨੀ ਸ਼ਾਂਤੀ ਘੱਟ, ਧਨ ਦਾ ਪ੍ਰਦਰਸ਼ਨ ਵੱਧ ਹੈ। ਲੋਕ ਦੁੱਖ ਦੂਰ ਕਰਨ ਜਾਂਦੇ ਹਨ, ਪਰ ਨਵੇਂ ਡਰ ਲੈ ਕੇ ਵਾਪਸ ਆਉਂਦੇ ਹਨ।
ਧਰਮ ਮਾੜਾ ਨਹੀਂ ਸੀ। ਮਾੜਾ ਉਹ ਵਪਾਰ ਬਣਿਆ, ਜਿਹੜਾ ਧਰਮ ਦੇ ਨਾਂ ’ਤੇ ਖੜਾ ਕੀਤਾ ਗਿਆ। ਪਹਿਲਾਂ ਲੋਕ ਅਨਪੜ੍ਹ ਸਨ, ਪਰ ਸਮਾਜਕ ਚੇਤਨਾ ਰੱਖਦੇ ਸਨ। ਅੱਜ ਡਿਗਰੀਆਂ ਵਧ ਗਈਆਂ, ਪਰ ਸਮਝ ਘੱਟ ਗਈ। ਸਾਖਰਤਾ ਵਧੀ, ਚੇਤਨਾ ਘੱਟ ਗਈ।
ਸਾਹਿਤ ਜਦੋਂ ਲੋਕ ਪੱਖੀ ਹੁੰਦਾ ਹੈ, ਉਹ ਸਮਾਜ ਨੂੰ ਰਸਤਾ ਦਿਖਾਉਂਦਾ ਹੈ। ਪਰ ਜਦੋਂ ਲਿਖਤ ਇਨਾਮਾਂ, ਗਰਾਂਟਾਂ ਅਤੇ ਗਿਰੋਹਬੰਦੀਆਂ ਵਿੱਚ ਫਸ ਜਾਵੇ, ਫਿਰ ਉਹ ਨਾ ਪਾਠਕ ਨੂੰ ਜਗਾਉਂਦੀ ਹੈ ਤੇ ਨਾ ਸਮਾਜ ਨੂੰ। ਅੱਜ ਕਈ ਲਿਖਾਰੀ ਲੋਕਾਂ ਨਾਲ ਖੜ੍ਹਨ ਦਾ ਦਾਅਵਾ ਕਰਦੇ ਹਨ, ਪਰ ਸੱਤਾ ਦੇ ਦਰਬਾਰਾਂ ਵਿੱਚ ਹਾਜ਼ਰੀ ਲਗਾਉਂਦੇ ਹਨ। ਸ਼ਬਦਾਂ ਨਾਲ ਇਨਕਲਾਬ ਦੀਆਂ ਗੱਲਾਂ ਹੁੰਦੀਆਂ ਹਨ, ਪਰ ਜ਼ਿੰਦਗੀ ਵਿੱਚ ਸਮਝੌਤੇ ਕੀਤੇ ਜਾਂਦੇ ਹਨ।
ਬੌਧਿਕ ਵਰਗ ਦਾ ਵੱਡਾ ਹਿੱਸਾ ਅੱਜ ਮੱਠਾਂ ਦੇ ਮਹੰਤਾਂ ਵਾਂਗ ਹੋ ਗਿਆ ਹੈ। ਉਹ ਸੰਵਾਦ ਨਹੀਂ ਕਰਦਾ, ਉਪਦੇਸ਼ ਦਿੰਦਾ ਹੈ। ਉਹ ਲੋਕਾਂ ਵਿੱਚ ਨਹੀਂ ਰਹਿੰਦਾ, ਵਾਤਾਨੁਕੂਲ ਹਾਲਾਂ ਵਿੱਚ ਬੈਠ ਕੇ ਕਾਗਜ਼ੀ ਇਨਕਲਾਬ ਲਿਖਦਾ ਹੈ। ਜਿਹੜੇ ਲੋਕ ਕਦੇ ਸੱਤਾ ਦੇ ਵਿਰੋਧੀ ਦਿਖਾਈ ਦਿੰਦੇ ਸਨ, ਉਹੀ ਬਾਅਦ ਵਿੱਚ ਸੱਤਾ ਦੇ ਸਲਾਹਕਾਰ ਬਣ ਜਾਂਦੇ ਹਨ।
ਅੱਜ ਬਹੁਤੇ ਬੌਧਿਕ ਚਿਹਰੇ ਵਿਚਾਰ ਨਹੀਂ ਵੇਚਦੇ, ਆਪਣੀ ਮੌਜੂਦਗੀ ਵੇਚਦੇ ਹਨ। ਹਰ ਪਾਸੇ ਗਰੁੱਪਬੰਦੀ ਹੈ। ਕੋਈ ਖੱਬਾ ਹੋ ਕੇ ਸੱਤਾ ਨਾਲ ਜੁੜਿਆ ਹੈ, ਕੋਈ ਧਰਮ ਦੇ ਨਾਂ ’ਤੇ ਵਪਾਰ ਕਰ ਰਿਹਾ ਹੈ, ਕੋਈ ਮੀਡੀਆ ਰਾਹੀਂ ਝੂਠ ਨੂੰ ਸੱਚ ਬਣਾ ਰਿਹਾ ਹੈ। ਸਭ ਆਪਣੇ-ਆਪਣੇ ਚੁੱਲ੍ਹੇ ਸੇਕ ਰਹੇ ਹਨ।
ਲੋਕ ਹੌਲੀ-ਹੌਲੀ ਇਨ੍ਹਾਂ ਬੌਧਿਕ ਦਰਬਾਰਾਂ ਤੋਂ ਦੂਰ ਹੋ ਗਏ। ਜਦੋਂ ਵਿਚਾਰ ਲੋਕਾਂ ਦੇ ਦੁੱਖ ਨਾਲ ਨਾ ਜੁੜਣ, ਲੋਕ ਡੇਰਿਆਂ ਵੱਲ ਮੁੜ ਜਾਂਦੇ ਹਨ। ਇਹੀ ਹੋਇਆ। ਕਿਤਾਬਾਂ ਅਲਮਾਰੀਆਂ ਵਿੱਚ ਬੰਦ ਰਹਿ ਗਈਆਂ ਤੇ ਡੇਰੇ ਲੋਕਾਂ ਦੀ ਮਾਨਸਿਕਤਾ ਉੱਤੇ ਕਾਬਜ਼ ਹੋ ਗਏ। ਲੋਕ ਚੇਤਨਾ ਨਹੀਂ, ਚਮਤਕਾਰ ਲੱਭਣ ਲੱਗ ਪਏ।
ਸੈਮੀਨਾਰ ਹੁੰਦੇ ਰਹੇ। ਕਵੀ ਦਰਬਾਰ ਸੱਜਦੇ ਰਹੇ। ਫੋਟੋਆਂ ਖਿੱਚੀਆਂ ਜਾਂਦੀਆਂ ਰਹੀਆਂ। ਪਰ ਸਮਾਜ ਹੋਰ ਡਰਿਆ, ਹੋਰ ਵੰਡਿਆ ਅਤੇ ਹੋਰ ਖਾਮੋਸ਼ ਹੁੰਦਾ ਗਿਆ। ਬੌਧਿਕਤਾ ਦਾ ਕੰਮ ਡਰ ਤੋੜਣਾ ਸੀ, ਪਰ ਉਹ ਖੁਦ ਡਰ ਦਾ ਹਿੱਸਾ ਬਣ ਗਈ।
ਸਿੱਖਿਆ ਦਾ ਹਾਲ ਵੀ ਵੱਖਰਾ ਨਹੀਂ। ਲਾਇਬ੍ਰੇਰੀਆਂ ਲਈ ਆਉਣ ਵਾਲੀਆਂ ਕਿਤਾਬਾਂ ਵਿੱਚ ਵੀ ਗਿਰੋਹਬੰਦੀ ਅਤੇ ਵਪਾਰ ਘੁੱਸ ਗਿਆ। ਅਧਿਆਪਕ, ਪ੍ਰਕਾਸ਼ਕ ਅਤੇ ਅਧਿਕਾਰੀ, ਕਈ ਥਾਵਾਂ ’ਤੇ ਗਿਆਨ ਨਾਲੋਂ ਕਮਾਈ ਨੂੰ ਵੱਧ ਤਰਜੀਹ ਦੇ ਰਹੇ ਹਨ। ਜਦੋਂ ਸਿੱਖਿਆ ਵੀ ਮੰਡੀ ਬਣ ਜਾਵੇ, ਫਿਰ ਬੌਧਿਕਤਾ ਦੀ ਕੰਗਾਲੀ ਲਾਜ਼ਮੀ ਹੈ।
ਅੱਜ ਹਾਲਤ ਇਹ ਹੈ ਕਿ “ਇੱਕ ਬੋਲੀ, ਇੱਕ ਝੰਡਾ, ਇੱਕ ਰਾਸ਼ਟਰ” ਵਾਲੀਆਂ ਸੋਚਾਂ ਘਰ-ਘਰ ਪਹੁੰਚ ਰਹੀਆਂ ਹਨ। ਦੂਜੇ ਪਾਸੇ ਬੌਧਿਕ ਵਰਗ ਆਪਸੀ ਖਿੱਚੋਤਾਣ, ਅਹੰਕਾਰ ਅਤੇ ਗਿਰੋਹਬੰਦੀ ਵਿੱਚ ਉਲਝਿਆ ਪਿਆ ਹੈ। ਜਿਹੜਾ ਵਰਗ ਨੇ ਲੋਕਾਂ ਨੂੰ ਜਗਾਉਣਾ ਸੀ, ਉਹ ਆਪ ਹੀ ਜੰਗਾਲੀ ਹੋ ਗਿਆ।
ਗੁਰਬਾਣੀ ਆਖਦੀ ਹੈ:
“ਜੰਮਣ ਮਰਨ ਹੁਕਮ ਹੈ।”
ਫਿਰ ਡਰ ਕਿਸ ਗੱਲ ਦਾ ਹੈ?
ਸੱਚ ਬੋਲਣ ਤੋਂ ਡਰ?
ਸੱਤਾ ਤੋਂ ਡਰ?
ਜਾਂ ਆਪਣੇ ਨਕਾਬ ਉਤਰ ਜਾਣ ਦਾ ਡਰ?
ਬੌਧਿਕਤਾ ਦੀ ਕੰਗਾਲੀ ਦੇ ਸਬੂਤ ਹਰ ਪਾਸੇ ਖਿਲਰੇ ਪਏ ਹਨ। ਸਵਾਲ ਇਹ ਹੈ ਕਿ ਸਮਾਜ ਕਦੋਂ ਜਾਗੇਗਾ?
—
ਬੁੱਧ ਸਿੰਘ ਨੀਲੋਂ
9464370823












