ਅੰਨ੍ਹਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ!

ਸਾਹਿਤ ਪੰਜਾਬ

ਜਦੋਂ ਬੰਦੇ ਨੂੰ ਕਿਧਰੇ ਇਨਸਾਫ਼ ਨਹੀਂ ਮਿਲਦਾ ਤਾਂ ਉਹ ਅਦਾਲਤ ਦਾ ਬੂਹਾ ਖੜਕਾਉਂਦਾ ਹੈ। ਉਸਨੂੰ ਅਦਾਲਤ ਤੋਂ ਆਸ ਹੁੰਦੀ ਹੈ ਕਿ ਉਹ ਉਸਨੂੰ ਇਨਸਾਫ਼ ਮਿਲੇਗਾ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਜਿੰਨੇ ਵੀ ਇਸ ਸੂਚੀ ਅਨੁਸਾਰ ਜੱਜ ਸਾਹਿਬ ਹਨ। ਉਹਨਾਂ ਦੇ ਧੀਆਂ, ਪੁੱਤ ਤੇ ਜੁਆਈ ਭਾਈ ਸਰਕਾਰੀ ਵਕੀਲ ਹਨ। ਇਹਨਾਂ ਵਕੀਲਾਂ ਦੀ ਨਿਯੁਕਤੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਇਸੇ ਕਰਕੇ ਨਿਆਂ ਨਹੀਂ ਮਿਲਦਾ, ਜਦੋਂ ਇਨਸਾਫ਼ ਦੇਣ ਤੇ ਲੈਣ ਵਾਲੇ ਸਕੇ ਸਬੰਧੀ ਹੋਣਗੇ ਤਾਂ ਗੜਬੜ ਹੋ ਸਕਦੀ ਹੈ।
ਇਸ ਖ਼ਬਰ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਨਸਾਫ਼ ਕਿੰਨਾ ਕੁ ਪਾਰਦਰਸ਼ੀ ਹੋ ਸਕਦਾ ਹੈ। ਇਸ ਨੂੰ ਇਹ ਕਿਹਾ ਜਾ ਸਕਦਾ ਹੈ ਕਿ ਅੰਨ੍ਹੀ ਪੀਂਹਦੀ ਹੈ ਕੁੱਤੇ ਚੱਟਦੇ ਹਨ। ਜਦੋਂ ਚੋਰ, ਕੁੱਤੀ ਤੇ ਸਰਕਾਰ ਰਲ਼ ਜਾਵੇ ਤਾਂ, ਤਾਂ ਵਾੜ ਖੇਤ ਨੂੰ ਖਾ ਜਾਂਦੀ ਹੈ। ਇਸੇ ਕਰਕੇ ਹੁਣ ਉਜੜੇ ਬਾਗਾਂ ਦੇ ਗਾਲ੍ਹੜ ਪਟਵਾਰੀ ਬਣ ਕੇ, ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਮਿਣਦੇ ਫਿਰਦੇ ਹਨ, ਕਿਉਂਕਿ ਕੁੱਝ ਗਹਿਣੇ ਰੱਖਣ ਲਈ ਕੁੱਝ ਬਚਿਆ ਨਹੀਂ। ਲਾਲਾ ਜੀ ਦੀ ਸੇਵਾ ਕਰਨ ਵਾਲਿਆਂ ਦੀ ਪੋਲ ਖੁੱਲ੍ਹ ਗਈ ਹੈ। ਅੰਨ੍ਹਾ ਵੰਡੇ ਰਿਓੜੀਆਂ ਮੁੜ ਮੁੜ ਘਰਦਿਆਂ ਨੂੰ ਦੇਵੇ। ਵਾਲੀ ਗੱਲ ਹੈ ਇਸੇ ਕਰਕੇ ਸੁਰਜੀਤ ਬਿੰਦਰਖੀਆ ਗਾਉਂਦਾ ਹੈ, ਲੋਕਾਂ ਦਾ ਦੁੱਧ ਵਿਕਦਾ, ਤੇਰਾ ਵਿਕਦਾ ਜੈ ਕੁਰੇ ਪਾਣੀ।
ਪੰਜਾਬ ਦਰਿਆਵਾਂ ਦੀ ਧਰਤੀ ਜਿਸ ਵਿੱਚ ਹੁਣ ਢਾਈ ਕੁ ਦਰਿਆ ਹਨ, ਜਿਹਨਾਂ ਵਿੱਚ ਹੁਣ ਹੜ੍ਹਾਂ ਦਾ ਪਾਣੀ ਆਉਂਦਾ ਹੈ। ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ, ਕਿਉਂਕਿ ਤੁਸੀਂ ਆਪਣੀ ਜਾਨ ਤੇ ਮਾਲ ਬਚਾਉਣ ਲਈ ਇੱਕ ਦੂਜੇ ਦੀ ਮੱਦਦ ਕਰਦੇ ਰਹੋ। ਜਿਵੇਂ ਮਾਣਯੋਗ ਉਚ ਅਦਾਲਤ ਵਿੱਚ ਜੱਜ ਸਾਹਿਬ ਤੇ ਵਕੀਲ ਇੱਕ ਦੂਜੇ ਦੀ ਕਰਦੇ ਹਨ। ਕਿਉਂਕਿ ਪੰਜਾਬ ਦੀ ਪ੍ਰੰਪਰਾ ਹੈ ਵੰਡ ਕੇ ਛਕੋ। ਉਹ ਭਾਵੇਂ ਲੰਗਰ ਹੋਵੇ ਜਾਂ ਫਿਰ ਕੋਈ ਫੰਡ। ਇਸੇ ਕਰਕੇ ਅਮਰ ਸਿੰਘ ਚਮਕੀਲਾ ਗਾਈ ਜਾਂਦਾ ਹੈ, ਖੰਡ ਖੀਰ ਜੀਹਦੇ ਮੂੰਹ ਨੂੰ ਲੱਗ ਗਈ, ਉਹ ਦਲੀਆ ਕੀ ਖਾਊ। ਪੰਜਾਬ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਉਹਨਾਂ ਨੇ ਇਸ ਬਦਲਾਅ ਲਿਆਉਣ ਦੇ ਯਤਨ ਕੀ ਗਵਾਇਆ ਹੈ। ਅਬ ਪਛਤਾਵੇ ਕਿਆ ਹੋਏ, ਜਦ ਚਿੜੀਆਂ ਚੁਗ ਗਈ ਖੇਤ।
ਹੁਣ ਤਾਂ ਅਚਿੰਤੇ ਬਾਜ਼ ਪਵੇ ਵਾਲੀਆਂ ਗੱਲਾਂ ਪੁਸਤਕਾਂ ਵਿੱਚ ਨਿਕਲ਼ ਕੇ ਸਮਾਜ ਵਿੱਚ ਆ ਗਈਆਂ ਹਨ।
ਇਸੇ ਕਰਕੇ ਇਹ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ, ਲੁੱਟਾਂ ਲੁੱਟ ਦੋ ਨਸੀਬਾਂ ਵਾਲੇ ਅਫਸਰੋ, ਲੁੱਟ ਪੈ ਗਈ, ਖ਼ਜ਼ਾਨੇ ਦੀ। ਪੰਜਾਬ ਦੇ ਲੋਕ ਤਾਂ ਗੋਲਕਾਂ ਪਿੱਛੇ ਲੜੀ ਜਾ ਰਹੇ ਹਨ, ਉਹ ਆਮ ਲੋਕਾਂ ਦੀ ਲੜਾਈ ਕਿਵੇਂ ਲੜਣਗੇ?
+++
ਬੁੱਧ ਸਿੰਘ ਨੀਲੋਂ
9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।