ਜਲਦ ਦੌਰਾ ਕਰਨ ਅਤੇ ਵਿਕਾਸ ਕਾਰਜ ਕਰਵਾਉਣ ਦਾ ਦਿੱਤਾ ਭਰੋਸਾ :- ਗੁਰਪ੍ਰੀਤ ਕੌਰ ਉੱਭਾ
ਮੋਹਾਲੀ, 05 ਜੂਨ ,ਬੋਲੇ ਪੰਜਾਬ ਬਿਊਰੋ;
ਵਾਰਡ ਨੰਬਰ 41 ਮੋਹਾਲੀ ਦੀ ਕੌਂਸਲਰ ਸ੍ਰੀਮਤੀ ਗੁਰਪ੍ਰੀਤ ਕੌਰ ਉੱਭਾ ਅਤੇ ਭਾਜਪਾ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਸ੍ਰੀ ਹਰਦੇਵ ਸਿੰਘ ਉੱਭਾ ਵੱਲੋਂ ਅੱਜ ਸ਼੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ ਮਾਣਯੋਗ ਸੰਸਦ ਮੈਂਬਰ ਸ੍ਰੀ ਮਲਵਿੰਦਰ ਸਿੰਘ ਕੰਗ ਜੀ ਨੂੰ ਵਾਰਡ ਨੰਬਰ 41 ਦੇ ਵਿਕਾਸ ਅਤੇ ਮੁੱਢਲੀਆਂ ਸਹੂਲਤਾਂ ਸਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ।
ਇਸ ਮੌਕੇ ਗੁਰਪ੍ਰੀਤ ਕੌਰ ਉੱਭਾ ਅਤੇ ਹਰਦੇਵ ਸਿੰਘ ਉੱਭਾ ਨੇ ਸੰਸਦ ਮੈਂਬਰ ਨੂੰ ਪਿੰਡ ਸੰਭਾਲਕੀ, ਨਾਨੂ ਮਾਜਰਾ, ਵੇਵ ਐਸਟੇਟ ਸੈਕਟਰ-85, ਪ੍ਰੀਤ ਸਿਟੀ ਸੈਕਟਰ-86 ਅਤੇ ਸੈਕਟਰ-88 ਦੇ ਨਿਵਾਸੀਆਂ ਨੂੰ ਦਰਪੇਸ਼ ਮੁੱਖ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮੰਗ ਪੱਤਰ ਵਿੱਚ ਸਭ ਤੋਂ ਪਹਿਲਾਂ ਸਮੂਹ ਵਾਰਡ ਵਾਸੀਆਂ ਲਈ ਸਾਫ਼-ਸੁਥਰੇ ਨਹਿਰੀ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਟ੍ਰੈਫਿਕ ਸਿਗਨਲ, CCTV ਕੈਮਰੇ, ਸੀਵਰੇਜ ਪ੍ਰਣਾਲੀ ਦੇ ਸੁਧਾਰ, ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ, ਪਾਰਕਾਂ ਦੇ ਵਿਕਾਸ, ਸਫਾਈ ਪ੍ਰਬੰਧ, ਪਬਲਿਕ ਟਰਾਂਸਪੋਰਟ ,ਖੇਡ ਗਰਾਉਂਡ, ਓਪਨ ਜਿਮ, ਕਮਿਊਨਿਟੀ ਸੈਂਟਰ ਅਤੇ ਹੋਰ ਜਨਤਕ ਸਹੂਲਤਾਂ ਸਬੰਧੀ ਮੰਗਾਂ ਵੀ ਰੱਖੀਆਂ ਗਈਆਂ।
ਸੰਸਦ ਮੈਂਬਰ ਸ੍ਰੀ ਮਲਵਿੰਦਰ ਸਿੰਘ ਕੰਗ ਨੇ ਪੂਰੇ ਧਿਆਨ ਨਾਲ ਵਾਰਡ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਵਾਰਡ ਨੰਬਰ 41 ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਸੰਬੰਧਿਤ ਵਿਭਾਗਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਵਿਕਾਸ ਕਾਰਜਾਂ ਨੂੰ ਤਰਜੀਹ ਦੇ ਆਧਾਰ ‘ਤੇ ਅੱਗੇ ਵਧਾਇਆ ਜਾਵੇਗਾ।
ਗੁਰਪ੍ਰੀਤ ਕੌਰ ਉੱਭਾ ਅਤੇ ਹਰਦੇਵ ਸਿੰਘ ਉੱਭਾ ਨੇ ਸੰਸਦ ਮੈਂਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਾਰਡ ਨੰਬਰ 41 ਦੇ ਵਿਕਾਸ ਅਤੇ ਨਿਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਜਲਦ ਠੋਸ ਕਦਮ ਚੁੱਕੇ ਜਾਣਗੇ।ਇਸ ਮੌਕੇ ਉਹਨਾ ਦੇ ਨਾਲ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨ ਸੈਕਟਰ 85 ਦੇ ਪ੍ਰਧਾਨ ਮਨੋਜ ਸ਼ਰਮਾ ਮੌਜੂਦ ਸਨ।












