ਚੰਡੀਗੜ੍ਹ, 7 ਜੂਨ ,ਬੋਲੇ ਪੰਜਾਬ ਬਿਊਰੋ;
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਜਗਮੋਹਨ ਰਾਜੂ ਨੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਗਮੋਹਨ ਰਾਜੂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕੀਤੀ ਜਿਸ ‘ਚ ਉਨ੍ਹਾਂ ਕਿਹਾ ਕਿ “ਮੈਂ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਫਿਲਹਾਲ ਮੈਨੂੰ ਸੰਗਠਨਾਤਮਕ ਜ਼ਿੰਮੇਵਾਰੀ ਤੋਂ ਮੁਕਤ ਰੱਖਿਆ ਜਾਵੇ, ਕਾਰਨ? ਆਈ.ਏ.ਐਸ. ਤੋਂ ਸਵੈ-ਇੱਛਾ ਸੇਵਾਮੁਕਤੀ (VRS) ਲੈਣ ਤੋਂ ਬਾਅਦ ਮੈਂ ਪਿਛਲੇ ਚਾਰ ਸਾਲਾਂ ਦੌਰਾਨ ਭਾਜਪਾ ਵਿੱਚ ਵੱਖ-ਵੱਖ ਸੰਗਠਨਾਤਮਕ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ। ਇਸ ਦੇ ਨਾਲ-ਨਾਲ ਮੈਂ ਕੁਝ ਅਜਿਹੇ ਮੁੱਦਿਆਂ ਉੱਤੇ ਵੀ ਕੰਮ ਕਰ ਰਿਹਾ ਹਾਂ ਜੋ ਪੰਜਾਬ ਅਤੇ ਦੇਸ਼ ਲਈ ਬੇਹੱਦ ਮਹੱਤਵਪੂਰਨ ਹਨ—ਗਰੀਬ ਬੱਚਿਆਂ ਦੇ ਸਿੱਖਿਆ ਅਧਿਕਾਰ, ਅਨੁਸੂਚਿਤ ਜਾਤੀਆਂ ਅਤੇ ਸਿੱਖਾਂ ਦੇ ਸੰਵਿਧਾਨਕ ਹੱਕ, ਧਰਮ ਪਰਿਵਰਤਨ, ਨਸ਼ਿਆਂ ਦਾ ਸੰਕਟ, ਪੰਜਾਬੀ ਭਾਸ਼ਾ, ਦਰਿਆਈ ਪਾਣੀ ਅਤੇ ਰਾਜ ਦੀ ਰਾਜਧਾਨੀ ਸਮੇਤ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਵਿਰਾਸਤੀ ਮੁੱਦੇ।ਇਨ੍ਹਾਂ ਵਿਸ਼ਿਆਂ ‘ਤੇ ਲੰਬੇ ਸਮੇਂ ਤੱਕ ਨਿਰੰਤਰ, ਕੇਂਦ੍ਰਿਤ ਅਤੇ ਪੂਰੇ ਸਮੇਂ ਨਾਲ ਕੰਮ ਕਰਨ ਦੀ ਲੋੜ ਹੈ। ਇਸ ਲਈ ਮੈਂ ਪਾਰਟੀ ਨੂੰ ਬੇਨਤੀ ਕੀਤੀ ਹੈ ਕਿ ਫਿਲਹਾਲ ਮੈਨੂੰ ਸੰਗਠਨਾਤਮਕ ਜ਼ਿੰਮੇਵਾਰੀ ਤੋਂ ਮੁਕਤ ਰੱਖਿਆ ਜਾਵੇ, ਤਾਂ ਜੋ ਮੈਂ ਇਨ੍ਹਾਂ ਮੁੱਦਿਆਂ ਉੱਤੇ ਹੋਰ ਵੱਧ ਸਮਾਂ ਅਤੇ ਊਰਜਾ ਲਗਾ ਸਕਾਂ।”
ਦੱਸ ਦਈਏ ਕਿ ਜਗਮੋਹਨ ਰਾਜੂ ਵੱਲੋਂ ਅਹੁਦਾ ਛੱਡੇ ਜਾਣ ਨੂੰ ਪਾਰਟੀ ਅੰਦਰ ਵਧ ਰਹੇ ਅਸੰਤੋਖ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਢਿੱਲੋਂ ਦੀ ਨਿਯੁਕਤੀ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ।












