ਰਾਜੌਰੀ ਗਾਰਡਨ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਕੈਂਪ ਨੂੰ ਲੈ ਕੇ ਬੱਚਿਆਂ ਵਿੱਚ ਭਾਰੀ ਉਤਸ਼ਾਹ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 10 ਜੂਨ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਪਿਛਲੇ 26 ਸਾਲਾਂ ਤੋਂ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਕੈਂਪ ਦਾ ਆਯੋਜਨ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਹਰਜੀਤ ਕੌਰ ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਇਸ ਕੈਂਪ ਵਿੱਚ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਨਾਲ ਜੋੜਨ ਲਈ ਵਿਸ਼ੇਸ਼ ਸਿੱਖਿਆ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ, ਗੁਰਮਤਿ ਸਿਧਾਂਤਾਂ ਅਤੇ ਸਿੱਖੀ ਦੀਆਂ ਮੁੱਢਲੀਆਂ ਸਿੱਖਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਜੋ ਬੱਚੇ ਗੁਰਬਾਣੀ ਕੀਰਤਨ ਸਿੱਖਣ ਦੇ ਇੱਛੁਕ ਹੁੰਦੇ ਹਨ, ਉਨ੍ਹਾਂ ਨੂੰ ਕੀਰਤਨ ਦੀ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਵੱਡੀ ਉਮਰ ਦੇ ਬੱਚਿਆਂ ਲਈ ਦਸਤਾਰ ਸਿਖਲਾਈ ਦੀਆਂ ਖਾਸ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਬੱਚਿਆਂ ਨੂੰ ਸੁੰਦਰ ਦਸਤਾਰ ਸਜਾਉਣ ਦੀ ਕਲਾ ਸਿਖਾਈ ਜਾਂਦੀ ਹੈ। ਕੈਂਪ ਦੌਰਾਨ ਦਸਤਾਰ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਵਧੀਆ ਦਸਤਾਰ ਸਜਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਨੇ ਦੱਸਿਆ ਕਿ ਭਾਵੇਂ ਪਿਛਲੇ 26 ਸਾਲਾਂ ਤੋਂ ਇਹ ਕਲਾਸਾਂ ਨਿਯਮਿਤ ਤੌਰ ’ਤੇ ਚੱਲ ਰਹੀਆਂ ਹਨ, ਪਰ ਜਦੋਂ ਤੋਂ ਉਨ੍ਹਾਂ ਦੀ ਕਮੇਟੀ ਨੇ ਕਾਰਜਭਾਰ ਸੰਭਾਲਿਆ ਹੈ, ਤਦੋਂ ਤੋਂ ਵਿਸ਼ੇਸ਼ ਯਤਨ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮਤਿ ਕੈਂਪ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਲਈ ਹਰ ਰੋਜ਼ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਵੀ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ ਕੈਂਪ ਦੀ ਸਮਾਪਤੀ ਮੌਕੇ ਬੱਚਿਆਂ ਨੂੰ ਇਨਾਮ ਅਤੇ ਸਨਮਾਨ ਦੇ ਕੇ ਉਤਸ਼ਾਹਿਤ ਕੀਤਾ ਜਾਂਦਾ ਹੈ, ਜਿਸ ਕਾਰਨ ਬੱਚੇ ਬਹੁਤ ਉਤਸ਼ਾਹ ਨਾਲ ਗੁਰਮਤਿ ਕੈਂਪ ਵਿੱਚ ਭਾਗ ਲੈਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ ਕਮੇਟੀ ਦੀ ਇਕੱਲੀ ਮਹਿਲਾ ਅਹੁਦੇਦਾਰ ਪਰਵਿੰਦਰ ਕੌਰ ਅਤੇ ਮੈਨੇਜਰ ਹਰਜੀਤ ਸਿੰਘ ਵੱਲੋਂ ਬੱਚਿਆਂ ਦੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਤਾਂ ਜੋ ਕੈਂਪ ਦੌਰਾਨ ਕਿਸੇ ਵੀ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਇਹ ਉਪਰਾਲੇ ਬੱਚਿਆਂ ਨੂੰ ਗੁਰਮਤਿ, ਪੰਜਾਬੀ ਭਾਸ਼ਾ ਅਤੇ ਸਿੱਖ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।