ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਕੌਮ ਦੀ ਹਨ ਅਮੁੱਲੀ ਵਿਰਾਸਤ, ਜਿਨ੍ਹਾਂ ਤੋਂ ਹਰ ਪੀੜ੍ਹੀ ਨੂੰ ਮਿਲਦੀ ਰਹੇਗੀ ਪ੍ਰੇਰਣਾ: ਬੰਦੀ ਸਿੰਘ
ਨਵੀਂ ਦਿੱਲੀ 10 ਜੂਨ (ਮਨਪ੍ਰੀਤ ਸਿੰਘ ਖਾਲਸਾ):-
ਬੁੜੈਲ ਜੇਲ੍ਹ ਅੰਦਰ ਜੂਨ 1984 ਦੇ ਘਲੂਘਾਰੇ ਵਿੱਚ ਸ਼ਹੀਦ ਹੋਏ ਸਿੰਘਾਂ ਅਤੇ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਬੀਤੇ ਐਤਵਾਰ ਨੂੰ ਧਾਰਮਿਕ ਸਮਾਗਮ ਕਰਵਾਇਆ ਗਿਆ। ਮਿਲੀ ਜਾਣਕਾਰੀ ਅਨੁਸਾਰ ਇਹ ਸਮਾਗਮ ਬੰਦੀ ਸਿੰਘਾਂ, ਹੋਰ ਕੈਦੀਆਂ ਅਤੇ ਜੇਲ੍ਹ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ, ਜਿਸ ਦੌਰਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਸ੍ਰੀ ਜਪੁਜੀ ਸਾਹਿਬ, ਸ੍ਰੀ ਸੁਖਮਨੀ ਸਾਹਿਬ ਅਤੇ ਸ੍ਰੀ ਚੌਪਈ ਸਾਹਿਬ ਦੇ ਪਾਠ ਨਾਲ ਹੋਈ। ਇਸ ਉਪਰੰਤ ਕੀਰਤਨੀ ਦੀਵਾਨ ਸਜਾਇਆ ਗਿਆ, ਜਿਸ ਵਿੱਚ ਗੁਰਬਾਣੀ ਕੀਰਤਨ ਰਾਹੀਂ ਜੂਨ 1984 ਦੇ ਘਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਯਾਦ ਕੀਤਾ ਗਿਆ। ਜੇਲ੍ਹ ਅੰਦਰ ਮੌਜੂਦ ਕੈਦੀਆਂ ਨੇ ਵੀ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਆਪਸੀ ਭਾਈਚਾਰੇ ਅਤੇ ਸਾਂਝ ਦਾ ਪ੍ਰਗਟਾਵਾ ਕੀਤਾ।
ਸਮਾਗਮ ਦੌਰਾਨ ਜੂਨ 1984 ਦੀਆਂ ਘਟਨਾਵਾਂ ਨੂੰ ਯਾਦ ਕਰਦਿਆਂ ਕਈ ਬੰਦੀ ਸਿੰਘ ਭਾਵੁਕ ਨਜ਼ਰ ਆਏ। ਉਨ੍ਹਾਂ ਕਿਹਾ ਕਿ ਘਲੂਘਾਰਾ ਸਿੱਖ ਇਤਿਹਾਸ ਦਾ ਇੱਕ ਅਜਿਹਾ ਅਧਿਆਇ ਹੈ, ਜਿਸ ਦੀਆਂ ਯਾਦਾਂ ਅੱਜ ਵੀ ਮਨਾਂ ਨੂੰ ਝੰਜੋੜ ਦਿੰਦੀਆਂ ਹਨ। ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਈਆਂ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਕੌਮ ਨੂੰ ਹਮੇਸ਼ਾ ਆਪਣੇ ਸ਼ਹੀਦਾਂ ਦੀ ਯਾਦ ਅਤੇ ਉਨ੍ਹਾਂ ਦੇ ਆਦਰਸ਼ਾਂ ਨਾਲ ਜੋੜ ਕੇ ਰੱਖਿਆ ਜਾਵੇ। ਅੰਤ ਵਿੱਚ ਸਮੂਹ ਸ਼ਹੀਦਾਂ ਦੀ ਆਤਮਿਕ ਯਾਦ ਵਿੱਚ ਅਰਦਾਸ ਕੀਤੀ ਗਈ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਸਮਾਗਮ ਵਿੱਚ ਹਾਜ਼ਰ ਬੰਦੀ ਸਿੰਘਾਂ ਨੇ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਿੱਖ ਕੌਮ ਦੀ ਅਮੁੱਲੀ ਵਿਰਾਸਤ ਹਨ, ਜਿਨ੍ਹਾਂ ਤੋਂ ਹਰ ਪੀੜ੍ਹੀ ਨੂੰ ਪ੍ਰੇਰਣਾ ਮਿਲਦੀ ਰਹੇਗੀ ਅਤੇ ਜਿਨ੍ਹਾਂ ਦੀ ਯਾਦ ਨੂੰ ਜਿਊਂਦਾ ਰੱਖਣਾ ਹਰ ਸਿੱਖ ਦਾ ਫਰਜ਼ ਹੈ। ਅੰਤ ਬੰਦੀ ਸਿੰਘਾਂ ਸਮੇਤ ਸਮੂਹ ਕੈਦੀਆਂ ਨੇ ਪ੍ਰੋਗਰਾਮ ਕਰਵਾਣ ਵਿਚ ਸਾਹਿਯੋਗ ਦੇਣ ਲਈ ਜੇਲ੍ਹ ਪ੍ਰਸ਼ਾਸ਼ਨ ਦਾ ਧੰਨਵਾਦ ਕੀਤਾ।












