ਨਵੀਂ ਦਿੱਲੀ, 10 ਜੂਨ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):-
ਸ਼੍ਰੋਮਣੀ ਅਕਾਲੀ ਦਲ (ਦਿੱਲੀ ਇਕਾਈ) ਵੱਲੋਂ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਸਥਿਤ ਗੁਰਦੁਆਰਾ ਕਲਗੀਧਰ ਖਾਲਸਾ ਸੇਵਕ ਸਭਾ ਵਿੱਚ ਬ੍ਰਿਟੇਨ ਦੇ 18 ਸਾਲਾ ਨੌਜਵਾਨ ਹੈਨਰੀ ਨੋਵਾਕ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹੈਨਰੀ ਨੋਵਾਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ ਅਤੇ ਉਸ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਆਯੋਜਕਾਂ ਨੇ ਕਿਹਾ ਕਿ ਇਹ ਸਮਾਗਮ ਯੂਨਾਈਟਿਡ ਕਿੰਗਡਮ ਤੋਂ ਬਾਹਰ ਹੈਨਰੀ ਨੋਵਾਕ ਦੀ ਯਾਦ ਵਿੱਚ ਕਰਵਾਇਆ ਗਿਆ ਪਹਿਲਾ ਸਿੱਖ ਧਾਰਮਿਕ ਸਮਾਗਮ ਮੰਨਿਆ ਜਾ ਰਿਹਾ ਹੈ। ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮਨੁੱਖੀ ਦੁੱਖ-ਦਰਦ ਦੀ ਕੋਈ ਸਰਹੱਦ, ਧਰਮ ਜਾਂ ਕੌਮ ਨਹੀਂ ਹੁੰਦੀ ਅਤੇ ਸਿੱਖ ਸੰਗਤ ਇਸ ਦੁਖਦਾਈ ਘਟਨਾ ਵਿੱਚ ਪਰਿਵਾਰ ਨਾਲ ਖੜ੍ਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬ੍ਰਿਟਿਸ਼ ਅਦਾਲਤ ਵੱਲੋਂ ਦੋਸ਼ੀ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ, ਪਰ ਇਸ ਘਟਨਾ ਨੂੰ ਬਹਾਨਾ ਬਣਾਕੇ ਪੂਰੇ ਸਿੱਖ ਭਾਈਚਾਰੇ ਜਾਂ ਸਿੱਖ ਧਰਮ ਨੂੰ ਨਿਸ਼ਾਨਾ ਬਣਾਉਣਾ ਗਲਤ ਹੈ। ਸਰਨਾ ਨੇ ਸਪੱਸ਼ਟ ਕੀਤਾ ਕਿ ਅਦਾਲਤ ਵਿੱਚ ਪੇਸ਼ ਸਬੂਤਾਂ ਅਨੁਸਾਰ ਹੈਨਰੀ ਨੋਵਾਕ ਦੀ ਹੱਤਿਆ ਸਿੱਖ ਕਿਰਪਾਨ ਨਾਲ ਨਹੀਂ, ਸਗੋਂ ਇੱਕ ਹੋਰ ਕਿਸਮ ਦੇ ਹਥਿਆਰ ਨਾਲ ਕੀਤੀ ਗਈ ਸੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਯੂਨਾਇਟਡ ਸਿੱਖਸ ਯੂਕੇ ਦੇ ਡਾਇਰੈਕਟਰ ਸਰਦਾਰ ਹਰਮੀਤ ਸ਼ਾਹ ਸਿੰਘ ਨੇ ਕਿਹਾ ਕਿ ਹੈਨਰੀ ਨੋਵਾਕ ਦੀ ਹੱਤਿਆ ਇੱਕ ਗੰਭੀਰ ਅਪਰਾਧ ਸੀ ਅਤੇ ਅਦਾਲਤੀ ਪ੍ਰਕਿਰਿਆ ਰਾਹੀਂ ਇਨਸਾਫ਼ ਹੋ ਚੁੱਕਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਨੂੰ ਸਿੱਖ ਧਰਮ ਜਾਂ ਕਿਰਪਾਨ ਵਿਰੁੱਧ ਨਫ਼ਰਤ ਫੈਲਾਉਣ ਲਈ ਵਰਤਣ ਦੀ ਬਜਾਏ ਸੱਚਾਈ, ਪਾਰਦਰਸ਼ਤਾ ਅਤੇ ਆਪਸੀ ਸਮਝ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਹੈਨਰੀ ਨੋਵਾਕ ਦੇ ਪਰਿਵਾਰ ਦੀ ਹੌਸਲਾ ਅਫ਼ਜ਼ਾਈ ਅਤੇ ਸਮਾਜ ਵਿੱਚ ਅਮਨ ਤੇ ਭਾਈਚਾਰੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਮਨਜੀਤ ਸਿੰਘ ਜੀਕੇ, ਜਤਿੰਦਰ ਸਿੰਘ ਸੋਨੂੰ, ਸਤਨਾਮ ਸਿੰਘ ਖੀਵਾ, ਤਜਿੰਦਰ ਸਿੰਘ ਗੋਪਾ, ਅਮਰੀਕ ਸਿੰਘ ਵਿਕਾਸਪੁਰੀ, ਪਰਮਜੀਤ ਸਿੰਘ ਵੀਰਜੀ, ਗੁਰਮੀਤ ਸਿੰਘ ਫਿਲੀਪੀਨਸ, ਐਸਜੀਪੀਸੀ ਸਿੱਖ ਮਿਸ਼ਨ ਦਿੱਲੀ ਦੇ ਜਸਵੀਰ ਸਿੰਘ ਲੌਂਗੋਵਾਲ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹਾਜਿਰ ਸਨ।












