ਸੁਖਬੀਰ ਸਿੰਘ ਬਾਦਲ ਵੱਲੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਚੁਣੌਤੀ: ਮੇਰੇ ਖਿਲਾਫ ਜਿੰਨੇ ਮਰਜ਼ੀ ਪਰਚੇ ਦਰਜ ਕਰ ਲਓ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 11 ਜੂਨ ,ਬੋਲੇ ਪੰਜਾਬ ਬਿਊਰੋ: 

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਉਹਨਾਂ ਖਿਲਾਫ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ ਤੇ ਕਿਹਾ ਕਿ ਹੁਣ ਤਾਜ਼ਾ ਯਤਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਹੱਥੋਂ ਸ਼ੁਰੂ ਕੀਤੇ ਗਏ ਹਨ।


ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਾ ਤਾਂ ਮੈਨੂੰ ਆਪਣੇ ਖਿਲਾਫ ਕੇਸ ਦਰਜ ਹੋਣ ਦਾ ਡਰ ਹੈ ਤੇ ਨਾ ਹੀ ਮੈਨੂੰ ਜੇਲ੍ਹ ਜਾਣ ਦੀ ਪਰਵਾਹ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਮੈਨੂੰ ਬਰਗਾੜੀ ਬੇਅਦਬੀ ਕੇਸ ਵਿਚ ਫਸਾਉਣਾ ਚਾਹੁੰਦੇ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਸਰਗਰਮ ਵਰਕਰ ਵਜੋਂ ਕੰਮ ਕਰ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਜਥੇਦਾਰ ਦੇ ਅਜਿਹੇ ਯਤਨ ਤਖ਼ਤ ਦੀ ਮਰਿਆਦਾ ਦੇ ਖਿਲਾਫ ਹਨ


ਸਰਦਾਰ ਸੁਖਬੀਰ ਸਿੰਘ ਬਾਦਲ ਨੇ ਭਾਖੜਾ ਡੈਮ ਵਿਚ ਪਾਣੀ ਦੇ ਪੱਧਰ ਵਿਚ ਹੋਏ ਅਣਕਿਆਸੇ ਵਾਧੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 21 ਫੁੱਟ ਵੱਧ ਹੈ ਤੇ 1578 ਫੁੱਟ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਤ ਦਾ ਨੋਟਿਸ ਨਹੀਂ ਲਿਆ ਅਤੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਬੀ ਬੀ ਐਮ ਬੀ ਅਧਿਕਾਰੀਆਂ ਕੋਲ ਸਮੇਂ ਸਿਰ ਪਾਣੀ ਛੱਡਣ ਦਾ ਮਾਮਲਾ ਨਹੀਂ ਚੁੱਕਿਆ।


ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਪਿਛਲੇ ਸਾਲ ਵੀ ਸਮੇਂ ਸਿਰ ਪਾਣੀ ਛੁਡਵਾਉਣ ਵਿਚ ਨਾਕਾਮ ਰਹੀ ਸੀ ਜਿਸ ਕਾਰਨ ਹਡ੍ਹ ਆਏ ਸਨ ਤੇ ਪੰਜਾਬ ਵਿਚ ਲੱਖਾਂ ਏਕੜ ਵਿਚ ਝੋਨੇ ਦੀ ਫਸਲ ਤਬਾਹ ਹੋਈ ਸੀ ਤੇ ਕਿਸਾਨਾਂ ਦੀ ਜ਼ਿੰਦਗੀ ਬਰਬਾਦ ਹੋਈ ਸੀ।
ਉਹਨਾਂ ਕਿਹਾ ਕਿ ਇਸ ਸਾਲ ਵੀ ਉਹੋ ਜਿਹੇ ਹਾਲਾਤ ਬਣ ਰਹੇ ਹਨ ਤੇ ਜੇਕਰ ਮੌਨਸੂਨ ਵਿਚ ਮੀਂਹ ਵੱਧ ਪੈ ਗਿਆ ਤਾਂ ਬੀ ਬੀ ਐਮ ਬੀ ਅਧਿਕਾਰੀ ਅਚਨਚੇਤ ਪਾਣੀ ਛੱਡਣ ਲਈ ਮਜਬੂਰ ਹੋਣਗੇ ਜਿਸ ਨਾਲ ਸੂਬੇ ਵਿਚ ਹੜ੍ਹ ਆਉਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।