ਬਠਿੰਡਾ 16 ਜੂਨ ,ਬੋਲੇ ਪੰਜਾਬ ਬਿਊਰੋ;
ਬਠਿੰਡਾ-ਮਾਨਸਾ ਮੁੱਖ ਸੜਕ ‘ਤੇ ਮੰਗਲਵਾਰ ਸਵੇਰੇ ਇੱਕ ਬੇਹੱਦ ਦਰਦਨਾਕ ਅਤੇ ਮੰਦਭਾਗਾ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਪੰਜਾਬ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ ਬੇਅੰਤ ਕੌਰ ਦੀ ਮੌਕੇ‘ਤੇ ਹੀ ਮੌਤ ਹੋ ਗਈ। ਮ੍ਰਿਤਕ ਮਹਿਲਾ ਅਫ਼ਸਰ ਮਾਨਸਾ ਦੇ ਮਹਿਲਾ ਥਾਣੇ ਵਿੱਚ ਬਤੌਰ ਮੁੱਖ ਥਾਣਾ ਅਫ਼ਸਰ (SHO) ਤਾਇਨਾਤ ਸੀ। ਇਸ ਅਚਾਨਕ ਹੋਈ ਮੌਤ ਕਾਰਨ ਪੰਜਾਬ ਪੁਲਿਸ ਦੇ ਹਲਕਿਆਂ ਅਤੇ ਇਲਾਕੇ ਵਿੱਚ ਗਹਿਰੇ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਬੇਅੰਤ ਕੌਰ ਮੰਗਲਵਾਰ ਸਵੇਰੇ ਆਪਣੀ ਕਾਰ ਵਿੱਚ ਸਵਾਰ ਹੋਕੇ ਬਠਿੰਡਾ ਵੱਲੋਂ ਮਾਨਸਾ ਵਿਖੇ ਆਪਣੀ ਡਿਊਟੀ ‘ਤੇ ਜਾ ਰਹੀ ਸੀ। ਜਦੋਂ ਉਹ ਗੁਰਦੁਆਰਾ ਤਿੱਤਰਸਰ ਸਾਹਿਬ ਦੇ ਨਜ਼ਦੀਕ ਪਹੁੰਚੀ , ਤਾਂ ਉਸ ਦੀ ਕਾਰ ਦੀ ਟੱਕਰ ਅੱਗੇ ਜਾ ਰਹੀ ਇੱਕ ਤੂੜੀ ਨਾਲ ਭਰੀ,ਟਰੈਕਟਰ-ਟਰਾਲੀ ਨਾਲ ਹੋ ਗਈ।
ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਬੇਅੰਤ ਕੌਰ ਨੇ ਮੌਕੇ‘ਤੇ ਹੀ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਬ-ਇੰਸਪੈਕਟਰ ਬੇਅੰਤ ਕੌਰ ਦਾ ਪੇਕਾ ਪਿੰਡ ਬਠਿੰਡਾ ਜ਼ਿਲ੍ਹੇ ਦਾ ਜੰਗੀਰਾਣਾ ਸੀ, ਜਦੋਂਕਿ ਉਹ ਮੌੜ ਹਲਕੇ ਦੇ ਪਿੰਡ ਮਾਈਸਰਖਾਨਾ ਵਿਖੇ ਵਿਆਹੀ ਹੋਈ ਸੀ। ਉਹ ਆਪਣੇ ਪਿੱਛੇ ਪਤੀ ਤੋਂ ਇਲਾਵਾ ਦੋ ਛੋਟੇ ਬੱਚੇ ਛੱਡ ਗਈ ਹੈ, ਜਿਨ੍ਹਾਂ ਦੇ ਸਿਰੋਂਮਾਂ ਦਾ ਸਾਇਆ ਹਮੇਸ਼ਾ ਲਈ ਉੱਠ ਗਿਆ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੌੜ ਦੀ ਪੁਲਿਸ ਪਾਰਟੀ ਤੁਰੰਤ ਮੌਕੇ‘ਤੇ ਪਹੁੰਚੀ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਮੌਕੇ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।












