ਭਟਕਦੀਆਂ ਰੂਹਾਂ
ਇਤਿਹਾਸ ਦਾ ਪਹੀਆ ਕਈ ਵਾਰ ਅੱਗੇ ਨਹੀਂ ਵਧਦਾ, ਸਗੋਂ ਪੁੱਠਾ ਗੇੜਾ ਖਾ ਲੈਂਦਾ ਹੈ। ਅੱਜ ਪੰਜਾਬ ਦੀ ਹਾਲਤ ਵੇਖ ਕੇ ਲੱਗਦਾ ਹੈ ਕਿ ਅਸੀਂ ਫਿਰ ਉਸੇ ਮੋੜ ਵੱਲ ਵਧ ਰਹੇ ਹਾਂ, ਜਿੱਥੇ ਪਹਿਲਾਂ ਵੀ ਬਹੁਤ ਕੁਝ ਗੁਆ ਚੁੱਕੇ ਹਾਂ। ਆਰਥਿਕ ਮੰਦਹਾਲੀ, ਬੇਰੁਜ਼ਗਾਰੀ, ਕਰਜ਼ਿਆਂ ਹੇਠ ਦੱਬੀ ਖੇਤੀ, ਖਾਲੀ ਹੁੰਦੇ ਪਿੰਡ ਅਤੇ ਪਰਵਾਸ ਦੀ ਮਾਰ ਵਰਗੇ ਅਸਲ ਮੁੱਦੇ ਪਿੱਛੇ ਛੱਡ ਕੇ ਅਸੀਂ ਮੁੜ ਭਾਵਨਾਵਾਂ, ਪਛਾਣਾਂ ਅਤੇ ਧਾਰਮਿਕ ਟਕਰਾਵਾਂ ਦੇ ਰਾਹ ਪੈ ਰਹੇ ਹਾਂ। ਅੱਗਾ ਦੌੜ ਪਿੱਛਾ ਚੌੜ, ਵਰਗੀ ਹਾਲਤ ਬਣ ਗਈ ਹੈ।
ਪਹਿਲਾਂ ਵੀ ਧਰਮ ਦੇ ਨਾਂ ਹੇਠ ਪੰਜਾਬ ਦੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ ਸੀ। ਉਦੋਂ ਪੰਜਾਬੀ ਨੇ ਪੰਜਾਬੀ ਨਾਲ ਲੜ ਕੇ ਆਪਣੇ ਘਰ ਸਾੜੇ, ਆਪਣੇ ਨੌਜਵਾਨ ਪੁੱਤ ਗਵਾਏ ਅਤੇ ਆਪਣੀ ਹੀ ਧਰਤੀ ਨੂੰ ਲਹੂ ਨਾਲ ਰੰਗਿਆ। ਅੱਜ ਸਵਾਲ ਫਿਰ ਖੜ੍ਹਾ ਹੈ। ਕੀ ਅਸੀਂ ਇਤਿਹਾਸ ਤੋਂ ਕੋਈ ਸਬਕ ਸਿੱਖਿਆ ਹੈ ਜਾਂ ਅਜੇ ਵੀ ਅੱਗ ਨਾਲ ਖੇਡਣ ਨੂੰ ਬਹਾਦਰੀ ਸਮਝਦੇ ਹਾਂ?
ਅਸੀਂ ਆਪਣੇ ਆਪ ਨੂੰ ਸੂਰਮਿਆਂ ਦੀ ਕੌਮ ਕਹਿੰਦੇ ਹਾਂ। ਪਰ ਸੱਚ ਇਹ ਵੀ ਹੈ ਕਿ ਅਸੀਂ ਰੁੱਖਾਂ ਦੇ ਕਾਤਲ ਹਾਂ, ਕੁੱਖਾਂ ਦੇ ਕਾਤਲ ਹਾਂ, ਰਿਸ਼ਤਿਆਂ ਦੇ ਕਾਤਲ ਹਾਂ ਅਤੇ ਆਪਣੀ ਹੀ ਧਰਤੀ ਦੇ ਕਾਤਲ ਹਾਂ। ਅਸੀਂ ਦਰਿਆ ਸੁਕਾ ਦਿੱਤੇ, ਹਵਾ ਜ਼ਹਿਰੀਲੀ ਕਰ ਦਿੱਤੀ, ਮਿੱਟੀ ਨੂੰ ਬਿਮਾਰ ਕਰ ਦਿੱਤਾ ਅਤੇ ਫਿਰ ਵੀ ਆਪਣੇ ਆਪ ਨੂੰ ਕੁਦਰਤ ਦੇ ਰਾਖੇ ਕਹਿੰਦੇ ਹਾਂ। ਅਸੀਂ ਖ਼ੁਦ ਵੀ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਹਾਂ। ਪ੍ਰਾਈਵੇਟ ਹਸਪਤਾਲਾਂ ਤੇ ਸਾਧਾਂ ਦੇ ਡੇਰਿਆਂ ਦਾ ਵਧਣਾ ਪੰਜਾਬ ਦੀ ਮਾਨਸਿਕ ਤੇ ਆਰਥਿਕ ਕਮਜ਼ੋਰੀ ਦਾ ਸੱਚ ਹੈ। ਉਂਝ ਅਸੀਂ ਅਣਖ਼ ਨਾਲ ਜਿਉਣ ਦਾ ਦਾਅਵਾ ਕਰਦੇ ਹਾਂ।
ਸਾਡੀ ਅਣਖ਼ ਦਾ ਵੀ ਅਜੀਬ ਹਿਸਾਬ ਹੈ। ਇਹ ਕਮਜ਼ੋਰ ਉੱਤੇ ਬਹੁਤ ਛੇਤੀ ਜਾਗ ਪੈਂਦੀ ਹੈ, ਪਰ ਤਾਕਤਵਰ ਦੇ ਸਾਹਮਣੇ ਅਕਸਰ ਖਾਮੋਸ਼ ਹੋ ਜਾਂਦੀ ਹੈ। ਅਸੀਂ ਆਪਣੇ ਆਪ ਨੂੰ ਸ਼ੇਰ ਕਹਿੰਦੇ ਹਾਂ, ਪਰ ਕਈ ਵਾਰ ਆਪਣੀ ਹੀ ਪਰਛਾਂਵੇ ਤੋਂ ਡਰ ਜਾਂਦੇ ਹਾਂ। ਇਹ ਕੇਹੀ ਤ੍ਰਾਸਦੀ ਹੈ, ਅਣਖ਼ ਨਾਲ ਜਿਉਣ ਵਾਲਿਆਂ ਦੀ?
ਅਸਲ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਆਰਥਿਕ ਜਾਂ ਸਿਆਸੀ ਨਹੀਂ, ਸਗੋਂ ਰੂਹਾਨੀ ਅਤੇ ਸਮਾਜਿਕ ਭਟਕਣ ਹੈ। ਹਰ ਮਨੁੱਖ ਕਿਸੇ ਨਾ ਕਿਸੇ ਤਲਾਸ਼ ਵਿੱਚ ਹੈ। ਕੋਈ ਪੈਸੇ ਦੇ ਪਿੱਛੇ ਭੱਜ ਰਿਹਾ ਹੈ, ਕੋਈ ਪਰਵਾਸ ਦੇ, ਕੋਈ ਸੱਤਾ ਦੇ ਅਤੇ ਕੋਈ ਪ੍ਰਸਿੱਧੀ ਦੇ ਮਗਰ ਦੌੜਿਆ ਜਾ ਰਿਹਾ ਹੈ। ਪਰ ਜਿਸ ਚੀਜ਼ ਦੀ ਸਭ ਤੋਂ ਵੱਧ ਘਾਟ ਹੈ, ਉਹ ਹੈ ਸੰਤੁਲਨ ਅਤੇ ਸੂਝ ਦੀ। ਅਸੀਂ ਅਕਲੋਂ ਊਣੇ ਹੋ ਗਏ ਹਾਂ। ਇਸੇ ਕਰਕੇ ਭਟਕ ਰਹੇ ਹਾਂ।
ਉਂਝ ਇਹ ਭਟਕਣ ਸਾਡੇ ਰਿਸ਼ਤਿਆਂ ਵਿੱਚ ਵੀ ਨਜ਼ਰ ਆਉਂਦੀ ਹੈ।
ਕਦੇ ਹੀਰ-ਰਾਂਝਾ ਲੋਕ-ਕਥਾ ਸੀ, ਅੱਜ ਇਹ ਇੱਕ ਸਮਾਜਿਕ ਰੂਪਕ ਬਣ ਚੁੱਕਾ ਹੈ। ਮਨੁੱਖ ਦੀਆਂ ਇੱਛਾਵਾਂ ਪਹਿਲਾਂ ਵੀ ਬੇਅੰਤ ਸਨ ਅਤੇ ਅੱਜ ਵੀ ਹਨ। ਫ਼ਰਕ ਸਿਰਫ਼ ਇਹ ਹੈ ਕਿ ਪਹਿਲਾਂ ਬੇਲਿਆਂ ਵਿੱਚ ਬੰਸਰੀ ਵੱਜਦੀ ਸੀ, ਅੱਜ ਮੋਬਾਇਲ ਦੀ ਰਿੰਗਟੋਨ ਵੱਜਦੀ ਹੈ। ਪਹਿਲਾਂ ਦੂਰੀਆਂ ਵੱਧ ਸਨ ਤੇ ਦਿਲ ਨੇੜੇ ਸਨ, ਅੱਜ ਦੂਰੀਆਂ ਘੱਟ ਹਨ ਤੇ ਦਿਲ ਦੂਰ ਹੋ ਗਏ ਹਨ। ਇੱਕ ਛੱਤ ਹੇਠ ਇਕੱਲੇ ਇਕੱਲੇ ਹਾਂ।
ਵਿਸ਼ਵੀਕਰਨ ਅਤੇ ਤਕਨਾਲੋਜੀ ਨੇ ਦੁਨੀਆ ਨੂੰ ਪਿੰਡ ਬਣਾ ਦਿੱਤਾ ਹੈ, ਪਰ ਮਨੁੱਖ ਨੂੰ ਇਕੱਲਾ ਵੀ ਕਰ ਦਿੱਤਾ ਹੈ। ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਦੋਸਤ ਹਨ, ਪਰ ਦੁੱਖ ਸਾਂਝਾ ਕਰਨ ਲਈ ਇੱਕ ਵੀ ਮੋਢਾ ਨਹੀਂ। ਸੰਪਰਕ ਵਧਿਆ ਹੈ, ਸੰਬੰਧ ਘਟੇ ਹਨ। ਇਹ ਹੈ ਟੈਕਨਾਲੋਜੀ ਵਿਕਾਸ ਦਾ ਅਸਲੀ ਰੂਪ।
ਵਿਆਹ, ਪਿਆਰ ਅਤੇ ਪਰਿਵਾਰ ਵੀ ਬਦਲ ਰਹੇ ਹਨ। ਕਈ ਰਿਸ਼ਤੇ ਸਾਂਝੀ ਜ਼ਿੰਦਗੀ ਦੀ ਥਾਂ ਨਿੱਜੀ ਸਵਾਰਥਾਂ ਉੱਤੇ ਖੜ੍ਹੇ ਦਿਸਦੇ ਹਨ। ਜਦੋਂ ਰਿਸ਼ਤੇ ਬਾਜ਼ਾਰ ਦੀਆਂ ਸ਼ਰਤਾਂ ਉੱਤੇ ਬਣਨ ਲੱਗ ਪੈਣ ਤਾਂ ਉਨ੍ਹਾਂ ਵਿੱਚੋਂ ਭਰੋਸਾ ਅਤੇ ਤਿਆਗ ਹੌਲੀ-ਹੌਲੀ ਗਾਇਬ ਹੋ ਜਾਂਦੇ ਹਨ।
ਦੂਜੇ ਪਾਸੇ ਸਮਾਜ ਵਿੱਚ ਸਦੀਆਂ ਪੁਰਾਣੀਆਂ ਤਾਕਤਾਂ ਦੇ ਸੰਤੁਲਨ ਵੀ ਬਦਲ ਰਹੇ ਹਨ। ਔਰਤ ਆਪਣੇ ਅਧਿਕਾਰਾਂ ਅਤੇ ਆਪਣੀ ਆਜ਼ਾਦੀ ਲਈ ਖੜ੍ਹੀ ਹੋ ਰਹੀ ਹੈ। ਇਹ ਆਜ਼ਾਦੀ ਸਰੀਰਿਕ ਸੰਬੰਧਾਂ ਦੀ ਹੈ, ਬੌਧਿਕ ਆਜ਼ਾਦੀ ਦੀ ਨਹੀਂ। ਇਹ ਕੁਦਰਤੀ ਅਤੇ ਜ਼ਰੂਰੀ ਬਦਲਾਅ ਹੈ। ਪਰ ਜਿਹੜਾ ਸਮਾਜ ਬਰਾਬਰੀ ਦੀ ਸੋਚ ਤੋਂ ਵਾਂਝਾ ਹੋਵੇ, ਉੱਥੇ ਹਰ ਬਦਲਾਅ ਟਕਰਾਅ ਬਣ ਜਾਂਦਾ ਹੈ।
ਪਰ ਇਨ੍ਹਾਂ ਸਾਰੀਆਂ ਤਬਦੀਲੀਆਂ ਦੇ ਵਿਚਕਾਰ ਇੱਕ ਗੱਲ ਸਾਂਝੀ ਹੈ, ਤੰਦ ਹੈ ਉਹ ਹੈ ਭਟਕਣ।
ਬਾਜ਼ਾਰਾਂ ਵਿੱਚ ਘੁੰਮਦੇ ਲੋਕ, ਸੜਕਾਂ ਉੱਤੇ ਦੌੜਦੇ ਵਾਹਨ, ਵਿਦੇਸ਼ਾਂ ਵੱਲ ਜਾਂਦੇ ਨੌਜਵਾਨ, ਸੋਸ਼ਲ ਮੀਡੀਆ ਉੱਤੇ ਚੀਕਦੇ ਵਿਚਾਰਕ, ਧਰਮ ਅਤੇ ਸਿਆਸਤ ਦੇ ਨਾਂ ਉੱਤੇ ਭੀੜਾਂ ਇਕੱਠੀਆਂ ਕਰਦੇ ਸਿਆਸੀ ਆਗੂ ਇਹ ਸਾਰੇ ਕਿਸੇ ਨਾ ਕਿਸੇ ਤਲਾਸ਼ ਵਿੱਚ ਹਨ। ਪਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਹ ਲੱਭ ਕੀ ਰਹੇ ਹਨ?
ਇਸ ਭਟਕਣ ਦਾ ਅਸਰ ਕੁਦਰਤ ਉੱਤੇ ਵੀ ਪਿਆ ਹੈ। ਮੌਸਮ ਬਦਲ ਰਹੇ ਹਨ। ਗਰਮੀਆਂ ਅੱਗਾਂ ਬਣਦੀਆਂ ਜਾ ਰਹੀਆਂ ਹਨ। ਸਰਦੀਆਂ ਸਿਮਟ ਰਹੀਆਂ ਹਨ। ਧਰਤੀ ਦਾ ਸੰਤੁਲਨ ਵਿਗੜ ਰਿਹਾ ਹੈ। ਮਨੁੱਖ ਨੇ ਲਾਲਚ ਵਿੱਚ ਕੁਦਰਤ ਨੂੰ ਜ਼ਖ਼ਮੀ ਕੀਤਾ ਹੈ ਅਤੇ ਹੁਣ ਕੁਦਰਤ ਆਪਣਾ ਹਿਸਾਬ ਮੰਗ ਰਹੀ ਹੈ।
ਦੁੱਖ ਦੀ ਗੱਲ ਇਹ ਹੈ ਕਿ ਅਸੀਂ ਜਾਗਦੇ ਹੋਏ ਵੀ ਸੁੱਤੇ ਪਏ ਹਾਂ। ਸਾਡੀ ਚੇਤਨਾ ਨੂੰ ਸਿਆਸੀ ਨਾਅਰੇ, ਧਾਰਮਿਕ ਜਜ਼ਬਾਤ ਅਤੇ ਬਾਜ਼ਾਰ ਦੀ ਚਮਕ ਚਿੱਟੀ ਸਿਉਂਕ ਵਾਂਗ ਖਾ ਰਹੀ ਹੈ। ਅਸੀਂ ਹਰ ਗੱਲ ਉੱਤੇ ਭੜਕ ਜਾਂਦੇ ਹਾਂ, ਪਰ ਆਪਣੇ ਅੰਦਰ ਝਾਤ ਮਾਰਨ ਤੋਂ ਡਰਦੇ ਹਾਂ। ਇਹ ਡਰ ਹੀ ਸਾਡੀ ਹੋਣੀ ਬਣ ਗਿਆ ਹੈ।
ਅੱਜ ਪੰਜਾਬ ਨੂੰ ਕਿਸੇ ਨਵੇਂ ਨਾਅਰੇ ਦੀ ਨਹੀਂ, ਨਵੀਂ ਸੂਝ ਦੀ ਲੋੜ ਹੈ। ਸੂਝ ਤੇ ਗਿਆਨ ਕਿਤਾਬਾਂ ਰਾਹੀਂ ਮਿਲੇਗੀ। ਸਾਡੇ ਘਰ ਕਿਤਾਬਾਂ ਤੋਂ ਸੱਖਣੇ ਹਨ। ਹੋਰ ਸਭ ਕੁੱਝ ਹੈ ਪਰ ਕਿਤਾਬਾਂ ਨਹੀਂ। ਲੋੜ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਅੰਦਰਲੇ ਮਨੁੱਖ ਨੂੰ ਮੁੜ ਜਗਾਈਏ। ਕਿਉਂਕਿ ਜਦੋਂ ਮਨੁੱਖ ਅੰਦਰੋਂ ਮਰ ਜਾਂਦਾ ਹੈ ਤਾਂ ਬਾਹਰ ਦੀ ਹਰ ਜਿੱਤ ਵੀ ਹਾਰ ਬਣ ਜਾਂਦੀ ਹੈ।
ਅੱਜ ਪੰਜਾਬ ਦੀਆਂ ਸੜਕਾਂ, ਬਾਜ਼ਾਰ, ਪਿੰਡ, ਸ਼ਹਿਰ ਅਤੇ ਸੋਸ਼ਲ ਮੀਡੀਆ ਭਟਕਦੀਆਂ ਰੂਹਾਂ ਨਾਲ ਭਰੇ ਪਏ ਹਨ। ਹਰ ਕੋਈ ਕਿਸੇ ਨੂੰ ਲੱਭ ਰਿਹਾ ਹੈ, ਪਰ ਆਪਣੇ ਆਪ ਨੂੰ ਲੱਭਣ ਲਈ ਕਿਸੇ ਕੋਲ ਸਮਾਂ ਨਹੀਂ।
ਇਤਿਹਾਸ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਨਹੀਂ ਹੁੰਦੀ ਕਿ ਕੋਈ ਕੌਮ ਹਾਰ ਜਾਂਦੀ ਹੈ। ਸਭ ਤੋਂ ਵੱਡੀ ਤ੍ਰਾਸਦੀ ਉਦੋਂ ਹੁੰਦੀ ਹੈ ਜਦੋਂ ਉਹ ਆਪਣੀ ਦਿਸ਼ਾ ਹੀ ਗੁਆ ਬੈਠਦੀ ਹੈ। ਅਸੀਂ ਦਿਸ਼ਾਹੀਣ ਹੋ ਕੇ ਭਟਕ ਰਹੇ ਹਾਂ।
ਮੈਨੂੰ ਡਰ ਇਸ ਗੱਲ ਦਾ ਨਹੀਂ ਕਿ ਪੰਜਾਬ ਕਿੱਥੇ ਜਾ ਰਿਹਾ ਹੈ।
ਮੈਨੂੰ ਡਰ ਇਸ ਗੱਲ ਦਾ ਹੈ ਕਿ ਪੰਜਾਬ ਨੂੰ ਹੁਣ ਇਹ ਵੀ ਨਹੀਂ ਪਤਾ ਕਿ ਉਹ ਕਿੱਥੇ ਜਾਣਾ ਚਾਹੁੰਦਾ ਹੈ?
ਉਸ ਦੀ ਆਖ਼ਰੀ ਮੰਜ਼ਿਲ ਕਿਹੜੀ ਹੈ?
— ਬੁੱਧ ਸਿੰਘ ਨੀਲੋਂ
9464370823












