ਨਵੀਂ ਦਿੱਲੀ, 22 ਜੂਨ (ਮਨਪ੍ਰੀਤ ਸਿੰਘ ਖਾਲਸਾ): ਆਮ ਤੌਰ ’ਤੇ ਹਰ ਗੁਰਦੁਆਰਾ ਸਾਹਿਬ ਵਿੱਚ ਚੋਣਾਂ ਰਾਹੀਂ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਜਾਂਦੀ ਹੈ, ਪਰ ਦਿੱਲੀ ਦੇ ਅਜੈ ਐਨਕਲੇਵ ਦੀ ਸੰਗਤ ਨੇ ਬਿਨਾਂ ਚੋਣਾਂ ਕਰਵਾਏ ਸਰਬਸੰਮਤੀ ਨਾਲ ਸਰਦਾਰ ਗੁਰਮੀਤ ਸਿੰਘ ਬਖ਼ਸ਼ੀ ਨੂੰ ਪ੍ਰਧਾਨ ਚੁਣ ਲਿਆ ਹੈ। ਜਲਦ ਹੀ ਗੁਰਮੀਤ ਸਿੰਘ ਬਖ਼ਸ਼ੀ ਆਪਣੀ ਟੀਮ ਦਾ ਗਠਨ ਕਰਨਗੇ। ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਜੀਤਪਾਲ ਸਿੰਘ ਬਿੰਦਰਾ, ਯੋਗਿੰਦਰ ਸਿੰਘ ਮਹਿੰਦਰਾ ਅਤੇ ਹੋਰ ਕਮੇਟੀ ਮੈਂਬਰਾਂ ਨੇ ਸਰਦਾਰ ਬਖ਼ਸ਼ੀ ਨੂੰ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੱਤੀ। ਸਰਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਰਦਾਰ ਸੁੰਦਰ ਸਿੰਘ ਬਖ਼ਸ਼ੀ ਵੀ ਲੰਬੇ ਸਮੇਂ ਤੱਕ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਚੁੱਕੇ ਹਨ ਅਤੇ ਉਹ ਖੁਦ ਵੀ ਪਹਿਲਾਂ ਤੋਂ ਸੇਵਾ ਕਰਦੇ ਆ ਰਹੇ ਹਨ। ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ ਸੰਗਤ ਨੇ ਜੋ ਸੇਵਾ ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੀ ਟੀਮ ਵਿੱਚ ਵੀ ਬਿਨਾਂ ਕਿਸੇ ਪੱਖਪਾਤ ਦੇ ਅਹੁਦੇਦਾਰਾਂ ਦੀ ਚੋਣ ਕਰਨਗੇ।












