ਸਭਿਅਕ ਬੋਲ ਸਿਰਜਦੇ ਹਨ: ਸੋਹਣਾ ਵਾਤਾਵਰਣ !
ਤੁਹਾਡੇ ਮੂੰਹ ਵਿੱਚੋਂ ਨਿਕਲਣ ਵਾਲਾ ਇੱਕ ਇੱਕ ਸ਼ਬਦ ਜਾਂ ਬੋਲ ਤੁਹਾਡੇ ਆਲੇ ਦੁਆਲੇ ਚੰਗਾ ਵਾਤਾਵਰਣ ਸਿਰਜਣ ਚ ਮੁੱਖ ਭੂਮਿਕਾ ਨਿਭਾਉਂਦਾ ਹੈ। ਫੇਰ ਭਾਂਵੇਂ ਉਹ ਬੋਲ ਤੁਸੀਂ ਕਿਸੇ ਜਨਤਕ ਥਾਂ ਤੇ ਖਲੋ ਕੇ ਬੋਲ ਰਹੇ ਹੋ ਜਾਂ ਘਰ ਚ ।ਕਿਉਂਕਿ ਮੂਹੋਂ ਨਿਕਲਣ ਵਾਲੇ ਸ਼ਬਦ ਬੜੇ ਦਮਦਾਰ ਹੁੰਦੇ ਹਨ,ਬਸ਼ਰਤੇ ਉਹ ਸੱਭਿਅਕ ਹੋਣ ਨਾ ਕਿ ਅਸੱਭਿਅਕ।
ਸੋ ਮੂੰਹ ਵਿੱਚੋਂ ਨਿਕਲਣ ਵਾਲੇ ਬੋਲ ਨਾ ਸਿਰਫ਼ ਘਰ ਦੇ ਮਾਹੌਲ ਉੱਤੇ ਅਸਰ ਪਾਉਂਦੇ ਹਨ ਸਗੋਂ ਇਹ ਆਲੇ ਦੁਆਲੇ ਦੇ ਵਾਤਾਵਰਣ ਉੱਤੇ ਵੀ ਚੋਖਾ ਅਸਰ ਛੱਡਦੇ ਹਨ। ਸੱਭਿਅਕ ਚੰਗੇ ਬੋਲ ਸੋਹਣਾ ਵਾਤਾਵਰਣ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਇਸ ਲਈ ਹਰ ਸ਼ਬਦ ਸੋਚ ਵਿਚਾਰ ਕੇ ਮੂੰਹ ਚੋ ਕੱਢੋ।ਕਿਉਂਕਿ ਜੋ ਸ਼ਬਦ ਇਕ ਵਾਰ ਤੁਹਾਡੇ ਮੂੰਹ ਚੋ ਬਾਹਰ ਆ ਗਿਆ,ਉਸ ਉੱਤੇ ਫਿਰ ਤੁਹਾਡਾ ਵੱਸ ਨਹੀਂ ਰਹੇਗਾ ਭਾਵ ਉਹ ਤੁਹਾਡੇ ਕਾਬੂ ਤੋਂ ਬਾਹਰ ਹੋ ਜਾਵੇਗਾ।ਇਸ ਕਰਕੇ ਹੀ ਸਿਆਣੇ ਆਖਦੇ ਹਨ ਕਿ,ਕਮਾਨੋ ਨਿਕਲਿਆ ਤੀਰ ਤੇ ਜ਼ੁਬਾਨੋਂ ਨਿਕਲੇ ਬੋਲ, ਕਦੇ ਵਾਪਸ ਨਹੀਂ ਮੁੜਦੇ। ਇਸ ਵਾਸਤੇ ਮੂੰਹ ਚੋ ਕੋਈ ਵੀ ਸ਼ਬਦ ਬਾਹਰ ਕੱਢਣ ਤੋਂ ਪਹਿਲਾਂ ਇਕ ਵਾਰ ਨਹੀਂ ਸਗੋਂ ਹਜ਼ਾਰ ਵਾਰ ਸੋਚ ਲੈਣਾ ਚਾਹੀਦਾ ਹੈ।ਇਹ ਕਹਾਵਤਾਂ ਏਸੇ ਕਰਕੇ ਬਣੀਆਂ ਹੋਈਆਂ ਹਨ ਜੋ ਸੌ ਫ਼ੀਸਦ ਸੱਚ ਹਨ।
ਇਸ ਗੱਲ ਦਾ ਵਿਸ਼ੇਸ਼ ਖ਼ਿਆਲ ਰੱਖੋ ਕਿ ਜਦੋਂ ਵੀ ਕੋਈ ਬਾਹਰਲਾ ਵਿਅਕਤੀ,ਸੱਜਣ ਮਿੱਤਰ ਜਾਂ ਰਿਸ਼ਤੇਦਾਰ ਤੁਹਾਡੇ ਘਰ ਆਉਂਦਾ ਹੈ ਤਾਂ ਉਸ ਨਾਲ ਸੱਭਿਆਕ ਸ਼ਬਦਾਂ ਚ ਗੱਲਬਾਤ ਕਰੋ।ਤੁਹਾਡੇ ਮੂੰਹ ਚੋ ਨਿਕਲਣ ਵਾਲੇ ਨਿੱਕੇ ਨਿੱਕੇ ਬੋਲ ਸਾਹਮਣੇ ਵਾਲੇ ਨੂੰ ਪ੍ਰਭਾਵਤ ਕਰਨਗੇ ।ਜਿਵੇਂ:“ਆਓ ਜੀ!ਵੈਲ ਕਮ।ਬੈਠੋ ਜੀ! ਤੁਹਾਡਾ ਕੀ ਹਾਲ ਹੈ ?ਤੁਸੀਂ ਕੀ ਲਵੋਗੇ ? ਤੁਹਾਡੀ ਸਿਹਤ ਠੀਕ ਹੈ ? “ ਵਗੈਰਾ ! ਵਗੈਰਾ !ਘਰ ਤੋਂ ਜਾਣ ਸਮੇਂ ਉਸ ਨੂੰ ਘਰ ਦੇ ਦਰਵਾਜ਼ੇ ਤੱਕ ਖ਼ੁਦ ਛੱਡ ਕੇ ਆਓ ਤੇ ਉਸ ਨੂੰ ਸੀ ਯੂ ਅਗੇਨ ਵਰਗੇ ਲਫ਼ਜ਼ ਜ਼ਰੂਰ ਕਹੋ ।ਅਜਿਹੇ ਬੋਲ ਬੋਲਣ ਨਾਲ ਘਰ ਆਏ ਵਿਅਕਤੀ ਨੂੰ ਚੰਗਾ ਲੱਗੇਗਾ।ਉਸ ਨੂੰ ਜਾਪੇਗਾ ਕਿ ਤੁਸੀਂ ਉਸ ਦਾ ਸਤਕਾਰ ਕੀਤਾ ਹੈ।ਉਹ ਤੁਹਾਡੀ ਥਾਂ ਥਾਂ ਪ੍ਰਸ਼ੰਸਾ ਕਰੇਗਾ ਤੇ ਤੁਹਾਡੇ ਗੁਣ ਗਾਏਗਾ।
ਸਾਹਮਣੇ ਵਾਲੇ ਨਾਲ ਕਦੇ ਵੀ ਅਸੱਭਿਅਕ ਤੇ ਅਸ਼ਲੀਲ ਭਾਸ਼ਾ ਚ ਗੱਲ ਨਾ ਕਰੋ।ਕਿਉਂਕਿ ਇਹ ਘਰ ਦੇ ਵਾਤਾਵਰਨ ਨੂੰ ਖ਼ਰਾਬ ਕਰਦੀ ਹੈ।ਬਾਹਰੋਂ ਆਏ ਮਹਿਮਾਨਾਂ ਨਾਲ ਪਿਆਰ ਸਤਕਾਰ ਤੇ ਸੋਹਣੇ ਸ਼ਬਦਾਂ ਚ ਗੱਲ ਕਰੋ।ਇਸ ਨਾਲ ਘਰ ਦਾ ਵਾਤਾਵਰਣ ਸੋਹਣਾ ਬਣਦਾ ਹੈ। ਜਦੋਂ ਅਸੀ ਘਰ ਆਏ ਮਹਿਮਾਨਾਂ ਨਾਲ ਅਸੱਭਿਅਕ ਭਾਸ਼ਾ ਚ ਗੱਲ ਕਰਦੇ ਹਾਂ ਤਾਂ ਵਾਤਾਵਰਨ ਵਿਗੜ ਜਾਂਦਾ ਹੈ।ਜਿਸ ਦਾ ਬੁਰਾ ਪ੍ਰਭਾਵ ਪੈਂਦਾ ਹੈ।ਇਸ ਲਈ ਸਾਹਮਣੇ ਵਾਲੇ ਨਾਲ ਹਮੇਸ਼ਾਂ ਚੰਗੇ ਸ਼ਬਦਾਂ ਚ ਨਾਪ ਤੋਲ ਕੇ ਹੀ ਗੱਲ ਕਰੋ। ਬਹੁਤ ਵਾਰ ਦੇਖਿਆ ਹੈ ਕਿ ਅਸੀਂ ਬਾਹਰੋਂ ਆਉਣ ਵਾਲੇ ਵਿਅਕਤੀ ਨਾਲ ਗੱਲ ਕਰਦੇ ਸਮੇਂ ਇਹ ਭੁੱਲ ਜਾਂਦੇ ਹਾਂ ਕਿ ਅਸੀ ਆਪਣੇ ਘਰ ਬੈਠੇ ਹਾਂ। ਤੇ ਅਸੀਂ ਉਸ ਨਾਲ ਗੱਲਬਾਤ ਕਰਦੇ ਸਮੇਂ ਅਸੱਭਿਅਕ ਭਾਸ਼ਾ ਦੀ ਵਰਤੋਂ ਕਰਨ ਤੇ ਉੱਤਰ ਆਉਂਦੇ ਹਾਂ।ਜੋ ਬਿਲਕੁਲ ਗਲਤ ਹੁੰਦਾ ਹੈ।ਜੋ ਵੀ ਕੋਈ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਸਾਡੇ ਘਰ ਆਇਆ ਹੈ ਉਹ ਸਾਡਾ ਮਹਿਮਾਨ ਹੈ।ਮਹਿਮਾਨ ਦਾ ਸਤਕਾਰ ਕਰਨਾ ਤੇ ਉਸ ਨਾਲ ਸੱਭਿਅਕ ਭਾਸ਼ਾ ਚ ਗੱਲ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ।ਪਰ ਜੇ ਅਸੀਂ ਉਸ ਨਾਲ ਸੱਭਿਅਕ ਭਾਸ਼ਾ ਚ ਗੱਲ ਨਹੀਂ ਕਰਦੇ ਤਾਂ ਉਸ ਨੂੰ ਬੁਰਾ ਤਾਂ ਲੱਗੇਗਾ ਹੀ ਲੱਗੇਗਾ,ਨਾਲ ਹੀ ਸਾਡੇ ਤੇ ਸਾਡੇ ਪਰਵਾਰ ਉੱਤੇ ਵੀ ਇਸ ਦਾ ਬੁਰਾ ਅਸਰ ਪੈਣਾ ਸੁਭਾਵਕ ਹੈ।ਇਸ ਨਾਲ ਘਰ ਅਤੇ ਆਲੇ ਦੁਆਲੇ ਦਾ ਵਾਤਾਵਰਣ ਚੰਗਾ ਨਹੀਂ ਰਹੇਗਾ। ਇਸੇ ਤਰਾਂ ਪਬਲਿਕ ਜਗ੍ਹਾ ਉੱਤੇ ਵੀ ਗੱਲਬਾਤ ਕਰਦਿਆਂ ਸੱਭਿਅਕ ਭਾਸ਼ਾ ਦੀ ਵਰਤੋਂ ਕਰੋ।ਕਦੇ ਕਿਸੇ ਨਾਲ ਅਸੱਭਿਅਕ ਸ਼ਬਦਾਂ ਦੀ ਵਰਤੋਂ ਨਾ ਕਰੋ ਤੇ ਨਾ ਹੀ ਗੱਲਬਾਤ ਦੌਰਾਨ ਆਪੇ ਤੋਂ ਬਾਹਰ ਹੋ ਕਿ ਬੋਲ ਬੋਲੋ।ਹਮੇਸ਼ਾਂ ਸੰਜਮ ਤੇ ਠਹਿਰਾਓ ਨਾਲ ਗੱਲ ਕਰੋ।ਸਹਿਜ ਨਾਲ ਗੱਲਬਾਤ ਕਰੋਗੇ ਤਾਂ ਗੱਲਬਾਤ ਦਾ ਮਾਹੌਲ ਵੀ ਵਧੀਆ ਬਣਿਆ ਰਹੇਗਾ ਤੇ ਗੱਲਬਾਤ ਦਾ ਚੰਗਾ ਨਤੀਜਾ ਵੀ ਆਵੇਗਾ।ਸੱਭਿਅਕ ਬੋਲ ਤੁਹਾਡੀ ਸ਼ਖ਼ਸੀਅਤ ਦੇ ਚੰਗੇ ਪੱਖ ਨੂੰ ਨਿਖਾਰਦੇ ਹਨ। ਜਦ ਕਿ ਅਸੱਭਿਅਕ ਬੋਲ ਬੋਲੋਗੇ ਤਾਂ ਤੁਸੀਂ ਉਜੱਡ ਲਗੋਗੇ।
ਸੋ ਮੂੰਹ ਚੋ ਅਜਿਹੇ ਸ਼ਬਦ ਉਚਾਰੋ ਜਿਸ ਨਾਲ ਸਾਹਮਣੇ ਵਾਲੇ ਦੇ ਮਨ ਨੂੰ ਠੇਸ ਨਾ ਪੁੱਜੇ ਤੇ ਤੁਸੀਂ ਆਪਣੀ ਗੱਲ ਵੀ ਆਖ ਸਕੋ। ਇਹੋ ਇਕ ਸਮਝਦਾਰ ਤੇ ਚੰਗੇ ਵਿਅਕਤੀ ਦੀ ਪਛਾਣ ਹੈ।
ਅਜੀਤ ਖੰਨਾ ,
(ਐੱਮਏ,ਐੱਮਫ਼ਿਲ,ਐੱਮਜੇਐੱਮਸੀ,ਬੀਐਡ)












