ਮਿੱਤਰਾਂ ਦੇ ਫੁਲਕੇ ਨੂੰ ਚਿੱਟੇ ਦਾ ਪਲੇਥਣ ਲਾਵਾਂ!

ਸਾਹਿਤ

ਮਿੱਤਰਾਂ ਦੇ ਫੁਲਕੇ ਨੂੰ ਚਿੱਟੇ ਦਾ ਪਲੇਥਣ ਲਾਵਾਂ!

ਜਦੋਂ ਦਾ ਪੰਜਾਬ ਰੰਗਲਾ ਬਣਿਆ ਹੈ ਤਾਂ ਸੂਰਮੇ ਪੈਂਦਾ ਹੋਣ ਲੱਗੇ ਹਨ। ਉਹਨਾਂ ਦਾ ਜਨਮ ਮਾਨਵੀ ਹੱਕਾਂ ਲਈ ਲੜਦੇ ਮੈਦਾਨਾਂ ਵਿੱਚ ਨਹੀਂ, ਸਗੋਂ ਨਸ਼ਾ ਛੁਡਾਊ ਕੇਂਦਰਾਂ ਵਿੱਚ ਹੋਇਆ ਹੈ। ਜਿਵੇਂ ਅੱਜ ਕੱਲ੍ਹ ਸਰਜੇਨੀਅਨ ਨਾਲ ਔਰਤਾਂ ਬੱਚੇ ਜਨਮ ਦੀਆਂ ਹਨ। ਇਸੇ ਕਰਕੇ ਹੁਣ ਮੱਲਾਂ ਦੇ ਅਖਾੜੇ ਨਹੀਂ ਦਿਖਦੇ। ਨਸ਼ਿਆਂ ਦੇ ਅੱਡੇ ਲਿਖਦੇ ਹਨ। ਪਹਿਲਾਂ ਪਸ਼ੂ ਮੰਡੀ ਵਿੱਚ ਪਸ਼ੂ ਵਿਕਦੇ ਸਨ। ਹੁਣ ਪਿੰਡ ਵਿਕਾਊ ਹੋ ਗਏ। ਕਿਉਂਕਿ ਪੰਜਾਬ ਦਿਨੋਂ ਦਿਨ ਰੰਗਲਾ ਹੋ ਰਿਹਾ ਹੈ। ਧਰਮ ਤੇ ਰਾਜਨੀਤੀ ਦੀ ਨੂਰਾ ਕੁਸ਼ਤੀ ਨੂੰ ਦੁਨੀਆਂ ਅੱਡੀਆਂ ਚੁੱਕ ਚੁੱਕ ਕੇ ਦੇਖ ਰਹੀ ਹੈ। ਹੁਣ ਕਦੇ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਪੱਗਾਂ ਤੇ ਦੁਮਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਧਰ ਸੁਰੱਖਿਆ ਬਲਾਂ ਦੇ ਘੇਰੇ ਵਿੱਚ ਰਹਿਣ ਵਾਲੇ ਤਿਲਕਧਾਰੀ ਚੁਣੌਤੀਆਂ ਦੇ ਰਹੇ ਹਨ। ਪੰਜਾਬ ਵਿੱਚ ਐਸ ਆਈ ਆਰ ਤੇ ਹਜ਼ਾਰ ਤੇ ਪੰਦਰਾਂ ਰੁਪਏ ਦੇ ਕਾਗਜ਼ ਪੂਰੇ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਧੁੱਪ ਵਿਚ ਸੁਕਣੇ ਪਾਇਆ ਹੋਇਆ ਹੈ। ਪਾਸਪੋਰਟ ਪੰਜਾਬ ਦੇ ਲੋਕਾਂ ਦੇ ਹੀ ਨਹੀਂ ਭਾਰਤੀ ਜਨਤਾ ਦੀ ਗਲ਼ੇ ਦੀ ਹੱਡੀ ਬਣ ਗਿਆ ਹੈ। ਇਹਨਾਂ ਸਾਰੀਆਂ ਘਟਨਾਵਾਂ ਦਾ ਆਪਸ ਵਿੱਚ ਨਹੁੰ ਮਾਸ ਦਾ ਰਿਸ਼ਤਾ ਹੈ। ਜਿਹੜਾ ਪਹਿਲਾਂ ਅਕਾਲੀ ਦਲ ਤੇ ਭਾਜਪਾ ਦਾ ਸੀ। ਕੁੱਝ ਮਨਚਲੇ ਇਸ ਨੂੰ ਪਤੀ ਪਤਨੀ ਦਾ ਰਿਸ਼ਤਾ ਕਹਿੰਦੇ ਸਨ। ਇਹ ਰਿਸ਼ਤਾ ਫਰਜ਼ੀ ਤਲਾਕ ਤੋਂ ਬਾਅਦ ਫਿਰ ਰੱਦ ਹੋ ਗਿਆ ਹੈ। ਖ਼ੈਰ ਬਚੇ ਹੋਏ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਹਨਾਂ ਨੇ ਨਵੀਆਂ ਸਕੀਮਾਂ ਘੜੀਆਂ ਹਨ। ਪੰਜਾਬ ਦੇ ਮੰਗਤਿਆਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਸਭ ਕੁਝ ਮੁਫ਼ਤ ਕਰਨ ਦੀ ਸਕੀਮਾਂ ਦੱਸੀਆਂ ਜਾ ਰਹੀਆਂ ਹਨ। ਅਗਲੀਆਂ ਚੋਣਾਂ ਵਿੱਚ ਸ਼ਰਾਬ, ਡੋਡੇ ਭੁੱਕੀ, ਗਾਂਜਾ ਤੇ ਚਿੱਟਾ ਮੁਫ਼ਤ ਮਿਲਿਆ ਕਰੇਗਾ। ਪੰਜਾਬ ਦੇ ਵੋਟਰਾਂ ਦੀਆਂ ਭਾਵਨਾਵਾਂ ਉੱਤੇ ਗ਼ੁਲਾਬ ਦੇ ਫੁੱਲ ਭੇਟ ਕੀਤੇ ਜਾਣਗੇ। ਕਿਉਂਕਿ ਅਸੀਂ ਮਿੱਤਰ ਹਾਂ, ਕੋਈ ਦੁਸ਼ਮਣ ਨਹੀਂ।
ਗੱਲਾਂ ਮਿੱਤਰਾਂ ਦੀਆਂ ਹੀ ਨਹੀਂ, ਦੁਸ਼ਮਣਾਂ ਦੀਆਂ ਵੀ ਕਰਨ ਵਾਲੀਆਂ ਹਨ। ਗੱਲਾਂ ਤਾਂ ਬਹੁਤ ਹਨ—ਕਰਨ ਤੇ ਕਰਾਉਣ ਵਾਲੀਆਂ। ਆਪਣਾ ਪੱਲਾ ਚੁੱਕਿਆ, ਆਪਣਾ ਹੀ ਢਿੱਡ ਨੰਗਾ ਹੁੰਦਾ ਹੈ, ਪਰ ਸੱਚ ਦੀ ਦੇਹਲੀਜ਼ ਕੌਣ ਲੰਘੇ? ਗੱਲਾਂ ਉੱਤੇ ਪਰਦੇ ਪਏ ਹੋਏ ਹਨ। ਪਰਦਾ ਚੁੱਕਿਆ ਤਾਂ ਸਭ ਕੁਝ ਨੰਗਾ ਹੋ ਜਾਂਦਾ ਹੈ। ਜਿਹੇ ਕੁੱਜੇ, ਉਹੋ ਜਿਹੇ ਆਲੇ; ਜਿਹੇ ਜੀਜੇ, ਉਹੋ ਜਿਹੇ ਸਾਲੇ।
ਅੱਜ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਪਰ ਮਨ ਹੈ ਕਿ ਟਿਕਦਾ ਨਹੀਂ, ਕੁਝ ਨਾ ਕੁਝ ਬੋਲੀ ਜਾਂਦਾ ਹੈ। ਤੁਸੀਂ ਵੀ ਸੁਣੋ ਤੇ ਯਾਦ ਕਰੋ। ਵੇਖੋ, ਕੀ ਪਰਦਾ ਹਿੱਲਦਾ ਹੈ?
“ਮੇਰੀ ਲੱਗਦੀ ਕਿਸੇ ਨਾ ਦੇਖੀ, ਟੁੱਟ ਗਈ ਨੂੰ ਜਗ ਜਾਣਦਾ।”
ਹਰ ਕੋਈ ਜਾਣਦਾ ਤੇ ਸਮਝਦਾ ਤਾਂ ਹੈ, ਪਰ ਸ਼ਰਮ ਮਾਰ ਜਾਂਦੀ ਹੈ। ਲੋਕ ਕੀ ਕਹਿਣਗੇ? ਲੋਕਾਂ ਦਾ ਮੂੰਹ ਕੌਣ ਫੜ ਸਕਦਾ ਹੈ? ਉਹ ਆਪ ਕੀ ਕਰਦੇ ਹਨ, ਇਹ ਵੀ ਜਾਣਦੇ ਹਨ, ਪਰ ਮੂੰਹ ‘ਤੇ ਨਹੀਂ, ਪਿੱਠ ਪਿੱਛੇ ਬੋਲਦੇ ਹਨ। ਪਿੱਠ ਪਿੱਛੇ ਵਾਰ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਵੇਂ ਜੰਗਲ ਵਿੱਚ ਸ਼ੇਰ ਤੇ ਚੀਤਾ ਪਿੱਠ ਪਿੱਛੇ ਵਾਰ ਕਰਦਾ ਹੈ। ਇਸੇ ਕਰਕੇ ਅਸੀਂ ਸ਼ੇਰ ਅਖਵਾਉਂਦੇ ਹਾਂ।
ਸਾਡੇ ਲੋਕ-ਗੀਤਾਂ ਤੇ ਬੋਲੀਆਂ ਵਿੱਚ ਸਮਾਜ ਦਾ ਨੰਗਾ ਸੱਚ ਲੁਕਿਆ ਹੋਇਆ ਹੈ। ਵਿਆਹਾਂ ਮੌਕੇ ਗਾਈਆਂ ਜਾਣ ਵਾਲੀਆਂ ਬੋਲੀਆਂ ਸਿਰਫ਼ ਮਨੋਰੰਜਨ ਨਹੀਂ, ਸਦੀਆਂ ਦਾ ਤਜਰਬਾ ਅਤੇ ਸਮਾਜਕ ਟਿੱਪਣੀ ਵੀ ਹਨ।
ਆਉਂਦੀ ਕੁੜੀਏ, ਜਾਂਦੀ ਕੁੜੀਏ
ਨੀ ਚੱਕ ਲਿਆ ਬਜ਼ਾਰ ਵਿਚੋਂ ਆਂਡੇ
ਨੀ ਰਸ ਪੀ ਗਏ ਪਿੰਡ ਦੇ ਮੁੰਡੇ
ਲਈ ਜਾਨੈ ਤੂੰ ਕੜਬ ਦੇ ਟਾਂਡੇ।
ਅਤੇ—
ਆਉਂਦੀ ਕੁੜੀਏ, ਜਾਂਦੀ ਕੁੜੀਏ
ਨੀ ਚੱਕ ਲਿਆ ਬਜ਼ਾਰ ਵਿਚੋਂ ਲੋਈ
ਨੀ ਪਹਿਲਾ ਮੁੰਡਾ ਮਿੱਤਰਾਂ ਦਾ,
ਲਾਵਾਂ ਵਾਲੇ ਦਾ ਉਜ਼ਰ ਨਾ ਕੋਈ।
ਇਹ ਬੋਲੀਆਂ ਨਵੀਂ ਵਹੁਟੀ ਦੇ ਮੱਥਾ ਟੇਕਣ ਵੇਲੇ ਵਾਰ-ਵਾਰ ਗਾਈਆਂ ਜਾਂਦੀਆਂ ਹਨ। ਦਾਦਕੀਆਂ ਤੇ ਨਾਨਕੀਆਂ ਆਪਣੇ-ਆਪਣੇ ਰੰਗ ਵਿੱਚ ਬੋਲੀਆਂ ਪਾਉਂਦੀਆਂ ਹਨ, ਪਰ ਵਿਆਹ ਦੇ ਚਾਅ ਵਿੱਚ ਉਹਨਾਂ ਦੇ ਡੂੰਘੇ ਅਰਥ ਅਕਸਰ ਗੁੰਮ ਹੋ ਜਾਂਦੇ ਹਨ।
ਉਸਤਾਦ ਸ਼ਾਇਰ ਅਤੇ ਭਾਸ਼ਾ ਵਿਗਿਆਨੀ ਸੁਰਜੀਤ ਖੁਰਸ਼ੀਦੀ ਅਕਸਰ ਆਖਦੇ ਸਨ: “ਜਿਸ ਦੇ ਮਿੱਤਰ ਹੋਣਗੇ, ਉਸ ਦੇ ਦੁਸ਼ਮਣ ਵੀ ਬਣਨਗੇ, ਕਿਉਂਕਿ ਮਿੱਤਰਾਂ ਨੇ ਹੀ ਕਦੇ-ਕਦੇ ਦੁਸ਼ਮਣ ਬਣ ਕੇ ਡੰਗ ਮਾਰਨਾ ਹੁੰਦਾ ਹੈ।” ਮਿੱਤਰ-ਮਾਰ ਹਰ ਕਿਸੇ ਨਾਲ ਕਦੇ ਨਾ ਕਦੇ ਹੁੰਦੀ ਹੈ। ਇਹ ਬੁੱਕਲ ਦੇ ਉਹ ਸੱਪ ਹੁੰਦੇ ਹਨ ਜੋ ਮੌਕਾ ਮਿਲਦਿਆਂ ਹੀ ਡੰਗ ਮਾਰ ਜਾਂਦੇ ਹਨ। ਕੁਲਵੰਤ ਨੀਲੋਂ ਦਾ ਸ਼ੇਅਰ ਯਾਦ ਆਉਂਦਾ ਹੈ—
ਮੈਂ ਆਪਣਿਆਂ ਦਾ ਪੱਟਿਆ ਅਜੇ ਤੱਕ ਤਾਬ ਨਹੀਂ ਆਇਆ,
ਮੇਰੇ ਦੁਸ਼ਮਣ ਵੀ ਇਹਨਾਂ ਨਾਲ ਰਲ ਜਾਂਦੇ ਤਾਂ ਕੀ ਬਣਦਾ।
“ਘਰ ਦਾ ਭੇਤੀ ਲੰਕਾ ਢਾਹੇ” ਵਾਲੀ ਕਹਾਵਤ ਇਨ੍ਹਾਂ ਹੀ ਲੋਕਾਂ ਲਈ ਬਣੀ ਹੈ। ਅਜਿਹਿਆਂ ਤੋਂ ਬਚਣਾ ਔਖਾ ਹੈ, ਪਰ ਅਸੰਭਵ ਨਹੀਂ। ਅਸੰਭਵ ਨੂੰ ਸੰਭਵ ਬਣਾਉਣ ਲਈ ਤਿਆਗ ਕਰਨਾ ਪੈਂਦਾ ਹੈ। ਪਰ ਤਿਆਗ ਉਹੀ ਕਰ ਸਕਦਾ ਹੈ ਜਿਸ ਕੋਲ ਕੁਝ ਹੋਵੇ। ਭੁੱਖ ਮਰ ਗਈ ਹੋਵੇ। ਭਾਵਨਾਵਾਂ ਉਪਰ ਕਾਬੂ ਪਾਇਆ ਹੋਵੇ।
ਸਾਡੇ ਅੰਦਰ ਪੰਜ ਪੱਕੇ ਮਿੱਤਰ ਵੀ ਹਨ ਅਤੇ ਪੰਜ ਪੱਕੇ ਦੁਸ਼ਮਣ ਵੀ—ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ। ਜੇ ਸਹਿਜ ਨਾਲ ਵਰਤੀਏ ਤਾਂ ਇਹ ਮਿੱਤਰ ਹਨ, ਨਹੀਂ ਤਾਂ ਇਹੀ ਦੁਸ਼ਮਣ ਬਣ ਜਾਂਦੇ ਹਨ। ਲਿਖਿਆ-ਪੜ੍ਹਿਆ ਸਭ ਨੇ ਹੈ, ਪਰ ਅਮਲ ਘੱਟ ਲੋਕ ਕਰਦੇ ਹਨ।
ਅੱਜ ਸਮਾਜ ਵਿੱਚ ਨਕਲੀ ਅਤੇ ਅਸਲੀ ਦਾ ਫਰਕ ਮਿਟਦਾ ਜਾ ਰਿਹਾ ਹੈ। ਨਸ਼ਾ ਮੁਕਤੀ ਦੇ ਕੈਂਪ ਲੱਗਦੇ ਹਨ, ਪਰ ਨਸ਼ੇ ਦੀਆਂ ਜੜ੍ਹਾਂ ਹੋਰ ਡੂੰਘੀਆਂ ਹੁੰਦੀਆਂ ਜਾਂਦੀਆਂ ਹਨ। ਭੀੜ ਵੱਧ ਰਹੀ ਹੈ, ਲੋਕ-ਸਮੂਹ ਘੱਟ ਰਿਹਾ ਹੈ। ਭੀੜ ਅਤੇ ਲੋਕਾਂ ਵਿਚਕਾਰ ਦਾ ਫਰਕ ਮਿਟਦਾ ਜਾ ਰਿਹਾ ਹੈ।
ਲੋਕਤੰਤਰ ਹੌਲੀ-ਹੌਲੀ ਭੀੜਤੰਤਰ ਵਿੱਚ ਬਦਲ ਰਿਹਾ ਹੈ। ਧਰਮ ਅਤੇ ਸ਼ਰਮ ਖੰਭ ਲਾ ਕੇ ਉੱਡ ਗਏ ਹਨ। ਦੁਸ਼ਮਣ ਮਿੱਤਰ ਬਣ ਗਏ ਹਨ ਅਤੇ ਮਿੱਤਰ ਰੇਤ ਦੀ ਮੁੱਠੀ ਵਾਂਗ ਕਿਰਦੇ ਜਾ ਰਹੇ ਹਨ।
ਕੁਲਵੰਤ ਵਿਰਕ ਦੀ “ਤੂੜੀ ਦੀ ਪੰਡ” ਅਤੇ ਮੋਹਨ ਭੰਡਾਰੀ ਦੀ “ਪਾੜ” ਯਾਦ ਆਉਂਦੀ ਹੈ। ਸਮਾਜ ਵਿੱਚ ਪਾੜ ਵਧ ਰਿਹਾ ਹੈ, ਪਰ ਉਸ ਨੂੰ ਭਰਨ ਲਈ ਸਿਰ ਦੇਣ ਵਾਲੇ ਘੱਟ ਰਹਿ ਗਏ ਹਨ।
ਅੱਜ ਸ਼ਬਦਾਂ ਦੇ ਅਰਥ ਬਦਲ ਰਹੇ ਹਨ। ਘਰ ਕੱਚਿਆਂ ਤੋਂ ਪੱਕੇ ਹੋ ਗਏ ਹਨ, ਪਰ ਲੋਕ ਮਨ ਦੇ ਕੱਚੇ ਹੋ ਗਏ ਹਨ। ਸਮਾਜ ਜੁੜ ਵੀ ਰਿਹਾ ਹੈ ਅਤੇ ਰੁੜ੍ਹ ਵੀ ਰਿਹਾ ਹੈ। ਹਰ ਕੋਈ ਬੁੜ-ਬੁੜ ਤਾਂ ਕਰਦਾ ਹੈ, ਪਰ ਸਮਝਣ ਅਤੇ ਸਮਝਾਉਣ ਦੀ ਕੋਸ਼ਿਸ਼ ਘੱਟ ਹੈ।
ਗਿਆਨ ਹਾਸਲ ਕਰਨ ਲਈ ਧਿਆਨ ਅਤੇ ਅਧਿਐਨ ਦੀ ਲੋੜ ਹੁੰਦੀ ਹੈ। ਕਿਤਾਬਾਂ ਪੜ੍ਹਣੀਆਂ ਪੈਂਦੀਆਂ ਹਨ। ਪਰ ਅੱਜ ਪੜ੍ਹਨ ਲਈ ਲੋਕਾਂ ਕੋਲ ਹੋਰ ਬਹੁਤ ਕੁਝ ਹੈ, ਕਿਤਾਬਾਂ ਲਈ ਸਮਾਂ ਘੱਟ ਹੈ।
ਗੱਲ ਮਿੱਤਰਾਂ ਦੇ ਰਿਣ ਦੀ ਸੀ।
ਇੱਕ ਸਮਾਂ ਸੀ ਜਦੋਂ ਮਿੱਤਰਾਂ ਦੇ ਨੂਣ ਦੀ ਡਲੀ ਵੀ ਸ਼ਰਬਤ ਵਰਗੀ ਲੱਗਦੀ ਸੀ। ਅੱਜ ਹਾਲਾਤ ਬਦਲ ਗਏ ਹਨ। “ਜਿਸ ਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ” ਵਾਲਾ ਦੌਰ ਹੈ। ਗਿਆਨਵਾਨ ਹੋਣ ਦੀ ਥਾਂ ਸਰਮਾਏਦਾਰ ਹੋਣਾ ਵੱਡੀ ਗੱਲ ਮੰਨੀ ਜਾਂਦੀ ਹੈ।
ਅੱਜ ਪੱਗ-ਵੱਟ ਭਰਾ ਨਹੀਂ, ਪੈਗ-ਵੱਟ ਯਾਰ ਬਣ ਰਹੇ ਹਨ। ਯਾਰੀ ਤੂਤ ਦਾ ਮੋਛਾ ਨਹੀਂ ਰਹੀ, ਤੂਤ ਦੀ ਲਗਰ ਬਣ ਗਈ ਹੈ। ਡੋਲੇ ਨਹੀਂ ਫੜਕਦੇ, ਕੰਧਾਂ ਕੰਬਦੀਆਂ ਹਨ। ਅੱਖਾਂ ਮਿਲਾਉਣ ਵਾਲੇ ਘੱਟ ਹਨ, ਅੱਖਾਂ ਦਿਖਾਉਣ ਵਾਲਿਆਂ ਦਾ ਬੋਲਬਾਲਾ ਹੈ।
ਲਾਲਸਾ ਨੇ ਲੋਕਾਂ ਦੀਆਂ ਅੱਖਾਂ ਹੀ ਨਹੀਂ, ਅਕਲ ਵੀ ਅੰਨ੍ਹੀ ਕਰ ਦਿੱਤੀ ਹੈ।
ਅੱਜ ਨੰਗ-ਭੁੱਖ ਅਣਖ ਨੂੰ ਲਲਕਾਰ ਰਹੀ ਹੈ। ਲੋਕ ਮਜਬੂਰੀਆਂ ਵਿੱਚ ਵਿਕ ਰਹੇ ਹਨ ਅਤੇ ਰਿਸ਼ਤੇ ਲਾਭ-ਨੁਕਸਾਨ ਦੀ ਤੱਕੜੀ ਵਿੱਚ ਤੋਲੇ ਜਾ ਰਹੇ ਹਨ।
ਇਸ ਕਰਕੇ ਹੁਣ ਉਹ ਸਮਾਂ ਨਹੀਂ ਰਿਹਾ ਜਦੋਂ ਕੋਈ ਆਖਦਾ ਸੀ—
ਮਿੱਤਰਾਂ ਦੇ ਫੁਲਕੇ ਨੂੰ ਖੰਡ ਦਾ ਪਲੇਥਣ ਲਾਵਾਂ।
ਹੁਣ ਤਾਂ ਹਾਲਾਤ ਇਹ ਹਨ ਕਿ ਖੰਡ ਦੀ ਥਾਂ ਚਿੱਟੇ ਦਾ ਪਲੇਥਣ ਲੱਗ ਰਿਹਾ ਹੈ। ਇਹ ਸਿਰਫ਼ ਨਸ਼ੇ ਦਾ ਪ੍ਰਤੀਕ ਨਹੀਂ, ਸਗੋਂ ਉਸ ਸਮਾਜਕ ਪਤਨ ਦਾ ਚਿੰਨ੍ਹ ਹੈ ਜਿੱਥੇ ਭਰੋਸਾ, ਮਿਹਨਤ, ਮਿੱਤਰਤਾ ਅਤੇ ਮਨੁੱਖਤਾ ਹੌਲੀ-ਹੌਲੀ ਖੁਰਦੇ ਜਾ ਰਹੇ ਹਨ।
ਸਵਾਲ ਇਹ ਨਹੀਂ ਕਿ ਮਿੱਤਰਾਂ ਦਾ ਰਿਣ ਕਿਵੇਂ ਮੋੜੀਏ।
ਸਵਾਲ ਇਹ ਹੈ ਕਿ ਮਿੱਤਰਤਾ, ਮਨੁੱਖਤਾ ਅਤੇ ਵਿਸ਼ਵਾਸ ਦਾ ਉਹ ਰਿਣ ਕਿਵੇਂ ਚੁਕਾਈਏ ਜੋ ਹਰ ਦਿਨ ਸਾਡੇ ਸਿਰ ਹੋਰ ਵਧਦਾ ਜਾ ਰਿਹਾ ਹੈ।
ਜਿਸ ਦਿਨ ਲੋਕ ਪੈਸੇ ਤੋਂ ਵੱਧ ਇਨਸਾਨ ਨੂੰ ਮਹੱਤਵ ਦੇਣ ਲੱਗ ਪਏ, ਉਸ ਦਿਨ ਮਿੱਤਰਾਂ ਦੇ ਫੁਲਕੇ ਉੱਤੇ ਫਿਰ ਖੰਡ ਦਾ ਪਲੇਥਣ ਲੱਗੇਗਾ, ਚਿੱਟੇ ਦਾ ਨਹੀਂ।
✍️ ਬੁੱਧ ਸਿੰਘ ਨੀਲੋਂ
❤️9464370823

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।