ਤੈਂ ਕੀ ਦਰਦ ਨਾ ਆਇਆ?
ਜੇ ਮਨੁੱਖ ਦੇ ਅੰਦਰ ਪਰਾਏ ਦਰਦ ਨੂੰ ਮਹਿਸੂਸ ਕਰਨ ਦੀ ਸਮਰੱਥਾ ਨਾ ਹੁੰਦੀ, ਤਾਂ ਉਹ ਮਨੁੱਖ ਨਾ ਰਹਿੰਦਾ; ਸਿਰਫ਼ ਇੱਕ ਤੁਰਦਾ-ਫਿਰਦਾ ਸਰੀਰ ਬਣ ਕੇ ਰਹਿ ਜਾਂਦਾ। ਮਨੁੱਖਤਾ ਦੀ ਅਸਲ ਪਛਾਣ ਦੌਲਤ, ਤਾਕਤ ਜਾਂ ਅਹੁਦੇ ਨਾਲ ਨਹੀਂ, ਸਗੋਂ ਇਸ ਗੱਲ ਨਾਲ ਹੁੰਦੀ ਹੈ ਕਿ ਉਹ ਦੂਜਿਆਂ ਦੇ ਦੁੱਖ ਨਾਲ ਕਿੰਨਾ ਦੁਖੀ ਹੁੰਦਾ ਹੈ।
ਧੁੱਪ-ਛਾਂ, ਦਿਨ-ਰਾਤ, ਸੁਖ-ਦੁੱਖ, ਜੀਵਨ-ਮੌਤ—ਇਹ ਕੁਦਰਤ ਦਾ ਸਦੀਵੀ ਨਿਯਮ ਹੈ। ਪਰ ਅੱਜ ਦਾ ਮਨੁੱਖ ਇਸ ਕੁਦਰਤੀ ਸੰਤੁਲਨ ਨੂੰ ਆਪਣੇ ਲਾਲਚ ਦੀ ਭੱਠੀ ਵਿੱਚ ਸਾੜ ਰਿਹਾ ਹੈ।
ਵਿਕਾਸ ਦੇ ਨਾਮ ਹੇਠ ਧਰਤੀ ਦੀ ਹਿੱਕ ਪਾੜੀ ਜਾ ਰਹੀ ਹੈ, ਪਹਾੜ ਚੀਰੇ ਜਾ ਰਹੇ ਹਨ, ਦਰਿਆ ਰੋਕੇ ਜਾ ਰਹੇ ਹਨ ਅਤੇ ਜੰਗਲ ਉਜਾੜੇ ਜਾ ਰਹੇ ਹਨ। ਕੁਝ ਘਰਾਣਿਆਂ ਦੀ ਅਥਾਹ ਦੌਲਤ ਇਕੱਠੀ ਕਰਨ ਦੀ ਭੁੱਖ ਨੇ ਪੂਰੀ ਮਨੁੱਖਤਾ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।
ਕੁਦਰਤ ਆਪਣਾ ਹਿਸਾਬ ਬਹੁਤ ਚੁੱਪਚਾਪ ਰੱਖਦੀ ਹੈ। ਗਲੇਸ਼ੀਅਰ ਪਿਘਲ ਰਹੇ ਹਨ, ਮੌਸਮ ਦਾ ਚੱਕਰ ਵਿਗੜ ਰਿਹਾ ਹੈ, ਕਦੇ ਹੜ੍ਹ ਤੇ ਕਦੇ ਸੋਕਾ ਮਨੁੱਖ ਦੀ ਹਉਮੈ ਨੂੰ ਲਲਕਾਰ ਰਹੇ ਹਨ। ਜਿਸ ਪਾਣੀ ਵਿੱਚੋਂ ਜੀਵਨ ਜੰਮਿਆ ਸੀ, ਉਹੀ ਪਾਣੀ ਹੁਣ ਮਨੁੱਖੀ ਲਾਲਚ ਦਾ ਗਵਾਹ ਬਣ ਕੇ ਤਬਾਹੀ ਦੀ ਚੇਤਾਵਨੀ ਦੇ ਰਿਹਾ ਹੈ।
ਇਹ ਵੀ ਇੱਕ ਤ੍ਰਾਸਦੀ ਹੈ ਕਿ ਧਰਤੀ ਦੇ ਅੱਠ ਅਰਬ ਲੋਕਾਂ ਵਿੱਚੋਂ ਕੁਦਰਤੀ ਸਰੋਤਾਂ ਦੀ ਸਭ ਤੋਂ ਵੱਧ ਲੁੱਟ ਮੁੱਠੀ ਭਰ ਲੋਕ ਕਰਦੇ ਹਨ, ਪਰ ਉਸ ਦਾ ਖ਼ਮਿਆਜ਼ਾ ਪੂਰੀ ਲੋਕਾਈ ਭੁਗਤਦੀ ਹੈ। ਇਹੀ ਅਸਮਾਨਤਾ ਅੱਜ ਦੀ ਸਭ ਤੋਂ ਵੱਡੀ ਵਿਡੰਬਨਾ ਹੈ।
ਹਰਾ ਇਨਕਲਾਬ ਉਤਪਾਦਨ ਤਾਂ ਵਧਾ ਗਿਆ, ਪਰ ਇਸ ਨੇ ਪਿੰਡਾਂ ਦੀ ਸਮਾਜਿਕ ਬਣਤਰ ਨੂੰ ਵੀ ਬਦਲ ਦਿੱਤਾ। ਜਿੱਥੇ ਕਦੇ ਜੱਟ ਤੇ ਸੀਰੀ ਦਾ ਰਿਸ਼ਤਾ ਨਹੁੰ-ਮਾਸ ਵਰਗਾ ਮੰਨਿਆ ਜਾਂਦਾ ਸੀ, ਉੱਥੇ ਅੱਜ ਮਸ਼ੀਨਾਂ ਨੇ ਮਨੁੱਖੀ ਰਿਸ਼ਤਿਆਂ ਦੀ ਥਾਂ ਲੈ ਲਈ ਹੈ। ਟਰੈਕਟਰ, ਕੰਬਾਈਨ ਅਤੇ ਹੋਰ ਮਸ਼ੀਨਾਂ ਨੇ ਕਿਰਤ ਨੂੰ ਹਲਕਾ ਤਾਂ ਕੀਤਾ, ਪਰ ਲੱਖਾਂ ਹੱਥਾਂ ਤੋਂ ਰੋਜ਼ੀ ਵੀ ਖੋਹ ਲਈ। ਤਕਨਾਲੋਜੀ ਆਪਣੇ ਆਪ ਵਿੱਚ ਦੁਸ਼ਮਣ ਨਹੀਂ ਹੁੰਦੀ, ਪਰ ਜੇ ਉਸ ਦਾ ਲਾਭ ਸਿਰਫ਼ ਕੁਝ ਲੋਕਾਂ ਤੱਕ ਸੀਮਤ ਰਹਿ ਜਾਵੇ ਅਤੇ ਕਿਰਤੀ ਵਰਗ ਨੂੰ ਬੇਰੁਜ਼ਗਾਰ ਕਰ ਦੇਵੇ, ਤਾਂ ਇਹ ਵਿਕਾਸ ਨਹੀਂ, ਸਮਾਜਿਕ ਅਸੰਤੁਲਨ ਹੈ।
ਅੱਜ ਪੰਜਾਬ ਵਿੱਚ ਵੱਡੀ ਗਿਣਤੀ ਦਲਿਤ ਅਤੇ ਖੇਤ ਮਜ਼ਦੂਰ ਪਰਿਵਾਰਾਂ ਦੀ ਹੈ। ਮਸ਼ੀਨੀਕਰਨ, ਬਦਲਦੀ ਖੇਤੀ ਅਤੇ ਰੋਜ਼ਗਾਰ ਦੇ ਢਾਂਚੇ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਇਹ ਇੱਕ ਗੰਭੀਰ ਸਮਾਜਿਕ ਅਤੇ ਆਰਥਿਕ ਪ੍ਰਸ਼ਨ ਹੈ, ਜਿਸ ‘ਤੇ ਇਮਾਨਦਾਰ ਖੋਜ, ਨੀਤੀ ਅਤੇ ਸੰਵਾਦ ਦੀ ਲੋੜ ਹੈ। ਸਿਰਫ਼ ਉਨ੍ਹਾਂ ਦਾ ਨਾਮ ਲੈ ਕੇ ਰਾਜਨੀਤੀ ਕਰਨ ਨਾਲ ਉਨ੍ਹਾਂ ਦੀ ਹਾਲਤ ਨਹੀਂ ਬਦਲੇਗੀ।
ਸਾਹਿਤ ਵੀ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਜਦੋਂ ਸਾਹਿਤ ਵਿੱਚ ਸਿਰਫ਼ ਇੱਕ ਹੀ ਵਰਗ ਦਾ ਜਸ਼ਨ ਮਨਾਇਆ ਜਾਵੇ ਅਤੇ ਬਾਕੀ ਲੋਕ, ਜੀਵ-ਜੰਤੂ, ਕਿਰਤੀ ਅਤੇ ਹਾਸ਼ੀਏ ਦੇ ਚਿਹਰੇ ਗਾਇਬ ਹੋ ਜਾਣ, ਤਾਂ ਉਹ ਸਾਹਿਤ ਅਧੂਰਾ ਹੋ ਜਾਂਦਾ ਹੈ। ਪੰਜਾਬ ਦੀ ਮਿੱਟੀ ਦੀ ਅਸਲ ਖੁਸ਼ਬੂ ਤਾਂ ਉਸ ਵਿੱਚ ਹੈ, ਜਿੱਥੇ ਹਰ ਕਿਰਤੀ, ਹਰ ਮਜ਼ਦੂਰ, ਹਰ ਔਰਤ ਅਤੇ ਹਰ ਹਾਸ਼ੀਏ ਦਾ ਮਨੁੱਖ ਆਪਣੀ ਆਵਾਜ਼ ਲੱਭ ਸਕੇ।
ਇਸੇ ਲਈ ਸੰਤ ਰਾਮ ਉਦਾਸੀ ਦੀਆਂ ਇਹ ਸਤਰਾਂ ਅੱਜ ਵੀ ਦਿਲ ਨੂੰ ਹਿਲਾ ਦਿੰਦੀਆਂ ਹਨ—
ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ਼ਾਂ ਵਿਚੋਂ ਨੀਰ ਵਗਿਆ।
ਇਹ ਕੇਵਲ ਇੱਕ ਗੀਤ ਨਹੀਂ, ਸਗੋਂ ਉਸ ਮਨੁੱਖੀ ਰਿਸ਼ਤੇ ਦਾ ਇਤਿਹਾਸ ਹੈ, ਜਿਸ ਨੂੰ ਮਸ਼ੀਨਾਂ ਨਹੀਂ ਬਣਾ ਸਕਦੀਆਂ।
ਗੁਰੂ ਨਾਨਕ ਸਾਹਿਬ ਨੇ ਕਿਰਤ, ਨਿਮਰਤਾ ਅਤੇ ਸੰਤੋਖ ਨੂੰ ਜੀਵਨ ਦੀ ਖੇਤੀ ਦੱਸਿਆ—
“ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥”
(ਅੰਗ 595)
ਅਤੇ ਸਿੱਧਾਂ ਨੂੰ ਸੰਬੋਧਨ ਕਰਦਿਆਂ ਫਰਮਾਇਆ—
“ਪਵਣੁ ਅਰੰਭੁ ਸਤਿਗੁਰ ਮਤਿ ਵੇਲਾ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ॥”
(ਅੰਗ 943)
ਪਰ ਅੱਜ ਅਸੀਂ ਸ਼ਬਦ ਦੇ ਗਿਆਨ ਨਾਲੋਂ ਭੇਖ ਨੂੰ ਵੱਧ ਮਹੱਤਵ ਦੇ ਰਹੇ ਹਾਂ। ਬਾਣੀ ਪੜ੍ਹੀ ਜਾਂਦੀ ਹੈ, ਪਰ ਉਸ ਦੀ ਵਿਚਾਰ ਅਤੇ ਅਮਲ ਘੱਟ ਦਿਸਦਾ ਹੈ। ਜਦ ਤੱਕ ਸ਼ਬਦ ਜੀਵਨ ਵਿੱਚ ਨਹੀਂ ਉਤਰਦਾ, ਤਦ ਤੱਕ ਗਿਆਨ ਸਿਰਫ਼ ਯਾਦ ਕੀਤੇ ਹੋਏ ਸ਼ਬਦਾਂ ਦਾ ਬੋਝ ਹੀ ਰਹਿੰਦਾ ਹੈ।
ਗੁਰੂ ਨਾਨਕ ਸਾਹਿਬ ਦਾ ਉਹ ਦਰਦ ਅੱਜ ਵੀ ਉਨ੍ਹਾਂ ਹੀ ਪ੍ਰਸੰਗਿਕ ਹੈ—
“ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥”
(ਅੰਗ 360)
ਇਹ ਸਵਾਲ ਕੇਵਲ ਬਾਬਰ ਨੂੰ ਨਹੀਂ, ਹਰ ਉਸ ਵਿਅਕਤੀ, ਹਰ ਉਸ ਹਕੂਮਤ ਅਤੇ ਹਰ ਉਸ ਸਮਾਜ ਨੂੰ ਹੈ ਜੋ ਅਨਿਆਂ ਦੇਖ ਕੇ ਵੀ ਚੁੱਪ ਰਹਿੰਦਾ ਹੈ।
ਅੱਜ ਵੀ ਸਵਾਲ ਉਹੀ ਹੈ—ਕੀ ਸਾਨੂੰ ਦੂਜੇ ਦਾ ਦਰਦ ਮਹਿਸੂਸ ਹੁੰਦਾ ਹੈ? ਕੀ ਅਸੀਂ ਕਿਰਤੀ, ਮਜ਼ਦੂਰ, ਦਲਿਤ, ਕਿਸਾਨ ਅਤੇ ਹਾਸ਼ੀਏ ‘ਤੇ ਖੜ੍ਹੇ ਮਨੁੱਖ ਨੂੰ ਆਪਣੇ ਵਰਗਾ ਮਨੁੱਖ ਸਮਝਦੇ ਹਾਂ? ਜੇ ਨਹੀਂ, ਤਾਂ ਸਾਡੀ ਤਰੱਕੀ ਅਧੂਰੀ ਹੈ।
ਬਰਾਬਰੀ ਕਿਸੇ ਦੀ ਖੈਰਾਤ ਨਹੀਂ, ਮਨੁੱਖ ਦਾ ਜਨਮ-ਸਿੱਧ ਅਧਿਕਾਰ ਹੈ। ਕਿਰਤੀ ਵਰਗ ਦੀ ਆਵਾਜ਼ ਵੀ ਉਸੇ ਵੇਲੇ ਮਜ਼ਬੂਤ ਹੋਵੇਗੀ, ਜਦੋਂ ਉਹ ਆਪਣੀ ਸੰਗਠਿਤ ਤਾਕਤ, ਜਾਗਰੂਕਤਾ ਅਤੇ ਲੋਕਤੰਤਰੀ ਸੰਘਰਸ਼ ਰਾਹੀਂ ਆਪਣੇ ਹੱਕਾਂ ਦੀ ਗੱਲ ਆਪ ਕਰੇਗਾ। ਇਹੀ ਸਮਾਜਿਕ ਨਿਆਂ ਦਾ ਰਾਹ ਹੈ ਅਤੇ ਇਹੀ ਮਨੁੱਖਤਾ ਦੀ ਅਸਲ ਕਸੌਟੀ ਵੀ।
– ਬੁੱਧ ਸਿੰਘ ਨੀਲੋਂ
9464370823












