PM ਮੋਦੀ ਨੇ ਜਤਾਇਆ ਦੁੱਖ
ਨਵੀ ਦਿੱਲੀ, 12 ਜੁਲਾਈ ,ਬੋਲੇ ਪੰਜਾਬ ਬਿਊਰੋ;
ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦਾ ਐਤਵਾਰ ਸਵੇਰੇ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਇਸ ਦੀ ਜਾਣਕਾਰੀ ਕਤਰ ਦੀ ਸਰਵਉੱਚ ਸਰਕਾਰੀ ਸੰਸਥਾ ਅਮੀਰੀ ਦੀਵਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਦਿੱਤੀ। ਅਮੀਰੀ ਦੀਵਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼ੇਖ ਹਮਦ ਨੇ ਐਤਵਾਰ ਸਵੇਰੇ ਆਖਰੀ ਸਾਹ ਲਏ। ਹਾਲਾਂਕਿ, ਉਨ੍ਹਾਂ ਦੇ ਦੇਹਾਂਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ।
ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ 1995 ਤੋਂ 2013 ਤੱਕ ਕਤਰ ਦੇ ਅਮੀਰ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕਤਰ ਨੇ ਆਰਥਿਕ ਅਤੇ ਕੂਟਨੀਤਕ ਪੱਧਰ ‘ਤੇ ਤੇਜ਼ੀ ਨਾਲ ਵਿਕਾਸ ਕੀਤਾ। ਸਾਲ 2013 ਵਿੱਚ ਉਨ੍ਹਾਂ ਨੇ ਸੱਤਾ ਆਪਣੇ ਪੁੱਤਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨੂੰ ਸੌਂਪ ਦਿੱਤੀ ਸੀ, ਜੋ ਮੌਜੂਦਾ ਸਮੇਂ ਵਿੱਚ ਕਤਰ ਦੇ ਅਮੀਰ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ ਉਨ੍ਹਾਂ ਕਿਹਾ ਕਿ “ਕਤਰ ਦੇ ਸਾਬਕਾ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ‘ਤੇ ਮੈਨੂੰ ਗਹਿਰਾ ਦੁੱਖ ਹੋਇਆ ਹੈ। ਉਹ ਇੱਕ ਦੂਰਅੰਦੇਸ਼ ਨੇਤਾ ਸਨ, ਜਿਨ੍ਹਾਂ ਨੇ ਕਤਰ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਾਇਆ। ਫਰਵਰੀ 2024 ਵਿੱਚ ਆਪਣੀ ਕਤਰ ਯਾਤਰਾ ਦੌਰਾਨ ਮੈਨੂੰ ਉਨ੍ਹਾਂ ਨੂੰ ਮਿਲਣ ਦਾ ਮਾਣ ਹਾਸਲ ਹੋਇਆ ਸੀ। ਮੈਂ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ, ਪੂਰੇ ਸ਼ਾਹੀ ਪਰਿਵਾਰ ਅਤੇ ਕਤਰ ਦੀ ਜਨਤਾ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ੇ।”












