17 ਜੁਲਾਈ ਨੂੰ ਕਾਲਾ ਦਿਵਸ ਜਿਲਾ/ ਤਹਿਸੀਲ ਕੇਂਦਰਾਂ ਤੇ ਪ੍ਰਦਰਸ਼ਨ ਅਤੇ 07 ਅਗਸਤ ਨੂੰ ਸੈਕਟਰ 39 , ਦਾਣਾ ਮੰਡੀ ਚੰਡੀਗੜ੍ਹ ਵਿਖੇ ਮਹਾਂ ਰੈਲੀ – ਸਾਂਝਾ ਫਰੰਟ , ਸਾਂਝਾ ਮੰਚ

ਪੰਜਾਬ

ਲੁਧਿਆਣਾ, 15 ਜੁਲਾਈ ,ਬੋਲੇ ਪੰਜਾਬ ਬਿਊਰੋ;

ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੀ ਅਹਿਮ ਮੀਟਿੰਗ ਸਾਥੀ ਭਜਨ ਸਿੰਘ ਗਿੱਲ ਅਤੇ ਸਾਥੀ ਗੁਰਨਾਮ ਸਿੰਘ ਬਿਰਕ ਦੀ ਸਾਂਝੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਰਿਸ਼ਦ ਕੰਪਲੈਕਸ ਵਿਖੇ ਹੋਈ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਆਗੂ ਸਤੀਸ਼ ਰਾਣਾ ਅਤੇ ਸੁਸ਼ੀਲ ਕੁਮਾਰ ਫੌਜੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਮਿਤੀ 20 ਜੂਨ 2026 ਨੂੰ ਪੈਨਸ਼ਨਰ ਭਵਨ, ਲੁਧਿਆਣਾ ਵਿਖੇ ਹੋਈ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਅਨੁਸਾਰ 24 ਜੂਨ ਨੂੰ ਖਜ਼ਾਨਾ ਦਫਤਰਾਂ ਅੱਗੇ ਕੀਤੇ ਰੋਸ ਪ੍ਰਦਰਸ਼ਨ ਅਤੇ 01 ਤੋਂ 11 ਜੁਲਾਈ ਤੱਕ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਜਬਰਦਸਤ ਘਿਰਾਓ ਕਰਕੇ ਦਿੱਤੇ ਚੇਤਾਵਨੀ ਪੱਤਰਾਂ ਦੇ ਐਕਸ਼ਨਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ।
ਆਗੂਆਂ ਆਖਿਆ ਕਿ 17 ਜੁਲਾਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਨੂੰ ਮੁੱਖ ਰੱਖਦਿਆਂ ਸੁਰੱਖਿਆ ਪ੍ਰਬੰਧਾਂ ਕਰਕੇ 17 ਜੁਲਾਈ 2026 ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਰਾਜ ਪੱਧਰੀ ਮਹਾਂਰੈਲੀ ਨੂੰ ਮੁਲਤਵੀ ਕਰਕੇ ਹੁਣ 07 ਅਗਸਤ 2026 ਨੂੰ ਦਾਣਾ ਮੰਡੀ ਸੈਕਟਰ 39 ਚੰਡੀਗੜ੍ਹ ਵਿਖੇ ਕਰਨ ਦਾ ਫੈਸਲਾ ਕੀਤਾ ਗਿਆ। ਆਗੂਆਂ ਆਖਿਆ ਕਿ ਹੁਣ 17 ਜੁਲਾਈ ਨੂੰ ਕਾਲੇ ਦਿਵਸ ਦੇ ਤੌਰ ਤੇ ਪੂਰੇ ਪੰਜਾਬ ਅੰਦਰ ਮਨਾਇਆ ਜਾਵੇਗਾ, ਕਿਉਂਕਿ 17 ਜੁਲਾਈ 2020 ਨੂੰ ਪੰਜਾਬ ਸਰਕਾਰ ਵਲੋਂ ਇਕ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਰਾਹੀਂ 17 ਜੁਲਾਈ 2020 ਤੋਂ ਭਾਰਤੀ ਹੋਣ ਵਾਲੇ ਮੁਲਾਜ਼ਮਾ ਤੇ ਜਬਰੀ ਕੇਂਦਰੀ ਤਨਖਾਹ ਸਕੇਲ ਥੋਪੇ ਗਏ ਹਨ। ਇਸ ਲਈ ਹੁਣ 17 ਜੁਲਾਈ ਨੂੰ ਸਮੁੱਚੇ ਪੰਜਾਬ ਅੰਦਰ ਇਸ ਪੱਤਰ ਦੀਆਂ ਕਾਪੀਆਂ ਫੂਕ ਕੇ ਇਸ ਦਿਨ ਨੂੰ ਕਾਲੇ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਆਗੂਆਂ ਅੱਗੇ ਆਖਿਆ ਕਿ ਇਹ 07 ਅਗਸਤ ਦੀ ਮਹਾਂਰੈਲੀ ਰੈਲੀ 18% ਮਹਿੰਗਾਈ ਭੱਤਾ ਜਾਰੀ ਕਰਾਉਣ, ਪੈਨਸ਼ਨਰਾਂ ਤੇ 2.59 ਗੁਣਾਂਕ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ, ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਾਉਣ ਅਤੇ ਮਾਣ ਭੱਤਾ/ ਇਨਸੈਂਟਿਵ (ਆਸ਼ਾ, ਮਿਡ ਡੇ ਮੀਲ, ਆਗਣਵਾੜੀ) ਮੁਲਾਜ਼ਮਾ ਤੇ ਘੱਟੋ ਘੱਟ ਤਨਖਾਹ ਸਕੇਲ ਲਾਗੂ ਕਰਾਉਣ, ਪ੍ਰੋਵੇਸ਼ਨਲ ਪੀਰੀਅਡ ਪੂਰੀ ਤਨਖਾਹ ਸਮੇਤ ਇਕ ਸਾਲ ਕਰਵਾਉਣ, ਕੇਂਦਰੀ ਤਨਖਾਹ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰਵਾਉਣ, ਬੰਦ ਕੀਤੇ ਭੱਤੇ ਸੋਧ ਕੇ ਬਹਾਲ ਕਰਾਉਣ, ਅਤੇ 200 ਰੁਪਏ ਜਜ਼ੀਆ ਟੈਕਸ ਖਤਮ ਕਰਵਾਉਣ ਲਈ ਕੀਤੀ ਜਾ ਰਹੀ ਹੈ।
ਅੱਜ ਦੀ ਮੀਟਿੰਗ ਦੌਰਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਵੱਲੋਂ 07 ਅਗਸਤ ਦੀ ਮਹਾਂਰੈਲੀ ਤੱਕ ਕੋਈ ਸਬਕ ਨਾ ਸਿੱਖਿਆ ਤਾਂ ਇਸੇ ਮਹਾਂਰੈਲੀ ਦੌਰਾਨ ਮੁਕੰਮਲ ਹੜਤਾਲ ਦਾ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਇੱਕ ਮਤੇ ਰਾਹੀਂ 08 ਜੁਲਾਈ ਤੋਂ ਸਫਾਈ ਸੇਵਕ ਕਰਮਚਾਰੀਆਂ ਦੀ ਚਲ ਰਹੀ ਹੜਤਾਲ, 21-22 ਜੁਲਾਈ ਨੂੰ ਬਿਜਲੀ ਮੁਲਾਜ਼ਮਾਂ ਦੀ ਹੋ ਰਹੀ ਦੋ ਦਿਨਾਂ ਹੜਤਾਲ, 29 ਜੁਲਾਈ ਨੂੰ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਸੰਗਰੂਰ ਵਿਖੇ ਕੀਤੀ ਜਾ ਰਹੀ ਰੈਲੀ ਅਤੇ 23 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਵੱਲੋਂ ਮੁੱਖ ਮੰਤਰੀ ਦੇ ਪਿੰਡ ਸਤੋਜ ਵਿਖੇ ਕੀਤੀ ਜਾ ਰਹੀ ਰੈਲੀ ਦਾ ਪੂਰਨ ਸਮਰਥਨ ਕੀਤਾ ਅਤੇ ਆਗੂ ਸਾਥੀਆਂ ਨੂੰ ਇਹਨਾਂ ਐਕਸ਼ਨਾਂ ਵਿੱਚ ਸਾਥੀਆਂ ਸਮੇਤ ਸ਼ਾਮਿਲ ਹੋਣ ਲਈ ਅਪੀਲ ਕੀਤੀ। ਮੀਟਿੰਗ ਵਿੱਚ ਉਕਤ ਆਗੂਆਂ ਤੋਂ ਇਲਾਵਾ ਜਰਮਨਜੀਤ ਸਿੰਘ, ਬਚਿੱਤਰ ਸਿੰਘ, ਸੁਖਦੇਵ ਸਿੰਘ ਸੈਣੀ, ਖੁਸ਼ਵਿੰਦਰ ਸਿੰਘ ਕਪਲਾ ਰਕੇਸ਼ ਸ਼ਰਮਾ, ਰਜਿੰਦਰ ਪਾਲ ਸਿੰਘ ਪੰਨੂ ,ਮਨਜੀਤ ਸਿੰਘ ਸੈਣੀ, ਧਰਮਜੀਤ ਸਿੰਘ ਢਿੱਲੋ, ਸੁਰਿੰਦਰ ਕੁਮਾਰ ਪੁਆਰੀ, ਅਮਿਤ ਕਟੋਚ, ਦਿਗਵਿਜੇ ਪਾਲ ਸ਼ਰਮਾ, ਧਰਮਜੀਤ ਸਿੰਘ ਸਿੱਧੂ , ਰਾਧੇ ਸ਼ਾਮ, ਹਰਨੇਕ ਸਿੰਘ , ਜਸਵੀਰ ਤਲਵਾੜਾ, ਬਲਵਿੰਦਰ ਸਿੰਘ ਧਾਲੀਵਾਲ, ਸੁਰਿੰਦਰ ਰਾਮ ਕੁੱਸਾ, ਗੁਰਚਰਨ ਸਿੰਘ ਹੀਰਾ, ਸੋਮ ਸਿੰਘ, ਜਸਵਿੰਦਰ ਸਿੰਘ, ਕੁਲਜੀਤ ਸਿੰਘ ਭੁੱਲਰ, ਸਾਹਿਲ ਸ਼ਰਮਾ, ਕੁਲਵਿੰਦਰ ਸਿੰਘ ਢਿੱਲੋ, ਪ੍ਰਗਟ ਸਿੰਘ, ਕਰਮਜੀਤ ਸਿੰਘ ਬੀਹਲਾ, ਨਿਰਮਲ ਸਿੰਘ ਲਲਤੋਂ, ਬੋਬਿੰਦਰ ਸਿੰਘ, ਗੁਰਪ੍ਰੀਤ ਸਿੰਘ ਖਟੜਾ , ਅਮਰਜੀਤ ਕੌਰ ਰਣਸਿੰਘ ਵਾਲਾ , ਜਗਜੀਤ ਪਨੇਸਰ, ਹਰਪਾਲ ਸਿੰਘ, ਕੁਲਵੀਰ ਸਿੰਘ ਬੈਨੀਪਾਲ ਆਦਿ ਆਗੂ ਸ਼ਾਮਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।