ਅੰਮ੍ਰਿਤਸਰ, 16 ਜੁਲਾਈ, ਬੋਲੇ ਪੰਜਾਬ ਬਿਊਰੋ :
ਅੰਮ੍ਰਿਤਸਰ ਦੇ ਮਜੀਠਾ ਕਸਬੇ ਵਿੱਚ ਇੱਕ ਨੌਜਵਾਨ ਨੇ ਪੈਟਰੋਲ ਪਾ ਕੇ ਖੁਦਕੁਸ਼ੀ ਕਰ ਲਈ। ਇਸ ਦੌਰਾਨ ਇੱਕ ਲੜਕੀ ਅਤੇ ਉਸਦਾ ਚਚੇਰਾ ਭਰਾ ਬੁਰੀ ਤਰ੍ਹਾਂ ਝੁਲਸ ਗਏ; ਦੋਵੇਂ ਇਸ ਸਮੇਂ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਸੰਦੀਪ ਸਿੰਘ ਪਹਿਲਾਂ ਹੀ ਵਿਆਹਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸਦੇ ਕੁਝ ਸਮੇਂ ਤੋਂ ਉਸ ਕੁੜੀ ਨਾਲ ਪ੍ਰੇਮ ਸਬੰਧ ਸਨ, ਪਰ ਉਸਨੇ ਹਾਲ ਹੀ ਵਿੱਚ ਉਸ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਨਾਰਾਜ਼ ਹੋ ਕੇ, ਸੰਦੀਪ ਸਿੰਘ ਉਸਨੂੰ ਮਿਲਣ ਲਈ ਮਜੀਠਾ ਗਿਆ।ਉਨ੍ਹਾਂ ਦੀ ਗੱਲਬਾਤ ਦੌਰਾਨ ਬਹਿਸ ਹੋ ਗਈ। ਝਗੜੇ ਦੌਰਾਨ, ਸੰਦੀਪ ਸਿੰਘ ਨੇ ਆਪਣੇ ਮੋਟਰਸਾਈਕਲ ‘ਚੋਂ ਪੈਟਰੋਲ ਕੱਢਿਆ ਤੇ ਆਪਣੇ ਉੱਤੇ ਸੁੱਟ ਲਿਆ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ। ਫਿਰ ਉਸਨੇ ਲੜਕੀ ਨੂੰ ਫੜ ਲਿਆ, ਜਿਸ ਕਾਰਨ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਈ। ਉਸਦਾ ਚਚੇਰਾ ਭਰਾ ਉਸਨੂੰ ਬਚਾਉਣ ਲਈ ਮੌਕੇ ‘ਤੇ ਪਹੁੰਚਿਆ ਪਰ ਉਹ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਗੰਭੀਰ ਰੂਪ ਵਿੱਚ ਝੁਲਸ ਗਿਆ। ਰਾਹਗੀਰਾਂ ਨੇ ਤੁਰੰਤ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ।
ਸੰਦੀਪ ਸਿੰਘ ਇਲਾਜ ਦੌਰਾਨ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਦਮ ਤੋੜ ਗਿਆ, ਜਦੋਂ ਕਿ ਲੜਕੀ ਅਤੇ ਉਸਦਾ ਚਚੇਰਾ ਭਰਾ ਹਸਪਤਾਲ ਵਿੱਚ ਦਾਖਲ ਹਨ। ਡਾਕਟਰ ਉਨ੍ਹਾਂ ਦੀ ਹਾਲਤ ‘ਤੇ ਨਜ਼ਰ ਰੱਖ ਰਹੇ ਹਨ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।











